ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਹੈ ਕਿ ਪਾਕਿਸਤਾਨ ਤੇ ਭਾਰਤ ਨੂੰ ਅਮਨਪਸੰਦ ਗੁਆਂਢੀਆਂ ਵਾਂਗ ਮੇਜ਼ ’ਤੇ ਬੈਠ ਕੇ ਕਸ਼ਮੀਰ ਸਣੇ ਆਪਣੇ ਸਾਰੇ ਬਕਾਇਆ ਮੁੱਦੇ ਸੁਲਝਾਉਣੇ ਚਾਹੀਦੇ ਹਨ।ਪਾਕਿਸਤਾਨ ਨੇ ਸ਼ੁੱਕਰਵਾਰ ਆਪਣੀ ਫੌਜ ਦੇ ਸਨਮਾਨ ਵਿੱਚ ‘ਯੌਮ-ਏ-ਤਸ਼ੱਕੁਰ’ (ਧੰਨਵਾਦ ਦਾ ਦਿਨ) ਮਨਾਇਆ। ਇੱਥੇ ਪਾਕਿਸਤਾਨ ਮੈਮੋਰੀਅਲ ਵਿੱਚ ਆਯੋਜਿਤ ‘ਯੌਮ-ਏ-ਤਸ਼ੱਕੁਰ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ਼ਾਹਬਾਜ਼ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੇ ਤਿੰਨ ਜੰਗਾਂ ਲੜੀਆਂ ਅਤੇ ਉਨ੍ਹਾਂ ਤੋਂ ਕੁਝ ਵੀ ਹਾਸਲ ਨਹੀਂ ਕੀਤਾ। ਸ਼ਾਹਬਾਜ਼ ਨੇ ਕਿਹਾ, ‘ਸਬਕ ਇਹ ਹੈ ਕਿ ਸ਼ਾਂਤੀਪੂਰਨ ਗੁਆਂਢੀਆਂ ਵਾਂਗ ਦੋਵਾਂ ਦੇਸ਼ਾਂ ਨੂੰ ਇਕੱਠੇ ਬੈਠ ਕੇ ਜੰਮੂ-ਕਸ਼ਮੀਰ ਸਮੇਤ ਸਾਰੇ ਹੱਲ ਹੋਣੇ ਰਹਿੰਦੇ ਮੁੱਦਿਆਂ ਨੂੰ ਹੱਲ ਕਰਨਾ ਚਾਹੀਦਾ ਹੈ। ਇਨ੍ਹਾਂ ਮੁੱਦਿਆਂ ਨੂੰ ਹੱਲ ਕੀਤੇ ਬਿਨਾਂ ਅਸੀਂ ਦੁਨੀਆ ਦੇ ਇਸ ਹਿੱਸੇ ਵਿੱਚ ਸ਼ਾਂਤੀ ਨਹੀਂ ਲਿਆ ਸਕਦੇ।’
ਸ਼ਾਹਬਾਜ਼ ਨੇ ਕਿਹਾ, ‘‘ਜੇ ਸ਼ਾਂਤੀ ਹੁੰਦੀ ਹੈ, ਤਾਂ ਅਸੀਂ ਦਹਿਸ਼ਤਗਰਦੀ ਵਿਰੁੱਧ ਲੜਾਈ ਵਿੱਚ ਵੀ ਸਹਿਯੋਗ ਕਰ ਸਕਦੇ ਹਾਂ।’ ਪ੍ਰਧਾਨ ਮੰਤਰੀ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸਨ, ਜਿਸ ਵਿੱਚ ਉੱਚ ਫੌਜੀ ਅਧਿਕਾਰੀ ਵੀ ਸ਼ਾਮਲ ਹੋਏ। ਉਧਰ, ਭਾਰਤ ਸਪੱਸ਼ਟ ਕਰ ਚੁੱਕਾ ਹੈ ਕਿ ਉਹ ਪਾਕਿਸਤਾਨ ਨਾਲ ਸਿਰਫ ਮਕਬੂਜ਼ਾ ਕਸ਼ਮੀਰ ਦੀ ਵਾਪਸੀ ਅਤੇ ਦਹਿਸ਼ਤਗਰਦੀ ਦੇ ਮੁੱਦੇ ’ਤੇ ਗੱਲਬਾਤ ਕਰੇਗਾ। ਇਸੇ ਦੌਰਾਨ ਭਾਜਪਾ ਆਗੂ ਅਮਿਤ ਮਾਲਵੀਆ ਨੇ ਆਪਣੇ ਐੱਕਸ ਅਕਾਊਂਟ ’ਤੇ ਇੱਕ ਵੀਡੀਓ ਪੋਸਟ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਰੀਫ਼ ਨੇ ਮੰਨਿਆ ਹੈ ਕਿ 10 ਮਈ ਨੂੰ ਤੜਕੇ ਭਾਰਤੀ ਮਿਜ਼ਾਈਲਾਂ ਨੇ ਪਾਕਿਸਤਾਨ ਦੇ ਕਈ ਖੇਤਰਾਂ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਇਸਲਾਮਾਬਾਦ ਨੇੜੇ ਸਥਿਤ ਨੂਰ ਖ਼ਾਨ ਏਅਰਬੇਸ ਵੀ ਸ਼ਾਮਲ ਹੈ। ਅਮਿਤ ਮਾਲਵੀਆ ਨੇ ਆਪਣੀ ਪੋਸਟ ਵਿੱਚ ਲਿਖਿਆ, ‘ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਖੁਦ ਮੰਨਿਆ ਹੈ ਕਿ ਜਨਰਲ ਆਸਿਮ ਮੁਨੀਰ ਨੇ ਉਨ੍ਹਾ ਨੂੰ ਰਾਤੀਂ 2:30 ਵਜੇ ਫੋਨ ਕੀਤਾ। ਮੁਨੀਰ ਨੇ ਦੱਸਿਆ ਕਿ ਭਾਰਤ ਨੇ ਨੂਰ ਖ਼ਾਨ ਬੇਸ ਤੇ ਕਈ ਹੋਰਨਾਂ ਟਿਕਾਣਿਆਂ ’ਤੇ ਬੰਬਾਰੀ ਕੀਤੀ ਹੈ। ਇਸ ਨੂੰ ਸਮਝੋ : ਪ੍ਰਧਾਨ ਮੰਤਰੀ ਨੂੰ ਅੱਧੀ ਰਾਤ ਨੂੰ ਪਾਕਿਸਤਾਨ ਅੰਦਰ ਹਮਲਿਆਂ ਦੀ ਖਬਰ ਨਾਲ ਜਗਾਇਆ ਗਿਆ।



