ਜਲੰਧਰ : ਕਰਤਾਰਪੁਰ ਦੇ ਇੱਕ ਪਿੰਡ ਦੇ ਸਰਪੰਚ ਦੀ ਧੀ ਦੀ ਕਥਿਤ ਨਸ਼ੀਲੇ ਪਦਾਰਥ ਤੋਲਦੇ ਹੋਏ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਲੰਧਰ ਦਿਹਾਤੀ ਪੁਲਸ ਨੇ ਉਸ ਨੂੰ ਗਿ੍ਰਫਤਾਰ ਕਰ ਲਿਆ ਹੈ। ਉਸ ਦੀ ਪਛਾਣ ਪਰਮਜੀਤ ਕੌਰ ਉਰਫ ਪੰਮੋ ਵਜੋਂ ਹੋਈ ਹੈ, ਜੋ ਕਰਤਾਰਪੁਰ ਦੇ ਪਿੰਡ ਨਾਹਰਪੁਰ ਦੀ ਸਰਪੰਚ ਰਣਜੀਤ ਕੌਰ ਦੀ ਧੀ ਹੈ। ਮੰਗਲਵਾਰ ਨੂੰ ਕਰਤਾਰਪੁਰ ਪੁਲਸ ਨੇ ਇੱਕ ਨਾਕੇ ਦੌਰਾਨ ਪਰਮਜੀਤ ਕੌਰ ਨੂੰ 18 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ।
ਵਾਇਰਲ ਵੀਡੀਓ ਵਿੱਚ ਇੱਕ ਮਹਿਲਾ ਨੂੰ ਚਿੱਟੇ ਪਦਾਰਥ ਵਾਲਾ ਇੱਕ ਛੋਟਾ ਜਿਹਾ ਬੈਗ ਫੜੇ ਦੇਖਿਆ ਜਾ ਸਕਦਾ ਹੈ। ਉਸ ਕੋਲ ਤੁਲਾਈ ਵਾਲੀ ਇਲੈਕਟਰਾਨਿਕ ਮਸ਼ੀਨ ਵੀ ਮੌਜੂਦ ਹੈ, ਜਦੋਂ ਕਿ ਇੱਕ ਆਦਮੀ ਉਸ ਕੋਲ ਖੜ੍ਹਾ ਹੈ। ਕਰਤਾਰਪੁਰ ਦੇ ਐੱਸ ਐੱਚ ਓ ਰਮਨਦੀਪ ਸਿੰਘ ਨੇ ਕਿਹਾ ਕਿ ਇੱਕ ਨਾਕੇ ਦੌਰਾਨ ਪੰਮੋ ਨੂੰ ਮੰਗਲਵਾਰ 3 ਗ੍ਰਾਮ ਹੈਰੋਇਨ ਸਮੇਤ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਤਲਾਸ਼ੀ ਲੈਣ ’ਤੇ ਉਸ ਤੋਂ 15 ਗ੍ਰਾਮ ਹੋਰ ਹੈਰੋਇਨ ਬਰਾਮਦ ਹੋਈ। ਉਸ ਖਿਲਾਫ ਮਾਰਚ 2022 ਵਿੱਚ ਦਰਜ ਇੱਕ ਐੱਨ ਡੀ ਪੀ ਐੱਸ ਕੇਸ ਸਮੇਤ ਪਹਿਲਾਂ ਤਿੰਨ ਮਾਮਲੇ ਦਰਜ ਹਨ।
ਐੱਸ ਐੱਚ ਓ ਨੇ ਕਿਹਾ ਕਿ ਵਾਇਰਲ ਹੋਈ ਵੀਡੀਓ ਵਿੱਚ ਮੌਜੂਦ ਮਹਿਲਾ ਇਹੀ ਹੈ, ਪਰ ਇਹ ਇੱਕ ਪੁਰਾਣੀ ਵੀਡੀਓ ਹੈ, ਕਿਉਂਕਿ ਉਹ ਸਰਦੀਆਂ ਦੇ ਕੱਪੜੇ ਪਾਏ ਹੋਏ ਦਿਖਾਈ ਦੇ ਰਹੀ ਹੈ।