ਅਣਐਲਾਨੀ ਐਮਰਜੈਂਸੀ ਦੇ 11 ਸਾਲ ਪੂਰੇ : ਖੜਗੇ

0
171

ਨਵੀਂ ਦਿੱਲੀ : ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ ਦੇ ਨਾਲ ਕਾਂਗਰਸ ਨੇ ਸੋਮਵਾਰ ਦੋਸ਼ ਲਾਇਆ ਕਿ ‘ਅਣਐਲਾਨੀ ਐਮਰਜੈਂਸੀ’ 11 ਸਾਲ ਦੀ ਹੋ ਗਈ ਹੈ ਅਤੇ ‘ਅੱਛੇ ਦਿਨਾਂ’ ਦਾ ਵਾਅਦਾ ਹਕੀਕਤ ਵਿੱਚ ਇੱਕ ਭੈੜਾ ਸੁਪਨਾ ਸਾਬਤ ਹੋਇਆ ਹੈ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਦਾਅਵਾ ਕੀਤਾ ਕਿ ਪਿਛਲੇ 11 ਸਾਲਾਂ ਵਿੱਚ 140 ਕਰੋੜ ਲੋਕਾਂ ਦਾ ਹਰ ਵਰਗ ਪ੍ਰੇਸ਼ਾਨ ਰਿਹਾ ਹੈ। ਉਨ੍ਹਾ ਐਕਸ ’ਤੇ ਸਾਂਝੀ ਇੱਕ ਪੋਸਟ ਵਿੱਚ ਕਿਹਾ, ‘‘26 ਮਈ 2014 ਤੋਂ 11 ਸਾਲਾਂ ਵਿੱਚ ਵੱਡੇ ਵਾਅਦਿਆਂ ਨੂੰ ਸਿਰਫ ਦਾਅਵਿਆਂ ਵਿੱਚ ਬਦਲ ਕੇ ਮੋਦੀ ਸਰਕਾਰ ਨੇ ਦੇਸ਼ ਨੂੰ ਇਸ ਤਰ੍ਹਾਂ ਬਰਬਾਦ ਕਰ ਦਿੱਤਾ ਹੈ ਕਿ ਅੱਛੇ ਦਿਨਾਂ ਦਾ ਵਾਅਦਾ ਹੁਣ ਇੱਕ ਭੈੜਾ ਸੁਪਨਾ ਸਾਬਤ ਹੋ ਗਿਆ ਹੈ।’’ ਉਨ੍ਹਾ ਆਪਣੀ ਪੋਸਟ ਵਿੱਚ ਨੌਜਵਾਨਾਂ ਲਈ ਨੌਕਰੀਆਂ, ਕਿਸਾਨਾਂ ਦੀ ਆਮਦਨੀ, ਔਰਤਾਂ ਅਤੇ ਕਮਜ਼ੋਰ ਵਰਗਾਂ ਦਾ ਮੁੱਦਾ ਚੁੱਕਿਆ। ਖੜਗੇ ਨੇ ਕਿਹਾ ਕਿ ਮਹਿੰਗਾਈ ਆਪਣੇ ਸਿਖਰ ’ਤੇ ਹੈ ਅਤੇ ਬੇਰੁਜ਼ਗਾਰੀ ਦਾ ਹੜ੍ਹ ਆਇਆ ਹੋਇਆ ਹੈ। ਖਪਤ ਠੱਪ ਹੈ, ਮੇਕ ਇਨ ਇੰਡੀਆ ਫਲੌਪ ਹੋ ਗਿਆ ਹੈ ਅਤੇ ਅਸਮਾਨਤਾ ਵੀ ਆਪਣੇ ਸਿਖਰ ’ਤੇ ਹੈ। ‘ਵਿਸ਼ਵ ਗੁਰੂ’ ਬਣਨ ਦਾ ਵਾਅਦਾ ਸੀ, ਹਰ ਦੇਸ਼ ਨਾਲ ਸੰਬੰਧ ਵਿਗੜ ਗਏ। ਆਰ ਐੱਸ ਐੱਸ ਹਰ ਥੰਮ੍ਹਾਂ ’ਤੇ ਹਮਲਾ ਕਰਦਾ ਹੈ, ਈ ਡੀ/ਸੀ ਬੀ ਆਈ ਦੀ ਦੁਰਵਰਤੋਂ, ਸੰਸਥਾਵਾਂ ਦੀ ਖੁਦਮੁਖਤਿਆਰੀ ਬਰਬਾਦ ਹੋ ਗਈ ਹੈ।