ਭੁੱਜ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਭੁੱਜ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਨੂੰ ਸਖਤ ਵਾਰਨਿੰਗ ਦਿੱਤੀ। ਉਨ੍ਹਾ ਕਿਹਾਪਾਕਿਸਤਾਨ ਕੋ ਆਤੰਕੀ ਬਿਮਾਰੀ ਸੇ ਮੁਕਤ ਕਰਨੇ ਕੇ ਲੀਏ ਪਾਕਿਸਤਾਨ ਕੀ ਆਵਾਮ ਕੋ ਆਗੇ ਆਨਾ ਹੋਗਾ। ਸੁਖ ਚੈਨ ਕੀ ਜ਼ਿੰਦਗੀ ਜੀਓ, ਰੋਟੀ ਖਾਓ, ਵਰਨਾ ਮੇਰੀ ਗੋਲੀ ਤੋ ਹੈ ਹੀ। ਮੋਦੀ ਨੇ ਦਾਹੋਦ ’ਚ ਕਿਹਾ ਕਿ ਪਾਕਿਸਤਾਨ ਦਾ ਇੱਕੋ-ਇੱਕ ਨਿਸ਼ਾਨਾ ਭਾਰਤ ਨਾਲ ਨਫ਼ਰਤ ਕਰਨਾ ਤੇ ਉਸ ਨੂੰ ਨੁਕਸਾਨ ਪਹੁੰਚਾਉਣ ਦੇ ਢੰਗ-ਤਰੀਕੇ ਬਾਰੇ ਸੋਚਣਾ ਹੈ, ਜਦੋਂਕਿ ਸਾਡੇ ਮੁਲਕ ਨੇ ਗਰੀਬੀ ਖਤਮ ਕਰਨ ਤੇ ਆਰਥਕ ਤਰੱਕੀ ਲਿਆਉਣ ਜਿਹੇ ਟੀਚੇ ਮਿੱਥੇ ਹੋਏ ਹਨ। ਦਾਹੋਦ ਵਿੱਚ 24,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ, ਜਿਸ ਵਿੱਚ ਇੱਕ ਲੋਕੋਮੋਟਿਵ ਨਿਰਮਾਣ ਪਲਾਂਟ ਵੀ ਸ਼ਾਮਲ ਹੈ, ਦੀ ਸ਼ੁਰੂਆਤ ਕਰਨ ਤੋਂ ਬਾਅਦ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਜਿਹੜੇ ਸਾਡੀਆਂ ਭੈਣਾਂ ਦਾ ਸਿੰਧੂਰ ਮਿਟਾਉਣ ਦੀ ਹਿੰਮਤ ਕਰਦੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਅੰਤ ਨੇੜੇ ਹੈ।’ ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੋਲੀ, ਦੀਵਾਲੀ ਤੇ ਗਣੇੇਸ਼ ਪੂਜਾ ਜਿਹੇ ਤਿਉਹਾਰਾਂ ਮੌਕੇ ਭਾਰਤ ਵਿੱਚ ਬਣੇ ਉਤਪਾਦ ਹੀ ਖਰੀਦਣ ਤੇ ਵਰਤਣ। ਅਪ੍ਰੇਸ਼ਨ ਸਿੰਧੂਰ ਬਾਰੇ ਭਾਰਤੀ ਪ੍ਰੈੱਸ ਕਾਨਫਰੰਸਾਂ ਦੀ ਅਗਵਾਈ ਕਰਨ ਵਾਲੀ ਕਰਨਲ ਸੋਫੀਆ ਕੁਰੈਸ਼ੀ ਦਾ ਪਰਵਾਰ ਵਡੋਦਰਾ ਵਿੱਚ ਪ੍ਰਧਾਨ ਮੋਦੀ ਦੇ ਰੋਡ ਸ਼ੋਅ ਵਿੱਚ ਸ਼ਾਮਲ ਹੋਇਆ। ਸੋਫੀਆ ਕੁਰੈਸ਼ੀ ਦਾ ਭਰਾ ਸੰਜੇ ਕੁਰੈਸ਼ੀ, ਭੈਣ ਸ਼ਾਇਨਾ ਸੁਨੇਸਰਾ ਅਤੇ ਹੋਰ ਪਰਵਾਰਕ ਮੈਂਬਰ ਪ੍ਰਧਾਨ ਮੰਤਰੀ ਦੀ ਇੱਕ ਝਲਕ ਪਾਉਣ ਲਈ ਕਤਾਰ ਵਿੱਚ ਖੜ੍ਹੇ ਨਜ਼ਰ ਆਏ। ਰੋਡ ਸ਼ੋਅ ਵਿੱਚ ਕਈ ਅਫਰੀਕੀ ਵਿਦਿਆਰਥੀ ਵੀ ਲਾਈਨ ਵਿੱਚ ਖੜ੍ਹੇ ਸਨ।





