ਚੇਨੱਈ : ਅਪ੍ਰੇਸ਼ਨ ਸਿੰਧੂਰ ਤੋਂ ਬਾਅਦ ਕੌਮਾਂਤਰੀ ਪਹੁੰਚ ਦੇ ਹਿੱਸੇ ਵਜੋਂ ਡੀ ਐੱਮ ਕੇ ਆਗੂ ਕਨੀਮੋਝੀ ਦੀ ਅਗਵਾਈ ਵਿੱਚ ਮਾਸਕੋ ਜਾ ਰਹੇ ਭਾਰਤੀ ਸੰਸਦ ਮੈਂਬਰਾਂ ਦੇ ਵਫਦ ਦੀ ਉਡਾਨ ਨੂੰ ਡਰੋਨ ਹਮਲੇ ਕਾਰਨ ਵੀਰਵਾਰ ਰਾਤ ਕੁਝ ਸਮੇਂ ਲਈ ਅਸਮਾਨ ਵਿੱਚ ਚੱਕਰ ਲਾਉਣਾ ਪਿਆ, ਪਰ 45 ਮਿੰਟ ਦੀ ਦੇਰੀ ਨਾਲ ਜਹਾਜ਼ ਸੁਰੱਖਿਅਤ ਉੱਤਰ ਗਿਆ।
ਵਹੁਟੀ ਨਾਲ ਕਲੇਸ਼ ਤੋਂ ਬਾਅਦ ਵਿਚੋਲਾ ਮਾਰ’ਤਾ
ਮੇਂਗਲੁਰੂ (ਕਰਨਾਟਕ) : ਪਤਨੀ ਨਾਲ ਕਲੇਸ਼ ਕਾਰਨ ਬੁੱਧਵਾਰ ਰਾਤ ਮੇਂਗਲੁਰੂ ਦਿਹਾਤੀ ਪੁਲਸ ਸਟੇਸ਼ਨ ਦੀ ਹਦੂਦ ਅੰਦਰ ਵਾਲਾਚਿਲ ਵਿਖੇ ਮੁਸਤਫਾ (30) ਨੇ ਵਾਮਨਜੂਰ ਦੇ ਰਹਿਣ ਵਾਲੇ ਵਿਚੋਲੇ ਸੁਲੇਮਾਨ (50) ਨੂੰ ਚਾਕੂ ਮਾਰ ਕੇ ਮਾਰ ਦਿੱਤਾ ਤੇ ਉਸ ਦੇ ਦੋ ਪੁੱਤਰਾਂ ਰਿਆਬ ਅਤੇ ਸਿਆਬ ਨੂੰ ਜ਼ਖਮੀ ਕਰ ਦਿੱਤਾ। ਸੁਲੇਮਾਨ ਨੇ ਕਰੀਬ ਅੱਠ ਮਹੀਨੇ ਪਹਿਲਾਂ ਆਪਣੇ ਰਿਸ਼ਤੇਦਾਰ ਮੁਸਤਫਾ ਦਾ ਸਾਕ ਕਰਾਇਆ ਸੀ। ਮੁਸਤਫਾ ਨੇ ਰਾਤ 9:30 ਵਜੇ ਦੇ ਕਰੀਬ ਸੁਲੇਮਾਨ ਨੂੰ ਫੋਨ ਕਰਕੇ ਗਾਲੀ-ਗਲੋਚ ਕੀਤੀ, ਜਿਸ ਤੋਂ ਬਾਅਦ ਸੁਲੇਮਾਨ ਅਤੇ ਉਸ ਦੇ ਪੁੱਤਰ ਮੁਲਜ਼ਮ ਦੇ ਘਰ ਗਏ। ਜਦੋਂ ਉਹ ਗੱਲਬਾਤ ਕਰਨ ਤੋਂ ਬਾਅਦ ਮੁੜ ਰਹੇ ਸਨ ਤਾਂ ਮੁਸਤਫਾ ਘਰੋਂ ਬਾਹਰ ਆਇਆ ਅਤੇ ਉਸ ਨੇ ਸੁਲੇਮਾਨ ਦੀ ਗਰਦਨ ’ਤੇ ਚਾਕੂ ਮਾਰ ਦਿੱਤਾ। ਉਸ ਨੇ ਸੁਲੇਮਾਨ ਦੇ ਪੁੱਤਰਾਂ ਨੂੰ ਵੀ ਜ਼ਖਮੀ ਕਰ ਦਿੱਤਾ। ਪੁਲਸ ਨੇ ਮੁਸਤਫਾ ਨੂੰ ਗਿ੍ਰਫਤਾਰ ਕਰ ਲਿਆ ਹੈ।
ਕੇਂਦਰੀ ਮੰਤਰੀ ਦੀ ਪਤਨੀ ਕੋਲ ਦੋ ਵੋਟਰ ਕਾਰਡ
ਕੋਲਕਾਤਾ : ਭਾਜਪਾ ਦੇ ਪੱਛਮੀ ਬੰਗਾਲ ਪ੍ਰਧਾਨ ਅਤੇ ਕੇਂਦਰੀ ਮੰਤਰੀ ਸੁਕਾਂਤ ਮਜੂਮਦਾਰ ਦੀ ਪਤਨੀ ਕੋਇਲ ਮਜੂਮਦਾਰ ਕੋਲ ਦੋ ਵੋਟਰ ਆਈ ਡੀ ਕਾਰਡ ਹੋਣ ਦੀ ਸ਼ਿਕਾਇਤ ਦੀ ਚੋਣ ਕਮਿਸ਼ਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਕਾਰਡ ਬਾਲੁਰਘਾਟ ਅਤੇ ਦੂਜਾ ਜਲਪਾਈਗੁੜੀ ਵਿੱਚ ਰਜਿਸਟਰਡ ਹੈ। ਇੱਕ ਕੋਇਲ ਚੌਧਰੀ ਦੇ ਨਾਂਅ ਹੇਠ ਜਾਰੀ ਕੀਤਾ ਗਿਆ ਸੀ, ਜਦਕਿ ਦੂਜਾ ਵਿਆਹ ਤੋਂ ਬਾਅਦ ਕੋਇਲ ਮਜੂਮਦਾਰ ਦੇ ਨਾਂਅ ਹੇਠ ਬਣਾਇਆ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਜੇ ਉਸ ਨੇ ਫਾਰਮ 18 ਜਮ੍ਹਾ ਕਰਵਾਇਆ ਹੁੰਦਾ ਤਾਂ ਇਸ ਤੋਂ ਬਚਿਆ ਜਾ ਸਕਦਾ ਸੀ। ਇਹ ਕਾਰਡਧਾਰਕ ਦੀ ਜ਼ਿੰਮੇਵਾਰੀ ਹੈ ਕਿ ਉਹ ਕਿਸੇ ਵੀ ਬਦਲਾਅ ਬਾਰੇ ਚੋਣ ਕਮਿਸ਼ਨ ਨੂੰ ਸੂਚਿਤ ਕਰੇ।




