ਕੇਂਦਰ ਨੇ ਦਰਬਾਰ ਸਾਹਿਬ ਕੰਪਲੈਕਸ ’ਚ ਗੰਨਾਂ ਦੀ ਤਾਇਨਾਤੀ ਦਾ ਝੂਠਾ ਬਿਆਨ ਕਿਉਂ ਦਿਵਾਇਆ?

0
77

ਤਿੰਨ ਕਮਿਊਨਿਸਟ ਆਗੂਆਂ ਨੇ ਮੰਗਿਆ ਸਪੱਸ਼ਟੀਕਰਨ
ਬੰਗਾ (ਅਵਤਾਰ ਕਲੇਰ)
ਫੌਜ ਦੀ ਰਾਜਨੀਤੀ ਲਈ ਵਰਤੋਂ ਕਿਸੇ ਵੀ ਕੀਮਤ ’ਤੇ ਨਹੀਂ ਹੋਣੀ ਚਾਹੀਦੀ, ਅਜਿਹਾ ਕਰਨ ਨਾਲ ਭਾਰਤੀ ਫੌਜ ਦਾ ਅਕਸ ਖਰਾਬ ਹੁੰਦਾ ਹੈ। ਇਹ ਵਿਚਾਰ ਸੀ ਪੀ ਆਈ ਐੱਮ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ, ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਬਰਾੜ ਅਤੇ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤੂਪੁਰ ਨੇ ਇੱਕ ਸਾਂਝੇ ਬਿਆਨ ਵਿੱਚ ਪ੍ਰਗਟ ਕੀਤੇ।
ਉਹ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਰਤਸਰ ਦੇ ਖੇਤਰ ਵਿੱਚ ਸੁਰੱਖਿਆ ਹਵਾਈ ਗੰਨਾਂ ਤਾਇਨਾਤ ਕਰਨ ਵਾਲੇ ਬਿਆਨ ਦੇ ਸੰਦਰਭ ਵਿੱਚ ਗੱਲ ਕਰ ਰਹੇ ਸਨ। ਇੱਥੇ ਇਹ ਵਰਨਣਯੋਗ ਹੈ ਕਿ ਭਾਰਤੀ ਫੌਜ ਦੇ ਇੱਕ ਲੈਫਟੀਨੈੱਟ ਜਨਰਲ ਸਮੇਰ ਇਵਾਨ ਵੱਲੋਂ ਇੱਕ ਚੈਨਲ ਲਈ ਦਿੱਤੀ ਜਾ ਰਹੀ ਇੰਟਰਵਿਊ ’ਚ ਦਾਅਵਾ ਕੀਤਾ ਸੀ ਕਿ ਅਪਰੇਸ਼ਨ ਸਿੰਧੂਰ ਦੌਰਾਨ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਖੇਤਰ ਵਿੱਚ ਸੁਰੱਖਿਆ ਹਵਾਈ ਗੰਨਾਂ ਲਗਾਈਆਂ ਗਈਆਂ ਸਨ। ਪਾਕਿਸਤਾਨ ਨੇ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਡਰੋਨ ਹਮਲੇ ਕੀਤੇ, ਜਿਹਨਾਂ ਨੂੰ ਭਾਰਤੀ ਡਿਫੈਂਸ ਸਿਸਟਮ ਨੇ ਨਸ਼ਟ ਕਰ ਦਿੱਤਾ ਸੀ। ਇਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਅਡੀਸਨਲ ਮੁੱਖ ਗ੍ਰੰਥੀ ਗਿ: ਅਮਰਜੀਤ ਸਿੰਘ ਨੇ ਇਸ ਬਿਆਨ ਤੇ ਹੈਰਾਨੀ ਪ੍ਰਗਟ ਕਰਦਿਆਂ ਇਸਨੂੰ ਗਲਤ ਕਿਹਾ ਸੀ। ਉਹਨਾਂ ਕਿਹਾ ਕਿ ਇਸ ਖੇਤਰ ਵਿੱਚ ਸੁਰੱਖਿਆ ਹਵਾਈ ਗੰਨਾਂ ਨਹੀਂ ਲਗਾਈਆਂ ਗਈਆਂ ਅਤੇ ਨਾ ਹੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੰਨਾਂ ਲਗਾਉਣ ਲਈ ਕੋਈ ਪ੍ਰਵਾਨਗੀ ਦਿੱਤੀ। ਉਹਨਾਂ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਤੋਂ ਮਨੁੱਖਤਾ ਦੇ ਭਲੇ ਲਈ ਅਰਦਾਸ ਹੁੰਦੀ ਹੈ ਅਤੇ ਕੋਈ ਇਸ ਅਸਥਾਨ ਬਾਰੇ ਮਾੜਾ ਸੋਚ ਵੀ ਨਹੀਂ ਸਕਦਾ। ਇੱਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਇਸ ਖੰਡਨ ਤੋਂ ਬਾਅਦ ਭਾਰਤੀ ਫੌਜ ਨੇ ਹਵਾਈ ਗੰਨਾਂ ਦੀਆਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਸੀ ਅਤੇ ਸਪਸ਼ਟੀਕਰਨ ਦਿੰਦਿਆਂ ਕਿਹਾ ਸੀ ਕਿ ਇਸ ਖੇਤਰ ਵਿੱਚ ਗੰਨਾਂ ਤਾਇਨਾਤ ਨਹੀਂ ਕੀਤੀਆਂ ਗਈਆਂ ਸਨ।
ਤਿੰਨੇ ਕਮਿਊਨਿਸਟ ਨੇਤਾਵਾਂ ਨੇ ਕਿਹਾ ਕਿ ਅਜਿਹਾ ਗੈਰਵਾਜਬ ਤੇ ਝੂਠਾ ਬਿਆਨ ਫੌਜ ਨੂੰ ਰਾਜਨੀਤੀ ਲਈ ਵਰਤਣ ਵਾਸਤੇ ਕੇਂਦਰ ਸਰਕਾਰ ਵੱਲੋਂ ਦਿਵਾਇਆ ਗਿਆ, ਤਾਂ ਜੋ ਸਿੱਖਾਂ ਦੀਆਂ ਭਾਵਨਾਵਾਂ ਨੂੰ ਆਪਣੇ ਹਿਤਾਂ ਲਈ ਵਰਤਿਆ ਜਾ ਸਕੇ। ਉਹਨਾਂ ਕਿਹਾ ਕਿ ਇਹ ਬਿਆਨ ਫੌਜ ਦਾ ਵਿਸਵਾਸ਼ ਤੋੜਣ ਵਾਲਾ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਦਾ ਪਰਦਾਫਾਸ਼ ਕਰਦਾ ਹੈ। ਇੱਥੇ ਹੀ ਬੱਸ ਨਹੀਂ ਸ੍ਰੀ ਦਰਬਾਰ ਸਾਹਿਬ ਖੇਤਰ ਦੀ ਮਰਯਾਦਾ ’ਤੇ ਵੀ ਕਈ ਸੁਆਲ ਖੜੇ ਕਰਦਾ ਹੈ, ਜੋ ਮੰਦਭਾਗਾ ਹੈ। ਭਾਰਤੀ ਫੌਜ ਨੂੰ ਇਸ ਬਿਆਨ ਤੋਂ ਪਿੱਛੇ ਮੁੜਣਾ ਪਿਆ। ਆਗੂਆਂ ਨੇ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ।
ਆਗੂਆਂ ਨੇ ਕਿਹਾ ਕਿ ਫੌਜ ਦੀ ਰਾਜਨੀਤੀ ਲਈ ਕਿਸੇ ਵੀ ਕੀਮਤ ਤੇ ਵਰਤੋਂ ਨਹੀਂ ਹੋਣੀ ਚਾਹੀਦੀ। ਕੇਂਦਰ ਸਰਕਾਰ ਦੇ ਇਸ਼ਾਰੇ ਬਗੈਰ ਅਜਿਹਾ ਬਿਆਨ ਨਹੀਂ ਦਿੱਤਾ ਜਾ ਸਕਦਾ, ਸਰਕਾਰ ਸਪਸ਼ਟ ਕਰੇ ਕਿ ਇਹ ਝੂਠਾ ਬਿਆਨ ਕਿਉਂ ਦਿਵਾਇਆ ਗਿਆ? ਅੱਗੇ ਲਈ ਵੀ ਭਰੋਸਾ ਪੈਦਾ ਕਰੇ ਕਿ ਫੌਜ ਦੀ ਰਾਜਨੀਤੀ ਲਈ ਕਦੇ ਵੀ ਵਰਤੋਂ ਨਹੀਂ ਕੀਤੀ ਜਾਵੇਗੀ।