ਨਵੀਂ ਦਿੱਲੀ : ਹਿੰਮਤ ਅਤੇ ਦਿ੍ਰੜ੍ਹ ਇਰਾਦੇ ਦੀ ਮਿਸਾਲ ਕਾਇਮ ਕਰਦਿਆਂ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ ਆਈ ਐੱਸ ਐੱਫ) ਦੀ ਗੀਤਾ ਸਮੋਥਾ ਨੇ ਦੁਨੀਆ ਦੀ ਸਭ ਤੋਂ ਉੱਚੀ (8,849 ਮੀਟਰ ਜਾਂ 29,032 ਫੁੱਟ) ਚੋਟੀ ਮਾਊਂਟ ਐਵਰੈਸਟ ’ਤੇ ਚੜ੍ਹਨ ਵਾਲੀ ਫੋਰਸ ਦੀ ਪਹਿਲੀ ਮਹਿਲਾ ਅਧਿਕਾਰੀ ਬਣ ਕੇ ਇਤਿਹਾਸ ਰਚਿਆ ਹੈ। ਸੀ ਆਈ ਐੱਸ ਐੱਫ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਿਰਫ ਨਿੱਜੀ ਜਿੱਤ ਨਹੀਂ, ਸਗੋਂ ਫੋਰਸ ਲਈ ਇਤਿਹਾਸਕ ਪਲ ਦੱਸਿਆ। ਅਧਿਕਾਰੀਆਂ ਨੇ ਕਿਹਾ ਕਿ ਭਾਰਤ ਦੀਆਂ ਵਰਦੀਧਾਰੀ ਸੇਵਾਵਾਂ ਵਿੱਚ ਮਹਿਲਾਵਾਂ ਦੀ ਵਿਕਸਤ ਹੋ ਰਹੀ ਭੂਮਿਕਾ ਦਾ ਇਹ ਇੱਕ ਸ਼ਕਤੀਸ਼ਾਲੀ ਪ੍ਰਤੀਕ ਹੈ।
ਗੀਤਾ ਨੇ ਕਿਹਾ, ‘‘ਪਹਾੜ ਸਾਰਿਆਂ ਲਈ ਇੱਕੋ ਜਿਹੇ ਹੀ ਹੁੰਦੇ ਹਨ। ਉਹ ਤੁਹਾਡੇ ਲਿੰਗ ਦੀ ਪਰਵਾਹ ਨਹੀਂ ਕਰਦੇ। ਸਿਰਫ ਉਹੀ ਇਨ੍ਹਾਂ ਉਚਾਈਆਂ ਨੂੰ ਸਰ ਕਰ ਸਕਦੇ ਹਨ, ਜਿਨ੍ਹਾਂ ’ਚ ਕੁਝ ਖਾਸ ਗੁਣ (ਐੱਕਸ ਫੈਕਟਰ) ਹੁੰਦਾ ਹੈ।’’
ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਚੱਕ ਪਿੰਡ ਦੇ ਸਾਦੇ ਮਾਹੌਲ ਵਿੱਚ ਪਲੀ ਅਤੇ ਵੱਡੀ ਹੋਈ ਗੀਤਾ ਦਾ ਪਿੰਡ ਤੋਂ ਉੱਠ ਕੇ ਦੁਨੀਆ ਦੇ ਸਿਖਰ ਤੱਕ ਦਾ ਸਫਰ ਦਿ੍ਰੜ੍ਹਤਾ ਅਤੇ ਟੀਚੇ ਦਾ ਪ੍ਰਮਾਣ ਹੈ। ਚਾਰ ਭੈਣਾਂ ਦੇ ਪਰਵਾਰ ਵਿੱਚ ਜਨਮੀ ਗੀਤਾ ਛੋਟੀ ਉਮਰ ਤੋਂ ਹੀ ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜਨ ਅਤੇ ਆਪਣਾ ਰਾਹ ਆਪ ਬਣਾਉਣ ਦੇ ਇਰਾਦੇ ਨਾਲ ਮਜ਼ਬੂਤ ਸੀ। ਕਾਲਜ ਦੇ ਸਾਲਾਂ ਦੌਰਾਨ ਸੱਟ ਲੱਗਣ ਕਾਰਨ ਇੱਕ ਹੋਣਹਾਰ ਹਾਕੀ ਖਿਡਾਰਨ ਦਾ ਸਫਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਮਾਪਤ ਹੋ ਗਿਆ। ਇਸ ਹਾਦਸੇ ਨੇ ਉਸ ਲਈ ਇੱਕ ਨਵਾਂ ਰਾਹ ਖੋਲ੍ਹਿਆ, ਜੋ ਗੀਤਾ ਨੂੰ ਪਰਬਤਾਰੋਹਣ ਬਣਨ ਦੇ ਮੁਕਾਮ ’ਤੇ ਲੈ ਗਿਆ। ਗੀਤਾ 2011 ਵਿੱਚ ਸੀ ਆਈ ਐੱਸ ਐੱਫ ’ਚ ਸ਼ਾਮਲ ਹੋਈ ਸੀ, ਜਿੱਥੇ ਉਸ ਨੂੰ ਪਤਾ ਲੱਗਿਆ ਕਿ ਪਰਬਤ ਸਰ ਕਰਨ ਦੇ ਰਾਹ ’ਤੇ ਅਜੇ ਤੱਕ ਕਿਸੇ ਮਹਿਲਾ ਨੇ ਪਹਿਲ ਨਹੀਂ ਕੀਤੀ। ਮੌਕੇ ਦਾ ਲਾਹਾ ਲੈਂਦਿਆਂ ਗੀਤਾ ਨੇ 2015 ਵਿੱਚ ਔਲੀ ’ਚ ਇੰਡੋ-ਤਿੱਬਤਨ ਬਾਰਡਰ ਪੁਲਸ (ਆਈ ਟੀ ਬੀ ਪੀ) ਸਿਖਲਾਈ ਸੰਸਥਾ ਵਿੱਚ ਇੱਕ ਬੁਨਿਆਦੀ ਪਰਬਤਾਰੋਹਣ ਕੋਰਸ ’ਚ ਦਾਖਲਾ ਲਿਆ। ਉਹ ਇਸ ਬੈਚ ’ਚ ਦਾਖਲਾ ਲੈਣ ਵਾਲੀ ਇਕਲੌਤੀ ਮਹਿਲਾ ਸੀ। ਗੀਤਾ ਦੇ ਜਨੂੰਨ ਅਤੇ ਯੋਗਤਾ ਨੇ ਉਸ ਨੂੰ 2017 ਵਿੱਚ ਐਡਵਾਂਸ ਕੋਰਸ ਪੂਰਾ ਕਰਨ ਲਈ ਅਗਵਾਈ ਕੀਤੀ ਅਤੇ ਉਹ ਅਜਿਹਾ ਕਰਨ ਵਾਲੀ ਸੀ ਆਈ ਐੱਸ ਐੱਫ ਦੀ ਪਹਿਲੀ ਕਰਮਚਾਰੀ ਬਣ ਗਈ। ਗੀਤਾ 2019 ਵਿੱਚ ਕਿਸੇ ਵੀ ਕੇਂਦਰੀ ਹਥਿਆਰਬੰਦ ਪੁਲਸ ਬਲ (ਸੀ ਏ ਪੀ ਐੱਫ) ਦੀ ਪਹਿਲੀ ਔਰਤ ਬਣ ਗਈ, ਜਿਸ ਨੇ ਉਤਰਾਖੰਡ ਵਿੱਚ ਮਾਊਂਟ ਸਤੋਪੰਥ (7,075 ਮੀਟਰ) ਅਤੇ ਨੇਪਾਲ ਵਿੱਚ ਮਾਊਂਟ ਲੋਬੁਚੇ (6,119 ਮੀਟਰ) ਦੋਵਾਂ ’ਤੇ ਚੜ੍ਹਾਈ ਕੀਤੀ।
ਤਕਨੀਕੀ ਕਾਰਨਾਂ ਕਰਕੇ 2021 ਦੀ ਯੋਜਨਾਬੱਧ ਐਵਰੈਸਟ ਮੁਹਿੰਮ ਰੱਦ ਹੋਣ ਤੋਂ ਬਾਅਦ ਗੀਤਾ ਨੇ ਆਪਣੀਆਂ ਨਜ਼ਰਾਂ ਇੱਕ ਨਵੀਂ ਚੁਣੌਤੀ ’ਤੇ ਰੱਖਦਿਆਂ ਔਖੇ ‘ਸੈਵਨ ਸੱਮਿਟਸ’ ਹਰੇਕ ਮਹਾਂਦੀਪ ਵਿੱਚ ਸਭ ਤੋਂ ਉੱਚੀ ਚੋਟੀ ’ਤੇ ਚੜ੍ਹਾਈ ਕੀਤੀ। 2021 ਅਤੇ 2022 ਦਰਮਿਆਨ ਗੀਤਾ ਨੇ ਸਫਲਤਾਪੂਰਵਕ ਚਾਰ ਚੋਟੀਆਂ ਸਰ ਕੀਤੀਆਂ, ਜਿਨ੍ਹਾਂ ਵਿੱਚ ਆਸਟਰੇਲੀਆ ਵਿੱਚ ਮਾਊਂਟ ਕੋਸੀਅਜ਼ਕੋ (2,228 ਮੀਟਰ), ਰੂਸ ਵਿੱਚ ਮਾਊਂਟ ਐਲਬਰੁੱਸ (5,642 ਮੀਟਰ), ਤਨਜ਼ਾਨੀਆ ਵਿੱਚ ਮਾਊਂਟ ਕਿਲੀਮਨਜਾਰੋ (5,895 ਮੀਟਰ) ਅਤੇ ਅਰਜਨਟੀਨਾ ਵਿੱਚ ਮਾਊਂਟ ਐਕੋਨਕਗੁਆ (6,961 ਮੀਟਰ) ਸ਼ਾਮਲ ਹਨ। ਇਹ ਪ੍ਰਾਪਤੀਆਂ ਉਸ ਨੇ ਸਿਰਫ ਛੇ ਮਹੀਨੇ ਅਤੇ 27 ਦਿਨਾਂ ਵਿੱਚ ਹਾਸਲ ਕੀਤੀਆਂ ਅਤੇ ਅਜਿਹਾ ਕਰਨ ਵਾਲੀ ਸਭ ਤੋਂ ਤੇਜ਼ ਭਾਰਤੀ ਮਹਿਲਾ ਬਣੀ। ਘਰ ਵਾਪਸੀ ਮਗਰੋਂ ਗੀਤਾ ਨੇ ਲੱਦਾਖ ਦੇ ਦੂਰ-ਦੁਰਾਡੇ ਰੂਪਸ਼ੂ ਖੇਤਰ ਵਿੱਚ ਸਿਰਫ ਤਿੰਨ ਦਿਨਾਂ ਵਿੱਚ ਪੰਜ ਚੋਟੀਆਂ ‘ਤਿੰਨ 6,000 ਮੀਟਰ ਤੋਂ ਉੱਪਰ ਅਤੇ ਦੋ 5,000 ਮੀਟਰ ਤੋਂ ਵੱਧ’ ਦੀ ਚੜ੍ਹਾਈ ਕਰਕੇ ਇੱਕ ਸ਼ਾਨਦਾਰ ਰਿਕਾਰਡ ਕਾਇਮ ਕੀਤਾ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਲਈ ਗੀਤਾ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਆ ਗਿਆ, ਜਿਸ ਵਿੱਚ ਦਿੱਲੀ ਕਮਿਸ਼ਨ ਫਾਰ ਵੂਮੈਨ ਦੁਆਰਾ ਅੰਤਰਰਾਸ਼ਟਰੀ ਮਹਿਲਾ ਦਿਵਸ ਪੁਰਸਕਾਰ 2023 ਅਤੇ ਸਿਵਲ ਏਵੀਏਸ਼ਨ ਮੰਤਰਾਲੇ ਦੁਆਰਾ ‘ਗਿਵਿੰਗ ਵਿੰਗਜ਼ ਟੂ ਡਰੀਮਜ਼ ਐਵਾਰਡ 2023’ ਸ਼ਾਮਲ ਹਨ।





