ਮਨਪ੍ਰੀਤ ਸਿੰਘ ਫਰੀਦਕੇ ਵੱਲੋਂ ਦੋ ਲੱਖ ਦਾ ਚੈੱਕ ਭੇਟ

0
101

ਬੁਢਲਾਡਾ, (ਅਸ਼ੋਕ ਲਾਕੜਾ)
ਮਰਹੂਮ ਲੈਕਚਰਾਰ ਕਾਮਰੇਡ ਹਰਚਰਨ ਸਿੰਘ ਮੌੜ ਪਿੰਡ ਫਰੀਦਕੇ ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ ਗੌਰਮਿੰਟ ਟੀਚਰ ਯੂਨੀਅਨ ਦੇ ਸਿਰਮੌਰ ਆਗੂ ਹੋਏ ਹਨ। ਸਰਵਿਸ ਦੌਰਾਨ ਹੀ ਉਹ ਮਾਰਕਸਵਾਦੀ ਪਾਰਟੀ ਨਾਲ ਜੁੜ ਗਏ। ਆਖਰੀ ਸਮੇਂ ਮੰਗਤ ਰਾਮ ਪਾਸਲਾ ਦੀ ਪਾਰਟੀ ਨਾਲ ਸੰਬੰਧਤ ਹੋ ਗਏ, ਪ੍ਰੰਤੂ ਉਹ ਭਾਰਤੀ ਕਮਿਊਨਿਸਟ ਪਾਰਟੀ ਨੂੰ ਵੀ ਵਧ-ਚੜ੍ਹ ਕੇ ਪਿਆਰ ਕਰਦੇ ਸਨ। ਉਹ ਜ਼ਮੀਨ ਦੀ ਵੱਡੀ ਢੇਰੀ ਦੇ ਮਾਲਕ ਤੇ ਰੱਜੇ-ਪੁੱਜੇ ਪਰਵਾਰ ਨਾਲ ਸੰਬੰਧਤ ਵੱਡੇ ਦਿਲ ਵਾਲੇ ਸਨ, ਇੱਕ ਵਾਰ ਉਨ੍ਹਾ ਜ਼ਮੀਨ ਦਾ ਵੱਡਾ ਹਿੱਸਾ ਠੇਕੇ ’ਤੇ ਗਰੀਬ ਕਿਸਾਨਾਂ ਨੂੰ ਦਿੱਤਾ ਹੋਇਆ ਸੀ, ਗੜੇਮਾਰੀ ਕਾਰਨ ਸਾਰੀ ਫਸਲ ਤਬਾਹ ਹੋ ਗਈ, ਕਾਮਰੇਡ ਮੌੜ ਨੇ ਨੌਂ ਲੱਖ ਰੁਪਏ ਠੇਕਾ ਰਾਸ਼ੀ ਗਰੀਬ ਕਿਸਾਨਾਂ ਨੂੰ ਮੁਆਫ਼ ਕਰ ਦਿੱਤੀ ਸੀ।ਉਨ੍ਹਾ ਦਾ ਛੋਟਾ ਬੇਟਾ ਮਨਪ੍ਰੀਤ ਆਰੰਭ ਤੋਂ ਹੀ ਸੀ ਪੀ ਆਈ ਨਾਲ ਜੁੜਿਆ ਹੋਇਆ ਹੈ ਤੇ ਜ਼ਿਲ੍ਹਾ ਕੌਂਸਲ ਮੈਂਬਰ ਵਜੋਂ ਜ਼ਿੰਮੇਵਾਰੀ ਨਿਭਾ ਰਿਹਾ ਹੈ।ਉਹ ਪਿਤਾ ਨਾਲੋਂ ਵੀ ਵੱਧ ਖੁੱਲ੍ਹੇ ਦਿਲ ਵਾਲਾ ਹੈ। ਪਰਵਾਰ ਪਾਰਟੀ ਦੇ ਸੀਨੀਅਰ ਆਗੂ ਹਰਦੇਵ ਸਿੰਘ ਅਰਸ਼ੀ ਦਾ ਤਨੋ-ਮਨੋ ਵਿਸ਼ਵਾਸਪਾਤਰ ਤੇ ਸ਼ੁਭਚਿੰਤਕ ਹੈ। ਪਾਰਟੀ ਤੇ ਵਿਸ਼ੇਸ਼ ਕਰਕੇ ਕਾਮਰੇਡ ਅਰਸ਼ੀ ਨੇ ਪਾਰਟੀ ਦੀ ਆਰਥਕ ਮਦਦ ਕਰਨ ਲਈ ਜਿੰਨੀ ਵੀ ਰਾਸ਼ੀ ਦਾ ਹੁਕਮ ਕੀਤਾ, ਮਨਪ੍ਰੀਤ ਨੇ ਖੁਸ਼ੀ-ਖੁਸ਼ੀ ਪ੍ਰਵਾਨ ਕੀਤਾ।25ਵੀਂ ਪਾਰਟੀ ਕਾਂਗਰਸ ਦਾ ਬਹੁਤ ਵੱਡਾ ਬਜਟ ਹੈ, ਉਸ ਲਈ ਸਾਥੀ ਨੂੰ ਅਰਸ਼ੀ ਨੇ ਦੋ ਲੱਖ ਦੇਣ ਨੂੰ ਕਿਹਾ ਤਾਂ ਉਨ੍ਹਾ ਖਿੜੇ ਮੱਥੇ ਪ੍ਰਵਾਨ ਕਰਦੇ ਹੋਏ ਬੁਢਲਾਡਾ ਦਫ਼ਤਰ ਵਿਖੇ ਪਾਰਟੀ ਸਾਥੀਆਂ ਦੀ ਹਾਜ਼ਰੀ ਵਿੱਚ ਦੋ ਲੱਖ ਦਾ ਚੈੱਕ ਸਾਥੀ ਅਰਸ਼ੀ ਨੂੰ ਭੇਟ ਕੀਤਾ।