ਸਰਕਾਰ ਨੇ ਕਾਂਗਰਸ ਵੱਲੋਂ ਦਿੱਤੇ ਨਾਵਾਂ ਦੀ ਥਾਂ ਆਪਣੇ ਕਾਂਗਰਸੀ ਪਾ ਲਏ

0
102

ਨਵੀਂ ਦਿੱਲੀ : ‘ਅਪ੍ਰੇਸ਼ਨ ਸਿੰਧੂਰ’ ਮਗਰੋਂ ਕੂਟਨੀਤਕ ਮੁਹਿੰਮ ਵਜੋਂ ਆਲਮੀ ਮੰਚਾਂ ’ਤੇ ਭਾਰਤ ਦੇ ਪੱਖ ਨੂੰ ਮਜ਼ਬੂਤੀ ਨਾਲ ਰੱਖਣ ਤੇ ਪਾਕਿਸਤਾਨ ਵੱਲੋਂ ਦਹਿਸ਼ਤਗਰਦੀ ਦੀ ਪੁਸ਼ਤਪਨਾਹੀ ਤੋਂ ਪਰਦਾ ਚੁੱਕਣ ਦੇ ਇਰਾਦੇ ਨਾਲ ਅਗਲੇ ਹਫਤੇ ਤੋਂ ਵੱਖ-ਵੱਖ ਮੁਲਕਾਂ ਲਈ ਸਰਬ ਪਾਰਟੀ ਵਫਦ ਭੇਜਣ ਦੇ ਸਰਕਾਰ ਦੇ ਫੈਸਲੇ ਮਗਰੋਂ ਸੰਸਦ ਮੈਂਬਰਾਂ ਦੀ ਚੋਣ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਕਾਂਗਰਸ ਪਾਰਟੀ ਵੱਲੋਂ ਭੇਜੀ ਗਈ ਸੂਚੀ ਵਿੱਚ ਨਾਂਅ ਨਾ ਹੋਣ ਦੇ ਬਾਵਜੂਦ ਸ਼ਸ਼ੀ ਥਰੂਰ ਨੇ ਸਰਕਾਰ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ ਤੇ ਸੱਤ ਵਫਦਾਂ ਵਿੱਚੋਂ ਇਕ ਦੀ ਅਗਵਾਈ ਕਰਨ ਲਈ ਤਿਆਰ ਹੋ ਗਏ ਹਨ। ਉਧਰ ਐੱਨ ਸੀ ਪੀ ਦੀ ਸੰਸਦ ਮੈਂਬਰ ਸੁਪਿ੍ਰਆ ਸੂਲੇ ਨੇ ਵੀ ਸੱਦਾ ਪ੍ਰਵਾਨ ਕਰ ਲਿਆ ਹੈ।
ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਨੇ ਜਿਵੇਂ ਹੀ ਸਰਬ ਪਾਰਟੀ ਪ੍ਰਚਾਰ ਮੁਹਿੰਮ ਦੇ ਖਰੜੇ ਦਾ ਐਲਾਨ ਕੀਤਾ ਤਾਂ ਥਰੂਰ ਨੇ ਫੌਰੀ ਸਰਕਾਰ ਦੇ ਸੱਦੇ ਨੂੰ ਐੱਕਸ ’ਤੇ ਸਵੀਕਾਰ ਕਰਦਿਆਂ ਲਿਖਿਆ, ‘ਮੈਨੂੰ ਭਾਰਤ ਸਰਕਾਰ ਵੱਲੋਂ ਪੰਜ ਪ੍ਰਮੁੱਖ ਦੇਸ਼ਾਂ ਵਿੱਚ ਸਰਬ ਪਾਰਟੀ ਵਫਦ ਦੀ ਅਗਵਾਈ ਕਰਨ ਦਾ ਸਨਮਾਨ ਮਿਲਿਆ ਹੈ, ਤਾਂ ਕਿ ਹਾਲੀਆ ਘਟਨਾਵਾਂ ’ਤੇ ਸਾਡੇ ਦੇੇਸ਼ ਦਾ ਪੱਖ ਰੱਖਿਆ ਜਾ ਸਕੇ। ਜਦੋਂ ਗੱਲ ਦੇਸ਼ ਹਿੱਤ ਦੀ ਹੋਵੇ ਤੇ ਮੇਰੀਆਂ ਸੇਵਾਵਾਂ ਦੀ ਲੋੜ ਹੋਵੇ ਤਾਂ ਮੈਂ ਪਿੱਛੇ ਨਹੀਂ ਹਟਾਂਗਾ। ਜੈ ਹਿੰਦ!’
ਕਾਂਗਰਸ ਵੱਲੋਂ ਸੁਝਾਏ ਗਏ ਚਾਰ ਨਾਵਾਂ ’ਚ ਥਰੂਰ ਦਾ ਨਾਂਅ ਨਹੀਂ ਸੀ। ਕਾਂਗਰਸ ਦੀ ਸੂਚੀ ’ਚ ਆਨੰਦ ਸ਼ਰਮਾ, ਗੌਰਵ ਗੋਗੋਈ, ਸੱਯਦ ਨਾਸਿਰ ਹੁਸੈਨ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਂਅ ਸਨ।
ਸੂਤਰਾਂ ਅਨੁਸਾਰ ਸਰਕਾਰ ਤੇ ਕਾਂਗਰਸ ਦਰਮਿਆਨ ਹੋਈ ਗੱਲਬਾਤ ਤੋਂ ਪਹਿਲਾਂ ਥਰੂਰ, ਮਨੀਸ਼ ਤਿਵਾੜੀ, ਸਲਮਾਨ ਖੁਰਸ਼ੀਦ ਤੇ ਅਮਰ ਸਿੰਘ ਦੇ ਨਾਵਾਂ ’ਤੇ ਚਰਚਾ ਹੋਈ ਸੀ। ਮਨੀਸ਼ ਤਿਵਾੜੀ ਤੇ ਸਲਮਾਨ ਖੁਰਸ਼ੀਦ ਨੇ ਦੋ ਵਫਦਾਂ ਦੀ ਅਗਵਾਈ ਕਰਨੀ ਸੀ, ਪਰ ਕਾਂਗਰਸ ਨੇ ਅੰਤਮ ਸੂਚੀ ਵਿੱਚ ਉਨ੍ਹਾਂ ਨੂੰ ਸ਼ਾਮਲ ਨਹੀਂ ਕੀਤਾ। ਸਰਕਾਰ ਨੇ ਕਾਂਗਰਸ ਵੱਲੋਂ ਸੁਝਾਏ ਨਾਵਾਂ ਵਿੱਚੋਂ ਕਿਸੇ ਨੂੰ ਨਹੀਂ ਪਾਇਆ, ਸਗੋਂ ਕਾਂਗਰਸ ਤਰਫੋਂ ਥਰੂਰ, ਤਿਵਾੜੀ, ਖੁਰਸ਼ੀਦ ਤੇ ਅਮਰ ਸਿੰਘ ਦੇ ਨਾਂਅ ਪਾਏ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘ਜਦੋਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਸਾਨੂੰ ਸੱਦਿਆ ਸੀ ਤਾਂ ਉਦੋਂ ਸਾਨੂੰ ਇਹ ਨਹੀਂ ਪਤਾ ਸੀ ਕਿ ਸਰਕਾਰ ਨਾਮਜ਼ਦ ਮੈਂਬਰਾਂ ਦੀ ਆਪਣੀ ਹੀ ਸੂਚੀ ਜਾਰੀ ਕਰ ਦੇਵੇਗੀ। ਸਾਡੇ ਕੋਲੋਂ ਚਾਰ ਨਾਂਅ ਮੰਗੇ ਗਏ ਸਨ, ਜੋ ਅਸੀਂ ਦੇ ਦਿੱਤੇ। ਇਨ੍ਹਾਂ ਨਾਵਾਂ ’ਚੋਂ ਬਾਹਰਲੇ ਨਾਂਅ ਐਲਾਨਣੇ ਸਰਾਸਰ ਬੇਈਮਾਨੀ ਤੇ ਧਿਆਨ ਭਟਕਾਉਣ ਵਾਲੀ ਗੱਲ ਹੈ।’ ਰਮੇਸ਼ ਨੇ ਕਿਹਾ ਕਿ ਪਾਰਟੀ ਆਪਣੇ ਵੱਲੋਂ ਦਿੱਤੇ ਨਾਵਾਂ ਨੂੰ ਨਹੀਂ ਬਦਲੇਗੀ। ਥਰੂਰ ਵੱਲੋਂ ਸੱਦਾ ਸਵੀਕਾਰ ਕੀਤੇ ਜਾਣ ਮਗਰੋਂ ਬਣੇ ਹਾਲਾਤ ਬਾਰੇ ਪੁੱਛੇ ਜਾਣ ’ਤੇ ਜੈਰਾਮ ਨੇ ਕਿਹਾ, ‘ਸਾਨੂੰ ਨਹੀਂ ਪਤਾ ਕਿ ਹੁਣ ਕੀ ਹੋਵੇਗਾ। ਇਹ ਸਰਕਾਰ ’ਤੇ ਨਿਰਭਰ ਕਰਦਾ ਹੈ ਕਿ ਉਹ ਫੈਸਲਾ ਕਰੇ। ਅਸੀਂ ਕੀ ਕਰ ਸਕਦੇ ਹਾਂ? ਅਸੀਂ ਆਪਣੇ ਧਰਮ ਦੀ ਪਾਲਣਾ ਕੀਤੀ। ਸਰਕਾਰ ਦੇ ਇਰਾਦੇ ਬੇਈਮਾਨ ਹਨ।’ ਥਰੂਰ ਦੀ ਕਾਰਵਾਈ ਨੂੰ ਅਨੁਸ਼ਾਸਨਹੀਣਤਾ ਵਜੋਂ ਲੈਣ ਬਾਰੇ ਸਵਾਲ ਦੇ ਜਵਾਬ ਵਿਚ ਜੈਰਾਮ ਨੇ ਕਿਹਾ, ‘ਮੈਂ ਸਿਰਫ ਇਹੀ ਕਹਾਂਗਾ ਕਿ ਕਾਂਗਰਸ ਵਿੱਚ ਹੋਣ ਅਤੇ ਕਾਂਗਰਸ ਦਾ ਹੋਣ ਵਿੱਚ ਫਰਕ ਹੈ।’ ਵਫਦਾਂ ਦੀ ਅਗਵਾਈ ਜਿਨ੍ਹਾਂ ਨੂੰ ਸੌਂਪੀ ਗਈ ਹੈ, ਉਨ੍ਹਾਂ ਵਿੱਚ ਸ਼ਸ਼ੀ ਥਰੂਰ (ਕਾਂਗਰਸ), ਰਵੀ ਸ਼ੰਕਰ ਪ੍ਰਸਾਦ (ਭਾਜਪਾ), ਸੰਜੈ ਕੁਮਾਰ ਝਾਅ (ਜੇ ਡੀ ਯੂ), ਬੈਜਯੰਤ ਪਾਂਡਾ (ਭਾਜਪਾ), ਕਨੀਮੋਈ ਕਰੁਣਾਨਿਧੀ (ਡੀ ਐੱਮ ਕੇ), ਸੁਪਿ੍ਰਆ ਸੂਲੇ (ਐੱਨ ਸੀ ਪੀ) ਤੇ ਸ੍ਰੀਕਾਂਤ ਏਕਨਾਥ ਸ਼ਿੰਦੇ (ਸ਼ਿਵ ਸੈਨਾ) ਸ਼ਾਮਲ ਹਨ।