ਅੰਮਿ੍ਰਤਸਰ : ਭਾਰਤੀ ਫੌਜ ਨੇ ‘ਅਪ੍ਰੇਸ਼ਨ ਸਿੰਧੂਰ’ ਦੌਰਾਨ ਪਾਕਿਸਤਾਨ ਵੱਲੋਂ ਅੰਮਿ੍ਰਤਸਰ ’ਚ ਹਰਿਮੰਦਰ ਸਾਹਿਬ ਸਣੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕੀਤੇ ਜਾਣ ਵਾਲੇ ਸੰਭਾਵੀ ਮਿਜ਼ਾਇਲ ਤੇ ਡਰੋਨ ਹਮਲਿਆਂ ਨੂੰ ਭਾਰਤੀ ਹਵਾਈ ਸੈਨਾ ਦੀ ਮਜ਼ਬੂਤ ਰੱਖਿਆ ਪ੍ਰਣਾਲੀ ਦੀ ਮਦਦ ਨਾਲ ਨਾਕਾਮ ਬਣਾਉਣ ਦਾ ਦਾਅਵਾ ਕੀਤਾ ਹੈ। ਫੌਜ ਨੇ ਮੀਡੀਆ ਨੂੰ ਪਾਕਿਸਤਾਨੀ ਮਿਜ਼ਾਇਲਾਂ ਤੇ ਡਰੋਨ ਦੇ ਮਲਬੇ ਦਿਖਾਏ, ਜਿਸ ਨੂੰ ਭਾਰਤੀ ਹਵਾਈ ਸੈਨਾ ਨੇ ਹਵਾ ਵਿੱਚ ਹੀ ਫੁੰਡ ਕੇ ਤਬਾਹ ਕਰ ਦਿੱਤਾ ਸੀ।
15 ਇਨਫੈਂਟਰੀ ਡਵੀਜ਼ਨ ਦੇ ਜਨਰਲ ਆਫੀਸਰ ਕਮਾਂਡਿੰਗ (ਜੀ ਏ ਸੀ) ਮੇਜਰ ਜਨਰਲ ਕਾਰਤਿਕ ਸੀ ਸ਼ੇਸ਼ਾਧਰੀ ਨੇ ਕਿਹਾ ਕਿ 22 ਅਪਰੈਲ ਨੂੰ ਪਾਕਿਸਤਾਨ ਦੀ ਫੌਜ ਨੇ ਆਪਣੇ ਤਰਬੀਅਤਯਾਫਤਾ ਦਹਿਸ਼ਤਗਰਦਾਂ ਜ਼ਰੀਏ ਪਹਿਲਗਾਮ ਵਿੱਚ ਨਿਹੱਥੇ ਸੈਲਾਨੀਆਂ ’ਤੇ ਹਮਲਾ ਕਰਵਾਇਆ, ਜਿਸ ਬਾਰੇ ਕੁੱਲ ਆਲਮ ਜਾਣਦਾ ਹੈ। ਇਸ ਮਗਰੋਂ ਪੂਰੇ ਦੇਸ਼ ਵਿਚ ਫੁੱਟੇ ਗੁੱਸੇ ਦਰਮਿਆਨ ਭਾਰਤ ਨੇ ਮਜ਼ਬੂਤ ਅਗਵਾਈ ਵਿੱਚ ਅਪ੍ਰੇਸ਼ਨ ਸਿੰਧੂਰ ਦੀ ਸ਼ੁਰੂਆਤ ਕੀਤੀ। ਉਨ੍ਹਾ ਦੱਸਿਆ ਕਿ ਅਪ੍ਰੇਸ਼ਨ ਸਿੰਧੂਰ ਤਹਿਤ ਭਾਰਤੀ ਫੌਜ ਨੇ ਸਿਰਫ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤੇ ਇਸ ਦੌਰਾਨ ਕਿਸੇ ਆਮ ਨਾਗਰਿਕ ਜਾਂ ਫੌਜੀ ਟਿਕਾਣੇ ਨੂੰ ਨੁਕਸਾਨ ਨਹੀਂ ਪਹੁੰਚਾਇਆ, ਪਰ ਪਾਕਿਸਤਾਨ ਵੱਲੋਂ 7 ਮਈ ਦੀ ਰਾਤ ਨੂੰ ਜਾਣਕਾਰੀ ਮਿਲੀ ਕਿ ਉਥੋਂ ਦੀ ਫੌਜ ਧਾਰਮਕ ਅਸਥਾਨਾਂ, ਖਾਸ ਤੌਰ ’ਤੇ ਅੰਮਿ੍ਰਤਸਰ ਸਥਿਤ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਮੇਜਰ ਜਨਰਲ ਸ਼ੇਸ਼ਾਧਰੀ ਨੇ ਕਿਹਾ, ‘ਪਾਕਿਸਤਾਨ ਦਾ ਇਰਾਦਾ ਹਰਿਮੰਦਰ ਸਾਹਿਬ ’ਤੇ ਮਿਜ਼ਾਇਲਾਂ ਤੇ ਡਰੋਨਾਂ ਨਾਲ ਹਮਲਾ ਕਰਨ ਦਾ ਸੀ। ਸਾਨੂੰ ਜਿਵੇਂ ਹੀ ਪੁਖਤਾ ਜਾਣਕਾਰੀ ਮਿਲੀ, ਅਸੀਂ ਫੌਰੀ ਹਰਕਤ ਵਿੱਚ ਆਉਂਦਿਆਂ ਆਧੁਨਿਕ ਹਵਾਈ ਰੱਖਿਆ ਪ੍ਰਣਾਲੀਆਂ ਜਿਵੇਂ ਆਕਾਸ਼ ਮਿਜ਼ਾਇਲ ਸਿਸਟਮ ਤੇ ਐੱਲ-70 ਏਅਰ ਡਿਫੈਂਸ ਗੰਨ ਤਾਇਨਾਤ ਕੀਤੀ। ਅਸੀਂ ਹਰਿਮੰਦਰ ਸਾਹਿਬ ਵੱਲ ਇੱਕ ਮਿਜ਼ਾਇਲ ਜਾਂ ਡਰੋਨ ਨਹੀਂ ਆਉਣ ਦਿੱਤਾ।’ ਉਨ੍ਹਾ ਚੇਤਾਵਨੀ ਦਿੱਤੀ, ‘ਜੇ ਪਾਕਿਸਤਾਨ ਨੇ ਮੁੜ ਦਹਿਸ਼ਤਗਰਦਾਂ ਦਾ ਸਹਾਰਾ ਲਿਆ ਤਾਂ ਉਸ ਨੂੰ ਗੰਭੀਰ ਸਿੱਟੇ ਭੁਗਤਣੇ ਹੋਣਗੇ। ਅਪ੍ਰੇਸ਼ਨ ਸਿੰਧੂਰ ਸਿਰਫ ਮੁਲਤਵੀ ਕੀਤਾ ਹੈ, ਸਮਾਪਤ ਨਹੀਂ ਹੋਇਆ। ਇਸ ਦਾ ਅਗਲਾ ਪੜਾਅ ਵਧੇਰੇ ਫੈਸਲਾਕੁੰਨ ਤੇ ਵਿਆਪਕ ਹੋਵੇਗਾ।’
ਇਸ ਦੌਰਾਨ ਭਾਰਤੀ ਫੌਜ ਦੇ ਇਕ ਜਵਾਨ ਨੇ ਕਿਹਾ, ‘ਇਸ ਵੇਲੇ ਅਸੀਂ ਅਪ੍ਰੇਸ਼ਨ ਸਿੰਧੂਰ ਦਾ ਹਿੱਸਾ ਹਾਂ। 8-9 ਮਈ ਦੀ ਰਾਤ ਨੂੰ ਦੁਸ਼ਮਣ ਨੇ ਸਾਡੇ ’ਤੇ ਅਚਾਨਕ ਫਾਇਰਿੰਗ ਕੀਤੀ ਤੇ ਘੁਸਪੈਠ ਦੀ ਕੋਸ਼ਿਸ਼ ਕੀਤੀ। ਅਸੀਂ ਦੁਸ਼ਮਣ ’ਤੇ ਸਟੀਕ ਫਾਇਰਿੰਗ ਕੀਤੀ ਤੇ ਉਸ ਦੀ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਸਾਡੇ ਵੱਲੋਂ ਕੀਤੀ ਫਾਇਰਿੰਗ ਦਾ ਹੀ ਨਤੀਜਾ ਸੀ ਕਿ ਸਵੇਰ ਤੱਕ ਦੁਸ਼ਮਣ ਗੋਡਿਆਂ ’ਤੇ ਆ ਗਿਆ ਤੇ ਆਪਣੀ ਪੋਸਟ ’ਤੇ ਸਫੈਦ ਝੰਡਾ ਲਹਿਰਾ ਦਿੱਤਾ। ਅਸੀਂ ਆਪਣੇ ਦੇਸ਼ ਵਾਸੀਆਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਜਦੋਂ ਤੱਕ ਦੇਸ਼ ਦੀਆਂ ਸਰਹੱਦਾਂ ’ਤੇ ਭਾਰਤੀ ਫੌਜ ਤਾਇਨਾਤ ਹੈ, ਉਦੋਂ ਤੱਕ ਕੋਈ ਵੀ ਦੇਸ਼ ਸਾਡੇ ਵੱਲ ਅੱਖ ਚੁੱਕ ਕੇ ਨਹੀਂ ਦੇਖ ਸਕਦਾ।’
ਪਾਕਿਸਤਾਨ ਵੱਲੋਂ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕੀਤੇ ਜਾਣ ਸੰਬੰਧੀ ਭਾਰਤੀ ਫੌਜ ਵੱਲੋਂ ਕੀਤੇ ਖੁਲਾਸੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਉਹ ਅਜਿਹੇ ਕਿਸੇ ਵੀ ਬਿਆਨ ’ਤੇ ਵਿਸ਼ਵਾਸ ਨਹੀਂ ਕਰਦੇ। ਉਨ੍ਹਾ ਕਿਹਾ ਕਿ ਚਾਹੇ ਭਾਰਤੀ ਫੌਜ ਹੋਵੇ ਜਾਂ ਪਾਕਿਸਤਾਨੀ ਫੌਜ ਗੁਰੂ ਘਰ ’ਤੇ ਹਮਲੇ ਬਾਰੇ ਸੋਚ ਨਹੀਂ ਸਕਦੀ। ਇਹ ਅਜਿਹਾ ਸਥਾਨ ਹੈ, ਜਿੱਥੋਂ ਲੋਕਾਂ ਨੂੰ ਜੀਵਨ ਮਿਲਦਾ ਹੈ, ਖੁਸ਼ੀਆਂ ਅਤੇ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਭਾਰਤੀ ਫੌਜ ਦੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਉਨ੍ਹਾ ਕਿਹਾ ਕਿ ਉਹ ਇਸ ’ਤੇ ਵਿਸ਼ਵਾਸ ਹੀ ਨਹੀਂ ਕਰਦੇ। ਮੁੱਖ ਸਕੱਤਰ ਨੇ ਕਿਹਾ ਕਿ ਇਸ ਮਾਮਲੇ ਬਾਰੇ ਸੰਗਤ ਦੇ ਮਨ ਵਿੱਚ ਨਾ ਕੋਈ ਦੁਬਿਧਾ ਹੈ ਅਤੇ ਨਾ ਹੀ ਕੋਈ ਤੌਖਲਾ ਹੈ। ਸੰਗਤ ਪਹਿਲਾਂ ਵਾਂਗ ਹੀ ਵੱਡੀ ਗਿਣਤੀ ਵਿੱਚ ਗੁਰੂ ਘਰ ਵਿਖੇ ਨਤਮਸਤਕ ਹੋਣ ਲਈ ਪੁੱਜ ਰਹੀ ਹੈ।




