ਕਾਂਗਰਸ ਨੂੰ ਬਦਨਾਮ ਕਰਨ ’ਤੇ ਅਮਿਤ ਮਾਲਵੀਆ ਤੇ ਅਰਨਬ ਗੋਸਵਾਮੀ ਖਿਲਾਫ ਐੱਫ ਆਈ ਆਰ

0
107

ਬੇਂਗਲੁਰੂ : ਭਾਜਪਾ ਆਈ ਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਅਤੇ ਰਿਪਬਲਿਕ ਟੀ ਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਵਿਰੁੱਧ ਕਥਿਤ ਤੌਰ ’ਤੇ ਗਲਤ ਜਾਣਕਾਰੀ ਚਲਾਉਣ ਦੇ ਦੋਸ਼ ਹੇਠ ਐੱਫ ਆਈ ਆਰ ਦਰਜ ਕੀਤੀ ਗਈ ਹੈ। ਮੰਗਲਵਾਰ ਨੂੰ ਹਾਈ ਗਰਾਊਂਡਸ ਪੁਲਸ ਸਟੇਸ਼ਨ ਵਿੱਚ ਇੰਡੀਅਨ ਯੂਥ ਕਾਂਗਰਸ ਦੇ ਕਾਨੂੰਨੀ ਸੈੱਲ ਦੇ ਮੁਖੀ ਸ਼੍ਰੀਕਾਂਤ ਸਵਰੂਪ ਦੀ ਸ਼ਿਕਾਇਤ ਦੇ ਆਧਾਰ ’ਤੇ ਦੋਵਾਂ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀ ਧਾਰਾ 192 (ਦੰਗਾ ਕਰਨ ਦੇ ਇਰਾਦੇ ਨਾਲ ਜਾਣਬੁੱਝ ਕੇ ਭੜਕਾਉਣਾ) ਅਤੇ 352 (ਸ਼ਾਂਤੀ ਭੰਗ ਕਰਨ ਲਈ ਜਾਣਬੁੱਝ ਕੇ ਅਪਮਾਨ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਸਵਰੂਪ ਨੇ ਮਾਲਵੀਆ ਅਤੇ ਗੋਸਵਾਮੀ ’ਤੇ ‘ਸਪੱਸ਼ਟ ਤੌਰ ’ਤੇ ਗਲਤ ਜਾਣਕਾਰੀ ਫੈਲਾਉਣ ਲਈ ਇੱਕ ਘਿਨਾਉਣੀ ਅਤੇ ਅਪਰਾਧਕ ਤੌਰ ’ਤੇ ਪ੍ਰੇਰਿਤ ਮੁਹਿੰਮ ਦੀ ਮਾਸਟਰਮਾਈਂਡਿੰਗ (ਮੁੱਖ ਸਾਜ਼ਿਸ਼) ਕਰਨ ਦਾ ਦੋਸ਼ ਲਾਇਆ ਹੈ। ਉਸ ਨੇ ਕਿਹਾ ਕਿ ਮੁਲਜ਼ਮਾਂ ਨੇ ਖਰਾਬ ਢੰਗ ਨਾਲ ਇਸ ਮਨਘੜਤ ਦਾਅਵੇ ਦਾ ਪ੍ਰਚਾਰ ਕੀਤਾ ਹੈ ਕਿ ਤੁਰਕੀ ਵਿੱਚ ਇਸਤੰਬੁਲ ਕਾਂਗਰਸ ਸੈਂਟਰ ਇੰਡੀਅਨ ਨੈਸ਼ਨਲ ਕਾਂਗਰਸ (ਆਈ ਐੱਨ ਸੀ) ਦਾ ਦਫਤਰ ਹੈ। ਉਸ ਨੇ ਕਿਹਾ, ‘ਇਹ ਕਾਰਵਾਈ ਭਾਰਤੀ ਜਨਤਾ ਨੂੰ ਧੋਖਾ ਦੇਣ, ਇਕ ਪ੍ਰਮੁੱਖ ਰਾਜਨੀਤਕ ਸੰਸਥਾ ਨੂੰ ਬਦਨਾਮ ਕਰਨ, ਰਾਸ਼ਟਰਵਾਦੀ ਭਾਵਨਾਵਾਂ ਨਾਲ ਛੇੜਛਾੜ ਕਰਨ, ਜਨਤਕ ਅਸ਼ਾਂਤੀ ਭੜਕਾਉਣ, ਕੌਮੀ ਸੁਰੱਖਿਆ ਅਤੇ ਲੋਕਤੰਤਰੀ ਅਖੰਡਤਾ ਨੂੰ ਕਮਜ਼ੋਰ ਕਰਨ ਦੇ ਸਪੱਸ਼ਟ ਅਤੇ ਨਿਰਵਿਵਾਦ ਅਪਰਾਧਕ ਇਰਾਦੇ ਨਾਲ ਕੀਤੀ ਗਈ ਸੀ।’
ਸਵਰੂਪ ਨੇ ਅੱਗੇ ਕਿਹਾ ਕਿ ਮਾਲਵੀਆ ਅਤੇ ਗੋਸਵਾਮੀ ਦੀਆਂ ਕਾਰਵਾਈਆਂ ਭਾਰਤ ਅਤੇ ਤੁਰਕੀ ਵਿਚਕਾਰ ਤਣਾਅਪੂਰਨ ਸੰਬੰਧਾਂ ਦੇ ਅਸਥਿਰ ਪਿਛੋਕੜ ਵਿਰੁੱਧ ਸੈੱਟ ਕੀਤੀਆਂ ਗਈਆਂ ਹਨ। ਮਾਲਵੀਆ ਅਤੇ ਗੋਸਵਾਮੀ ਦੀਆਂ ਕਾਰਵਾਈਆਂ ਭਾਰਤ ਦੀਆਂ ਲੋਕਤੰਤਰੀ ਨੀਂਹਾਂ, ਜਨਤਕ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ’ਤੇ ਇੱਕ ਅਸਾਧਾਰਣ ਹਮਲੇ ਨੂੰ ਦਰਸਾਉਂਦੀਆਂ ਹਨ। ਸਵਰੂਪ ਨੇ ਭਾਰਤੀ ਪ੍ਰੈੱਸ ਕੌਂਸਲ, ਸੂਚਨਾ ਅਤੇ ਪ੍ਰਸਾਰਨ ਮੰਤਰਾਲੇ, ਸੀ ਬੀ ਆਈ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵੀ ਇਸ ਸ਼ਿਕਾਇਤ ਨੂੰ ਐਮਰਜੈਂਸੀ ਵਜੋਂ ਲੈਣ ਦੀ ਅਪੀਲ ਕੀਤੀ ਹੈ।