ਕਾਮਰੇਡ ਕਨਮ ਰਾਜਿੰਦਰਾ ਹਾਲ (ਤਿਰੂਪਤੀ)
(ਚਰਨਜੀਤ ਛਾਂਗਾ ਰਾਏ)
ਤਿਰੂਪਤੀ ਦੇ ਇੰਦਰਾ ਮੈਦਾਨ ਨੇੜੇ ਸਥਿਤ ਕਾਮਰੇਡ ਕਨਮ ਰਾਜਿੰਦਰਨ ਕਾਨਫਰੰਸ ਹਾਲ ਵਿਖ਼ੇ ਸਰਬ ਭਾਰਤ ਨੌਜਵਾਨ ਸਭਾ ਦੇ 17ਵੇਂ ਕੌਮੀ ਡੈਲੀਗੇਟ ਅਜਲਾਸ ਦੇ ਤੀਜੇ ਦਿਨ ਸ਼ਨੀਵਾਰ ਕੌਮੀ ਜਨਰਲ ਸਕੱਤਰ ਵੱਲੋਂ ਪੇਸ਼ ਕੀਤੀ ਰਿਪੋਰਟ ’ਤੇ ਗੰਭੀਰ ਵਿਚਾਰ ਦੇ ਨਾਲ-ਨਾਲ ਵੱਖ-ਵੱਖ ਸੈਸ਼ਨਾਂ ਦਾ ਦੌਰ ਚਲਦਾ ਰਿਹਾ। ਨੌਜਵਾਨਾਂ ਦੇ ਵੱਖ-ਵੱਖ ਮੁੱਦਿਆਂ ’ਤੇ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੀ ਪ੍ਰਧਾਨਗੀ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਜਨਰਲ ਸਕੱਤਰ ਸਾਥੀ ਥਿਰਮਲਾਈ ਨੇ ਕੀਤੀ। ਪਹਿਲੇ ਸੈਮੀਨਾਰ ਵਿੱਚ ਆਲ ਇੰਡੀਆ ਬੈਂਕ ਮੁਲਾਜ਼ਮ ਯੂਨੀਅਨ ਦੇ ਜਨਰਲ ਸਕੱਤਰ ਸੀ ਐੱਚ ਵੈਂਕਟਾਚਲਮ ਨੇ ‘ਰੁਜ਼ਗਾਰ ਤੋਂ ਬਿਨਾਂ ਵਿਕਾਸ ਅਤੇ ਬੇਰੁਜ਼ਗਾਰੀ’ ਵਿਸ਼ੇ ’ਤੇ ਵਿਸ਼ੇਸ਼ ਤੌਰ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਉਹਨਾਂ ਡੈਲੀਗੇਟ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਇਹ ਡੀਂਗਾਂ ਮਾਰੀਆਂ ਜਾ ਰਹੀਆਂ ਹਨ ਕਿ ਭਾਰਤ ਵਿਕਾਸ ਕਰ ਰਿਹਾ ਹੈ, ਪਰ ਬਿਨਾਂ ਨਵਾਂ ਕੰਮ ਪੈਦਾ ਕੀਤੀਆਂ ਵਿਕਾਸ ਦੀ ਵਾਧਾ ਦਰ ਕਿਵੇਂ ਵਧ ਸਕਦੀ ਹੈ। ਉਹਨਾ ਕਿਹਾ ਕਿ ਇਹ ਵਾਧਾ ਦਰ ਸਿਰਫ ਤੇ ਸਿਰਫ ਦੇਸ਼ ਦੇ ਪੂੰਜੀਪਤੀਆਂ ਲਈ ਹੀ ਹੋ ਰਹੀ ਹੈ, ਜਿਸ ਦਾ ਆਮ ਲੋਕਾਂ ਨਾਲ ਕੋਈ ਲੈਣ-ਦੇਣ ਨਹੀਂ। ਦੇਸ਼ ਦੀ ਅਸਲ ਵਿਕਾਸ ਦੀ ਵਾਧਾ ਦਰ ਵਿੱਚ ਉਦੋਂ ਹੀ ਵਾਧਾ ਹੋ ਸਕਦਾ ਹੈ, ਜਦੋਂ ਬੇਰੁਜਗਾਰੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਲਿਆ ਜਾਵੇਗਾ। ਦੂਜੇ ਸੈਮੀਨਾਰ ਵਿੱਚ ਸੰਬੋਧਨ ਕਰਦਿਆਂ ਆਲ ਇੰਡੀਆ ਲਾਇਰ ਐਸੋਸੀਏਸ਼ਨ ਦੇ ਕੌਮੀ ਆਗੂ ਐਡਵੋਕੇਟ ਅਸ਼ਵਨੀ ਬਖਸ਼ੀ ਨੇ ਚੋਣ ਸੁਧਾਰ ਵਿਸ਼ੇ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਉਹਨਾ ਕਿਹਾ ਇਸ ਸਰਮਾਏਦਾਰੀ ਪ੍ਰਬੰਧ ਵਿੱਚ ਚੋਣ ਪ੍ਰਕਿਰਿਆ ਬਹੁਤ ਮਹਿੰਗੀ ਕੀਤੀ ਹੋਈ ਹੈ, ਜਿਸ ਨਾਲ ਲੋਕਾਂ ਦੀ ਅਗਵਾਈ ਕਰਦੀਆਂ ਪਾਰਟੀਆਂ ਨੂੰ ਸੱਤਾ ਤੋਂ ਦੂਰ ਰੱਖਿਆ ਹੋਇਆ ਹੈ ਅਤੇ ਆਮ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਉਹਨਾ ਇਸ ਮਹਿੰਗੇ ਤੇ ਭਿ੍ਰਸ਼ਟ ਚੋਣ ਪ੍ਰਬੰਧ ਵਿੱਚ ਸੁਧਾਰਾਂ ਦੀ ਲੋੜ ’ਤੇ ਜ਼ੋਰ ਦਿੱਤਾ।
ਰਿਪੋਰਟ ’ਤੇ ਬਹਿਸ ਵਾਲੇ ਸੈਸ਼ਨ ਵਿੱਚ ਹੋਰਨਾਂ ਰਾਜਾਂ ਦੇ ਨਾਲ-ਨਾਲ ਪੰਜਾਬ ਦੇ ਸੂਬਾ ਸਕੱਤਰ ਚਰਨਜੀਤ ਛਾਂਗਾ ਰਾਏ ਅਤੇ ਸੂਬਾ ਸਕੱਤਰੇਤ ਦੀ ਮੈਂਬਰ ਗੁਰਜੀਤ ਕੌਰ ਸਰਦੂਲਗੜ੍ਹ ਨੇ ਹਿੱਸਾ ਲਿਆ। ਪੰਜਾਬ ਦੇ ਨੌਜਵਾਨ ਆਗੂਆਂ ਨੇ ਬਹਿਸ ਦੌਰਾਨ ਬਨੇਗਾ ਕਨੂੰਨ ਦੀ ਪ੍ਰਾਪਤੀ ਲਈ ਦੇਸ਼-ਵਿਆਪੀ ਮੁਹਿੰਮ ਚਲਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਸੁਖਵਿੰਦਰ ਕੁਮਾਰ ਮਲੋਟ ਵੱਲੋਂ ਧਰਮ ਨਿਰਪੱਖਤਾ ਅਤੇ ਲੋਕਤੰਤਰਿਕ ਅਧਿਕਾਰਾਂ ਦੀ ਰਾਖੀ ’ਤੇ ਮਤਾ ਪੇਸ਼ ਕੀਤਾ ਗਿਆ। ਹੋਰਨਾਂ ਵੱਖ-ਵੱਖ ਰਾਜਾਂ ਵੱਲੋਂ ਵੱਖ-ਵੱਖ ਮੁੱਦਿਆਂ ’ਤੇ ਮਤੇ ਪੇਸ਼ ਕੀਤੇ ਗਏ, ਜਿਹਨਾਂ ਨੂੰ ਸਰਬਸੰਮਤੀ ਨਾਲ ਪਾਸ ਕਰ ਲਿਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਜੰਟ ਸਿੰਘ, ਵਿਸ਼ਾਲ ਵਲਟੋਹਾ, ਹਰਮੇਲ ਉੱਭਾ, ਸਵਰਾਜ ਖੋਸਾ, ਨਵਜੀਤ ਸੰਗਰੂਰ, ਹਰਭਜਨ ਛੱਪੜੀਵਾਲਾ ਅਤੇ ਅਨਮੋਲ ਸਿੰਘ ਨੇ ਵੀ ਸ਼ਮੂਲੀਅਤ ਕੀਤੀ।



