ਹਰਿਆਣਾ ਦੀ ਯੂਟਿਊਬਰ ਜਾਸੂਸੀ ’ਚ ਗਿ੍ਰਫਤਾਰ

0
90

ਹਿਸਾਰ : ਪੁਲਸ ਨੇ ਇੱਕ ਟਰੈਵਲ ਬਲੌਗਰ ਤੇ ਹਿਸਾਰ ਕਸਬੇ ਦੀ ਰਹਿਣ ਵਾਲੀ ਯੂਟਿਊਬਰ ਜੋਤੀ ਮਲਹੋਤਰਾ ਨੂੰ ਕਥਿਤ ਤੌਰ ’ਤੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਗਿ੍ਰਫਤਾਰ ਕੀਤਾ ਹੈ। ਕੇਂਦਰੀ ਖੁਫੀਆ ਏਜੰਸੀ ਤੋਂ ਪ੍ਰਾਪਤ ਜਾਣਕਾਰੀ ਅਤੇ ਹਿਸਾਰ ਪੁਲਸ ਦੇ ਸੀ ਆਈ ਏ ਸਟਾਫ ਵੱਲੋਂ ਕੀਤੀ ਗਈ ਪੁੱਛ-ਪੜਤਾਲ ਤੋਂ ਬਾਅਦ ਜੋਤੀ ਨੂੰ ਨਿਊ ਅਗਰਸੈਨ ਐਕਸਟੈਂਸ਼ਨ ਸਥਿਤ ਉਸ ਦੇ ਘਰ ਤੋਂ ਗਿ੍ਰਫਤਾਰ ਕਰ ਲਿਆ ਗਿਆ।
ਹਿਸਾਰ ਸਿਵਲ ਲਾਈਨਜ਼ ਪੁਲਸ ਸਟੇਸ਼ਨ ਵਿੱਚ ਦਰਜ ਐੱਫ ਆਈ ਆਰ ਅਨੁਸਾਰ ਜੋਤੀ ‘ਟਰੈਵਲ ਵਿੱਦ ਜੋ’ ਨਾਂਅ ਹੇਠ ਇੱਕ ਯੂਟਿਊਬ ਟਰੈਵਲ ਚੈਨਲ ਚਲਾਉਂਦੀ ਹੈ। ਉਸ ਨੇ 2023 ਵਿੱਚ ਪਾਕਿਸਤਾਨ ਦੀ ਆਪਣੀ ਯਾਤਰਾ ਦੌਰਾਨ ਪਾਕਿਸਤਾਨੀ ਨਾਗਰਿਕਾਂ ਅਤੇ ਖੁਫੀਆ ਏਜੰਸੀਆਂ ਨਾਲ ਸੰਪਰਕ ਬਣਾਏ ਸਨ। ਐੱਫ ਆਈ ਆਰ ਅਨੁਸਾਰ ਜੋਤੀ ਮਲਹੋਤਰਾ ਨੇ ਖੁਲਾਸਾ ਕੀਤਾ ਕਿ ਉਹ ਸ਼ੁਰੂ ਵਿੱਚ ਵੀਜ਼ਾ ਲਈ ਅਰਜ਼ੀ ਦੇਣ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਗਈ ਸੀ, ਜਿੱਥੇ ਉਹ ਅਹਿਸਾਨ ਉਰ ਰਹੀਮ ਉਰਫ ਦਾਨਿਸ਼ ਨੂੰ ਮਿਲੀ। ਮੁਲਾਕਾਤ ਮਗਰੋਂ ਉਹ ਉਸ ਦੇ ਸੰਪਰਕ ਵਿੱਚ ਰਹੀ ਅਤੇ ਬਾਅਦ ਵਿੱਚ ਦੋ ਵਾਰ ਪਾਕਿਸਤਾਨ ਗਈ। ਆਪਣੀਆਂ ਪਾਕਿਸਤਾਨੀ ਫੇਰੀਆਂ ਦੌਰਾਨ ਉਹ ਅਲੀ ਅਹਵਾਨ ਨਾਂਅ ਦੇ ਇੱਕ ਵਿਅਕਤੀ ਨੂੰ ਮਿਲੀ, ਜਿਸ ਨੇ ਉਸ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਅਤੇ ਪਾਕਿਸਤਾਨ ਦੀਆਂ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੁਲਾਕਾਤਾਂ ਦਾ ਪ੍ਰਬੰਧ ਕਰਵਾਇਆ। ਐੱਫ ਆਈ ਆਰ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮ ਜੋਤੀ ਦੋ ਹੋਰ ਵਿਅਕਤੀਆਂ ਨੂੰ ਵੀ ਮਿਲੀ, ਜਿਨ੍ਹਾਂ ਦੀ ਪਛਾਣ ਸ਼ਾਕਿਰ ਅਤੇ ਰਾਣਾ ਸ਼ਾਹਬਾਜ਼ ਵਜੋਂ ਕੀਤੀ ਗਈ ਹੈ। ਭਾਰਤ ਵਾਪਸ ਆਉਣ ’ਤੇ ਉਹ ਵ੍ਹਟਸਐਪ, ਸਨੈਪਚੈਟ ਤੇ ਟੈਲੀਗਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਉਨ੍ਹਾਂ ਦੇ ਸੰਪਰਕ ਵਿੱਚ ਰਹੀ। ਜੋਤੀ ਵਿਰੁੱਧ ਉਨ੍ਹਾਂ ਨਾਲ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਦਾ ਦੋਸ਼ ਹੈ, ਜਿਸ ਨਾਲ ਦੇਸ਼ ਦੀ ਅਖੰਡਤਾ ਅਤੇ ਸੁਰੱਖਿਆ ਲਈ ਖਤਰਾ ਪੈਦਾ ਹੋਇਆ। ਐੱਫ ਆਈ ਆਰ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਅਹਿਸਾਨ ਉਰ ਰਹੀਮ, ਜਿਸ ਨਾਲ ਜੋਤੀ ਨੇ ਲੰਮੇ ਸਮੇਂ ਤੱਕ ਸੰਪਰਕ ਬਣਾਈ ਰੱਖਿਆ ਸੀ, ਨੂੰ ਭਾਰਤ ਸਰਕਾਰ ਨੇ 13 ਮਈ 2025 ਨੂੰ ਜਾਸੁੂਸੀ ਨਾਲ ਸੰਬੰਧਤ ਗਤੀਵਿਧੀਆਂ ਲਈ ਨਾਪਸੰਦੀਦਾ ਵਿਅਕਤੀ ਐਲਾਨਿਆ ਸੀ। ਪੁਲਸ ਨੇ ਜੋਤੀ ਖਿਲਾਫ ਭਾਰਤੀ ਨਿਆਂ ਸੰਹਿਤਾ ਦੀ ਧਾਰਾ 152, ਸਰਕਾਰੀ ਭੇਦਾਂ ਬਾਰੇ ਕਾਨੂੰਨ 1923 ਦੀ ਧਾਰਾ 3, 4 ਅਤੇ 5 ਤਹਿਤ ਕੇਸ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਇੰਸਪੈਕਟਰ ਨਿਰਮਲਾ ਨੂੰ ਸੌਂਪੀ ਗਈ ਹੈ।