ਬੁਢਲਾਡਾ (ਅਸ਼ੋਕ ਲਾਕੜਾ)
ਬੁਢਲਾਡਾ ਸਬ-ਡਵੀਜ਼ਨ ’ਚ ਸੀ ਪੀ ਆਈ ਦੀਆਂ ਵੱਖ-ਵੱਖ ਬ੍ਰਾਂਚਾਂ ਵੱਲੋਂ ਆਪਣੇ ਪਿੰਡਾਂ ਵਿੱਚੋਂ ਘਰ-ਘਰ ਜਾ ਕੇ ਜਨਤਕ ਫੰਡ ਇਕੱਠਾ ਕਰਕੇ ਲੱਗਭੱਗ 2,64,300 ਰੁਪਏ ਤੋਂ ਵੱਧ ਫੰਡ ਰਾਸ਼ੀ ਇਕੱਠੀ ਕੀਤੀ ਗਈ, ਜਿਸ ਵਿੱਚੋਂ ਪਾਰਟੀ ਕਾਂਗਰਸ ਦੇ ਪ੍ਰਬੰਧਾ ਲਈ ਦੋ ਲੱਖ ਰੁਪਏ ਦੀ ਰਾਸ਼ੀ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੂੰ ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ ਦੀ ਹਾਜ਼ਰੀ ਵਿੱਚ ਭੇਟ ਕੀਤੀ ਗਈ।
ਸਬ-ਡਵੀਜ਼ਨ ਬੁਢਲਾਡਾ ਦੇ ਸਕੱਤਰ ਵੇਦ ਪ੍ਰਕਾਸ਼, ਜ਼ਿਲ੍ਹਾ ਮੀਤ ਸਕੱਤਰ ਸੀਤਾ ਰਾਮ ਗੋਬਿੰਦਪੁਰਾ, ਸੀਨੀਅਰ ਆਗੂ ਮਲਕੀਤ ਸਿੰਘ ਮੰਦਰਾਂ ਤੇ ਜਗਸੀਰ ਸਿੰਘ ਰਾਏ ਕੇ ਨੇ ਦੱਸਿਆ ਕਿ ਸਖ਼ਤ ਗਰਮੀ ਦੇ ਬਾਵਜੂਦ ਪਾਰਟੀ ਵਰਕਰਾਂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਘਰ-ਘਰ ਜਾ ਕੇ ਫੰਡ ਇਕੱਠਾ ਕੀਤਾ ਹੈ। ਚੋਣਵੀਆਂ ਬ੍ਰਾਂਚਾਂ, ਜਿਵੇਂ ਕਿ ਕਾਮਰੇਡ ਅਰਸ਼ੀ ਦੇ ਜੱਦੀ ਪਿੰਡ ਦਾਤੇਵਾਸ ਦੀ ਬਰਾਂਚ ਵੱਲੋਂ 92200 ਰੁਪਏ, ਕਾਹਨਗੜ੍ਹ 37000 ਰੁਪਏ, ਆਲਮ ਮੰਦਰਾਂ 25000 ਰੁਪਏ, ਟਾਹਲੀਆਂ 36000 ਰੁਪਏ, ਬੋੜਾਵਾਲ 30,000 ਰੁਪਏ, ਦਲੇਲਵਾਲਾ 22000 ਰੁਪਏ, ਗੁਰਨੇ ਕਲਾਂ 10, 000 ਰੁਪਏ, ਮੰਡੇਰ 7500 ਰੁਪਏ ਤੇ ਬੱਛੋਆਣਾ ਤੋਂ 4500 ਰੁਪਏ ਇਕੱਠੇ ਹੋਏ ਹਨ।
ਉਕਤ ਆਗੂਆਂ ਨੇ ਕਿਹਾ ਕਿ ਬਾਕੀ ਰਹਿੰਦੀਆਂ ਪਾਰਟੀ ਬਰਾਂਚਾਂ ਵੱਲੋਂ ਵੀ ਫੰਡ ਇਕੱਠਾ ਕਰਨ ਲਈ ਪੂਰਾ ਉਤਸ਼ਾਹ ਸੀ, ਪਰੰਤੂ ਲੁਧਿਆਣਾ ਵਿਖੇ ਹੋਈ ਸੂਬਾ ਕੌਂਸਲ ਮੀਟਿੰਗ ਦੇ ਫੈਸਲੇ ਦੀ ਰੋਸ਼ਨੀ ਵਿੱਚ ਹੁਣ ਫੰਡ ਮੁਹਿੰਮ ਬੰਦ ਕਰ ਦਿੱਤੀ ਹੈ, ਹੁਣ ਕੇਵਲ 21 ਸਤੰਬਰ ਨੂੰ ਪਾਰਟੀ ਕਾਂਗਰਸ ਦੇ ਪਹਿਲੇ ਦਿਨ ਹੋਣ ਵਾਲੀ ਰੈਲੀ ਵਿੱਚ ਵੱਧ ਤੋਂ ਵੱਧ ਸਾਥੀ ਸ਼ਾਮਲ ਕਰਨ ’ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ।ਇਸ ਮੌਕੇ ਚੋਣਵੇਂ ਪਾਰਟੀ ਆਗੂ ਸਾਥੀਆਂ ਨਾਲ ਵਿਚਾਰ-ਵਟਾਂਦਰਾ ਕਰਦੇ ਹੋਏ ਕਾਮਰੇਡ ਅਰਸ਼ੀ ਨੇ ਦੱਸਿਆ ਕਿ ਪਾਰਟੀ ਕਾਂਗਰਸ ਦੀਆਂ ਤਿਆਰੀਆਂ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਦੂਸਰੇ ਰਾਜਾਂ ਤੋਂ ਆਉਣ ਵਾਲੇ ਡੈਲੀਗੇਟਸ ਦੀ ਰਿਹਾਇਸ਼ ਲਈ ਬਹੁਤ ਸਾਰੇ ਰੈੱਸਟ ਹਾਊਸ ਤੇ ਹੋਟਲ ਬੁੱਕ ਕੀਤੇ ਜਾ ਚੁੱਕੇ ਹਨ, ਰਹਿੰਦੇ ਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ।ਕੈਟਰਿੰਗ ਦਾ ਪ੍ਰਬੰਧ ਹੋ ਚੁੱਕਾ ਹੈ, ਰੈਲੀ ਲਈ ਢੁਕਵੇਂ ਸਥਾਨ ਦੀ ਭਾਲ ਕੀਤੀ ਜਾ ਰਹੀ ਹੈ। ਕੋਸ਼ਿਸ਼ ਹੋਵੇਗੀ ਕਿ ਰੈਲੀ ਚੰਡੀਗੜ੍ਹ ਦੀ ਪਰੇਡ ਗਰਾਉਡ ਵਿਖੇ ਹੋਵੇ। ਪਾਰਟੀ ਕਾਂਗਰਸ ਤੇ ਰੈਲੀ ਦੇ ਪ੍ਰਬੰਧਾਂ ’ਤੇ ਬਹੁਤ ਭਾਰੀ ਖਰਚਾ ਹੋਵੇਗਾ, ਜਿਸ ਦੀ ਪੂਰਤੀ ਲਈ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਤੇ ਵਰਕਰ ਕੋਈ ਕਸਰ ਬਾਕੀ ਨਹੀਂ ਰੱਖ ਰਹੇ। ਪੰਜਾਬ ਦੀ ਕਮਿਊਨਿਸਟ ਪਾਰਟੀ ਨੂੰ ਦਿ੍ਰੜ੍ਹ ਵਿਸ਼ਵਾਸ ਹੈ ਕਿ ਉਹ 25ਵੀਂ ਪਾਰਟੀ ਕਾਂਗਰਸ ਨੂੰ ਹਰ ਪੱਖੋਂ ਸਫਲਤਾ ਨਾਲ ਨੇਪਰੇ ਚਾੜੇ੍ਹਗੀ।ਸਾਥੀ ਅਰਸ਼ੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪਾਰਟੀ 25 ਵੀਂ ਕਾਂਗਰਸ ਲਈ ਕਿਸੇ ਵੀ ਬੁਰਜੂਆ ਪਾਰਟੀ ਜਾਂ ਇਸ ਦੇ ਆਗੂਆਂ ਤੋਂ ਕੋਈ ਵੀ ਆਰਥਕ ਮਦਦ ਨਹੀਂ ਲਈ ਜਾਵੇਗੀ ਅਤੇ ਨਾ ਹੀ ਭਵਿੱਖ ਵਿੱਚ ਕਿਸੇ ਵੀ ਬੁਰਜੂਆ ਪਾਰਟੀ ਨਾਲ਼ ਚੋਣਾਵੀ ਤਾਲਮੇਲ ਕੀਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦਾਸ ਟਾਹਲੀਆਂ, ਹਰਮੀਤ ਬੋੜਾਵਾਲ, ਕਰਨੈਲ ਦਾਤੇਵਾਸ, ਮਨਪ੍ਰੀਤ ਫਰੀਦਕੇ, ਸੁਲੱਖਣ ਸਿੰਘ ਕਾਹਨਗੜ੍ਹ, ਹਰਦਿਆਲ ਸਿੰਘ ਦਾਤੇਵਾਸ ਤੇ ਚਿਮਨ ਲਾਲ ਕਾਕਾ ਆਦਿ ਆਗੂ ਹਾਜਰ ਸਨ।





