ਇਸਲਾਮਾਬਾਦ : ਬਿ੍ਰਟਿਸ਼ ਵਿਦੇਸ਼ ਮੰਤਰੀ ਡੇਵਿਡ ਲੈਮੀ ਨੇ ਕਿਹਾ ਹੈ ਕਿ ਉਨ੍ਹਾ ਦਾ ਦੇਸ਼ ਭਾਰਤ ਤੇ ਪਾਕਿਸਤਾਨ ਵਿਚਾਲੇ ਗੋਲੀਬੰਦੀ ਨੂੰ ਹੰਢਣਸਾਰ ਬਣਾਉਣ ਅਤੇ ਗੱਲਬਾਤ ਸ਼ੁਰੂ ਕਰਾਉਣ ਤੇ ਵਿਸ਼ਵਾਸ-ਬੰਨ੍ਹਾਊ ਕਦਮਾਂ ਲਈ ਅਮਰੀਕਾ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾ ‘ਸਾਰੀਆਂ ਧਿਰਾਂ’ ਨੂੰ ਸਿੰਧ ਜਲ ਸਮਝੌਤੇ ਤਹਿਤ ਆਪਣੇ ਇਕਰਾਰਾਂ ’ਤੇ ਪੂਰੇ ਉਤਰਨ ’ਤੇ ਵੀ ਜ਼ੋਰ ਦਿੱਤਾ ਹੈ। ਭਾਰਤ ਨੇ ਪਹਿਲਗਾਮ ਵਿੱਚ ਸੈਲਾਨੀਆਂ ਦੇ ਕਤਲੇਆਮ ਤੋਂ ਬਾਅਦ 1960 ਦੀ ਸਿੰਧ ਜਲ ਸੰਧੀ ਮੁਅੱਤਲ ਕਰ ਦਿੱਤੀ ਸੀ। ਇਸ ਸੰਧੀ ਤਹਿਤ ਮਿਲਣ ਵਾਲੇ ਪਾਣੀ ’ਤੇ ਪਾਕਿਸਤਾਨੀ ਕਿਸਾਨ ਬਹੁਤ ਨਿਰਭਰ ਕਰਦੇ ਹਨ। ਪਾਕਿਸਤਾਨ ਦੇ ਦੋ ਦਿਨਾ ਦੌਰੇ ਦੇ ਅੰਤ ’ਤੇ ਲੈਮੀ ਨੇ ਕਿਹਾ ਕਿ ਉਹ ਦਹਿਸ਼ਤਗਰਦੀ ਦਾ ਟਾਕਰਾ ਕਰਨ ਲਈ ਪਾਕਿਸਤਾਨ ਨਾਲ ਮਿਲ ਕੇ ਚੱਲਣਾ ਜਾਰੀ ਰੱਖਣਗੇ। ਦਹਿਸ਼ਤਗਰਦੀ ਪਾਕਿਸਤਾਨ, ਇਸ ਦੇ ਲੋਕਾਂ ਤੇ ਖਿੱਤੇ ’ਤੇ ਭਿਆਨਕ ਧੱਬਾ ਹੈ। ਉਨ੍ਹਾ ਕਿਹਾ ਕਿ ਪਾਕਿਸਤਾਨ ਤੇ ਭਾਰਤ ਵਿਚਾਲੇ ਗੱਲਬਾਤ ਕਾਫੀ ਚਿਰ ਤੋਂ ਨਹੀਂ ਹੋਈ ਤੇ ਉਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਇਨ੍ਹਾਂ ਵਿਚਾਲੇ ਟਕਰਾਅ ਨਾ ਵਧੇ।
ਲੈਮੀ ਨੇ ਇਹ ਬਿਆਨ ਉਦੋਂ ਦਿੱਤਾ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾ ਦੋਹਾਂ ਦੇਸ਼ਾਂ ਨੂੰ ਅਮਰੀਕਾ ਨਾਲ ਵਪਾਰ ਦੀ ਪੇਸ਼ਕਸ਼ ਕਰਕੇ ਪ੍ਰਮਾਣੂ ਲੜਾਈ ਤੋਂ ਰੋਕਿਆ।


