ਪੋ੍ਰ. ਆਰ ਪੀ ਬਾਂਬਾ ਨਹੀਂ ਰਹੇ

0
103

ਚੰਡੀਗੜ੍ਹ : ਉੱਘੇ ਗਣਿਤ-ਸ਼ਾਸਤਰੀ ਤੇ ਗਣਿਤ ਲਈ ਵੱਕਾਰੀ ਪਦਮ ਭੂਸ਼ਣ ਅਤੇ ਰਾਮਾਨੁਜਨ ਮੈਡਲ ਪ੍ਰਾਪਤ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ ਤੇ ਟਿ੍ਰਬਿਊਨ ਟਰੱਸਟ ਦੇ ਸਾਬਕਾ ਮੈਂਬਰ ਪ੍ਰੋਫੈਸਰ ਰਾਮ ਪ੍ਰਕਾਸ਼ ਬਾਂਬਾ ਨੇ ਸੋਮਵਾਰ ਸਵੇਰੇ ਸੈਕਟਰ 19 ਵਿਚਲੀ ਆਪਣੀ ਰਿਹਾਇਸ਼ ’ਤੇ ਆਖਰੀ ਸਾਹ ਲਿਆ। ਸਤੰਬਰ ਵਿੱਚ ਉਨ੍ਹਾ 100 ਸਾਲ ਦੇ ਹੋਣਾ ਸੀ। ਉਨ੍ਹਾ ਦੇ ਪਰਵਾਰ ਵਿੱਚ ਪਿੱਛੇ ਦੋ ਧੀਆਂ ਬਿੰਦੂ ਏ ਬਾਂਬਾ ਅਤੇ ਸੁਚਾਰੂ ਖੰਨਾ ਹਨ। ਬਿੰਦੂ ਨੇ ਕਿਹਾ, ‘‘ਉਹ ਅਖੀਰ ਤੱਕ ਇੱਕ ਵਿਗਿਆਨੀ ਰਹੇ, ਕਿਉਂਕਿ ਉਹ ਚਾਹੁੰਦੇ ਸੀ ਕਿ ਉਨ੍ਹਾ ਦਾ ਸਰੀਰ ਖੋਜ ਅਤੇ ਵਿਗਿਆਨ ਲਈ ਪੀ ਜੀ ਆਈ ਨੂੰ ਦਾਨ ਕੀਤਾ ਜਾਵੇ। ਪਰਵਾਰ ਉਨ੍ਹਾਂ ਦੀ ਇੱਛਾ ਦਾ ਸਤਿਕਾਰ ਕਰਦਾ ਹੈ ਅਤੇ ਜੋ ਵੀ ਜ਼ਰੂਰੀ ਹੋਵੇਗਾ ਉਹ ਕਰੇਗਾ। ਉਨ੍ਹਾ ਇੱਕ ਚੰਗੀ ਜ਼ਿੰਦਗੀ ਬਤੀਤ ਕੀਤੀ।’’ ਪ੍ਰੋ. ਬਾਂਬਾ ਨੇ ਪੰਜਾਬ ਯੂਨੀਵਰਸਿਟੀ ਦੇ ਗਣਿਤ ਵਿਭਾਗ ਵਿੱਚ ਪ੍ਰੋਫੈਸਰ ਐਮਰੀਟਸ ਵਜੋਂ ਗਣਿਤ ਦੇ ਖੇਤਰ ਵਿੱਚ ਸੇਵਾ ਕੀਤੀ। ਜੰਮੂ ਦੇ ਇੱਕ ਮੱਧ ਵਰਗੀ ਪਰਵਾਰ ਵਿੱਚ ਜਨਮੇ ਪ੍ਰੋਫੈਸਰ ਬਾਂਬਾ ਲਾਹੌਰ ਦੇ ਸਰਕਾਰੀ ਕਾਲਜ ਤੋਂ ਮਾਸਟਰਜ਼ ਦੀ ਪ੍ਰੀਖਿਆ ਵਿੱਚ 600 ’ਚੋਂ 600 ਅੰਕ ਹਾਸਲ ਕਰਨ ਮਗਰੋਂ ਪੀਐੱਚ ਡੀ ਕਰਨ ਲਈ ਕੈਂਬਰਿਜ ਯੂਨੀਵਰਸਿਟੀ ਚਲੇ ਗਏ। ਉਨ੍ਹਾ ਪ੍ਰੋ. ਹੰਸ ਰਾਜ ਗੁਪਤਾ ਨਾਲ ਮਿਲ ਕੇ ਹੁਸ਼ਿਆਰਪੁਰ ਵਿੱਚ ਪੰਜਾਬ ਯੂਨੀਵਰਸਿਟੀ ’ਚ ਗਣਿਤ ਵਿਭਾਗ ਦੀ ਸਥਾਪਨਾ ਕੀਤੀ, ਜੋ ਫਿਰ ਚੰਡੀਗੜ੍ਹ ਤਬਦੀਲ ਹੋ ਗਿਆ, ਜਿੱਥੇ ਇਹ ਪੰਜਾਬ ਯੂਨੀਵਰਸਿਟੀ ਵਿੱਚ ਐਡਵਾਂਸਡ ਸਟੱਡੀ ਦਾ ਪਹਿਲਾ ਕੇਂਦਰ ਬਣ ਗਿਆ। ਓਹੀਓ ਸਟੇਟ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵਜੋਂ 5 ਸਾਲ ਬਿਤਾਉਣ ਤੋਂ ਬਾਅਦ ਉਹ ਪੰਜਾਬ ਯੂਨੀਵਰਸਿਟੀ ਵਾਪਸ ਆਏ। ਉਹ 1985 ਤੋਂ 1991 ਤੱਕ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ, ਜੋ ਕਿ ਯੂਨੀਵਰਸਿਟੀ ਦੇ ਮਹਾਨ ਵਿਕਾਸ ਦਾ ਦੌਰ ਸੀ।