ਮਜ਼ਦੂਰਾਂ-ਕਿਸਾਨਾਂ ਵੱਲੋਂ ਅੰਮਿ੍ਰਤਸਰ ’ਚ ਜ਼ਬਰਦਸਤ ਪ੍ਰਦਰਸ਼ਨ

0
149

ਅੰਮਿ੍ਰਤਸਰ : ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਮੰਚ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਪਰ ਮੰਗਲਵਾਰ ਇੱਥੇ ਅੰਮਿ੍ਰਤਸਰ ਬੱਸ ਸਟੈਂਡ ਵਿਖੇ ਰੋਸ ਪ੍ਰਦਰਸਨ ਕੀਤਾ ਗਿਆ। ਰੋਸ ਪ੍ਰਦਰਸਨ ਨੂੰ ਏਟਕ, ਐੱਚ ਐੱਮ ਐੱਸ, ਸੀ ਟੀ ਯੂ ਪੰਜਾਬ, ਇੰਟਕ ਅਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ। ਇਹਨਾਂ ਵਿੱਚ ਅਮਰਜੀਤ ਸਿੰਘ ਆਸਲ, ਸੁੱਚਾ ਸਿੰਘ ਅਜਨਾਲਾ, ਕੁਲਵੰਤ ਸਿੰਘ ਬਾਵਾ, ਸੁਰਿੰਦਰ ਸ਼ਰਮਾ, ਜਗਤਾਰ ਸਿੰਘ ਕਰਮਪੁਰਾ, ਬਲਦੇਵ ਸਿੰਘ ਬੱਬੂ, ਨਰਿੰਦਰ ਬੱਲ, ਸਰੋਜ ਬਾਲਾ, ਗੁਰਮਿੰਦਰ ਕੌਰ, ਮੰਗਲ ਸਿੰਘ ਟਾਂਡਾ, ਤੀਰਥ ਸਿੰਘ, ਲਖਬੀਰ ਸਿੰਘ ਨਿਜ਼ਾਮਪੁਰਾ, ਸਵਿੰਦਰ ਸਿੰਘ ਮੀਰਾਂਕੋਟ, ਮਾਸਟਰ ਅਮਰੀਕ ਸਿੰਘ, ਬਲਬੀਰ ਸਿੰਘ ਝਾਮਕਾ ਆਦਿ ਸ਼ਾਮਿਲ ਹਨ। ਬੁਲਾਰਿਆਂ ਨੇ ਕੇਂਦਰੀ ਮਜ਼ਦੂਰ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੱਸੇ ਗਏ ਮੁੱਦਿਆਂ/ਮੰਗਾਂ ਦੀ ਵਿਸਥਾਰਪੂਰਵਕ ਵਿਆਖਿਆ ਕੀਤੀ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਨੀਤੀਆਂ ਮਜ਼ਦੂਰਾਂ ਅਤੇ ਕਿਸਾਨਾਂ ਦੇ ਵਿਰੁੱਧ ਹਨ। ਇਹ ਨੀਤੀਆਂ ਕਾਰਪੋਰੇਟ ਘਰਾਣਿਆਂ ਦੇ ਮੁਨਾਫਿਆਂ ਵਿੱਚ ਵਾਧਾ ਕਰਨ ਵਾਲੀਆਂ ਹਨ ਅਤੇ ਕਿਰਤੀ ਵਰਗ ਲਈ ਬੇਹੱਦ ਨੁਕਸਾਨਦਾਇਕ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਮਜ਼ਦੂਰਾਂ ਦੇ ਸੰਘਰਸ਼ਾਂ ਨਾਲ ਪ੍ਰਾਪਤ ਕੀਤੇ 29 ਲੇਬਰ ਕਾਨੂੰਨਾਂ ਨੂੰ ਇੱਕੋ ਝਟਕੇ ਨਾਲ ਖਤਮ ਕਰਕੇ 4 ਲੇਬਰ ਕੋਡ ਜ਼ਬਰਦਸਤੀ ਲਾਗੂ ਕਰਨਾ ਚਾਹੁੰਦੀ ਹੈ। ਇਹ ਲੇਬਰ ਕੋਡ ਲਾਗੂ ਹੋਣ ਨਾਲ ਮਜ਼ਦੂਰਾਂ ਦੇ ਹੱਕ ਬਿਲਕੁਲ ਖਤਮ ਹੋ ਜਾਣਗੇ ਅਤੇ ਉਹ ਗੁਲਾਮੀ ਵਾਲਾ ਜੀਵਨ ਬਸਰ ਕਰਨ ਲਈ ਮਜਬੂਰ ਹੋਣਗੇ। ਵੈਸੇ ਵੀ ਕੇਂਦਰ ਦੀ ਭਾਜਪਾ ਸਰਕਾਰ ਦੀ ਹੱਲਾਸ਼ੇਰੀ ਨਾਲ ਮਜ਼ਦੂਰਾਂ ਦੇ ਕੰਮ ਦੇ ਘੰਟੇ ਗੈਰ-ਕਾਨੂੰਨੀ ਢੰਗ ਨਾਲ ਵਧਾਏ ਜਾ ਰਹੇ ਹਨ, ਘੱਟੋ-ਘੱਟ ਮਜ਼ਦੂਰੀ ਅਤੇ ਸਮਾਜਿਕ ਸੁਰੱਖਿਆ ਦੇ ਕਾਨੂੰਨ ਲਾਗੂ ਨਹੀਂ ਹੋ ਰਹੇ। ਇਸੇ ਤਰੀਕੇ ਨਾਲ ਕਿਸਾਨ ਅੰਦੋਲਨ ਦੇ ਦਬਾਅ ਹੇਠ ਭਾਵੇਂ ਕਿਸਾਨ ਵਿਰੋਧੀ ਕਾਨੂੰਨ ਵਾਪਿਸ ਲੈ ਲਏ ਗਏ ਹਨ, ਪਰ ਫਿਰ ਵੀ ਕਿਸਾਨਾਂ ਦੀਆਂ ਮੰਗਾਂ ਉਸੇ ਤਰ੍ਹਾਂ ਹੀ ਲਟਕੀਆਂ ਪਈਆਂ ਹਨ। ਬੁਲਾਰਿਆਂ ਨੇ ਕਿਹਾ ਕਿ 20 ਮਈ ਨੂੰ ਹੋਣ ਵਾਲੀ ਦੇਸ਼-ਵਿਆਪੀ ਹੜਤਾਲ ਭਾਵੇਂ ਜੰਗੀ ਹਾਲਾਤ ਕਰਕੇ 9 ਜੁਲਾਈ ਤੱਕ ਟਾਲ ਦਿੱਤੀ ਗਈ ਹੈ ਅਤੇ ਇਹ ਕੇਂਦਰ ਸਰਕਾਰ ਲਈ ਇੱਕ ਮੌਕਾ ਹੈ ਕਿ ਉਹ ਮਜ਼ਦੂਰ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਗੱਲਬਾਤ ਕਰਕੇ ਮਸਲਿਆਂ ਦਾ ਹੱਲ ਕਰੇ। ਲੇਬਰ ਕੋਡ ਜ਼ਬਰਦਸਤੀ ਲਾਗੂ ਕਰਨ ਦਾ ਫੈਸਲਾ ਵਾਪਿਸ ਲਵੇ ਅਤੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ। ਉਹਨਾਂ ਕਿਹਾ ਕਿ ਜੇਕਰ ਸਰਕਾਰ ਇਸ ਪਾਸੇ ਵੱਲ ਧਿਆਨ ਨਹੀਂ ਦੇਵੇਗੀ ਤਾਂ 9 ਜੁਲਾਈ ਨੂੰ ਸਾਰੇ ਦੇਸ਼ ਵਿੱਚ ਮਜਬੂਰੀਵੱਸ ਇੱਕ ਦਿਨ ਦੀ ਹੜਤਾਲ ਮਜ਼ਦੂਰਾਂ/ ਮੁਲਾਜ਼ਮਾਂ ਨੂੰ ਕਰਨੀ ਪਵੇਗੀ, ਜਿਸ ਦੀ ਡਟਵੀਂ ਹਮਾਇਤ ਕਿਸਾਨ ਜਥੇਬੰਦੀਆਂ ਵੱਲੋਂ ਵੀ ਹੋਵੇਗੀ ਅਤੇ ਇਸ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਬੁਲਾਰਿਆਂ ਕਿਹਾ ਕਿ 9 ਜੁਲਾਈ ਨੂੰ ਹੜਤਾਲ ਤੋਂ ਬਾਅਦ ਅੰਮਿ੍ਰਤਸਰ ਦੇ ਮਜ਼ਦੂਰਾਂ/ਕਿਸਾਨਾਂ ਦਾ ਵੱਡਾ ਇਕੱਠ ਬੱਸ ਸਟੈਂਡ ਅੰਮਿ੍ਰਤਸਰ ਵਿਖੇ ਕੀਤਾ ਜਾਵੇਗਾ।