ਕਮਿਊਨਿਸਟ ਪਾਰਟੀ ਦੇ ਸੋਸ਼ਲ ਮੀਡੀਆ ਨੇ ਪ੍ਰਾਪਤੀਆਂ ਤੇ ਕੁਰਬਾਨੀਆਂ ਦੱਸਣੀਆਂ : ਡੀ. ਰਾਜਾ

0
91

ਅਜੋਏ ਭਵਨ, ਨਵੀਂ ਦਿੱਲੀ
(ਗਿਆਨ ਸੈਦਪੁਰੀ)
‘ਜਿੱਥੇ ਭਾਜਪਾ ਦਾ ਸੋਸ਼ਲ ਮੀਡੀਆ ਕਮਿਊਨਿਸਟਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਡਰ ਦਾ ਮਾਹੌਲ ਬਣਾ ਕੇ ਸਿਆਸਤ ਤੇ ਸਮਾਜ ਵਿੱਚ ਗੰਧਲਾਪਨ ਪੈਦਾ ਕਰ ਰਿਹੈ, ਉੱਥੇ ਸਾਡੇ ਸੋਸ਼ਲ ਮੀਡੀਆ ਨੇ ਦੱਸਣਾ ਹੈ ਕਿ ਸੀ ਪੀ ਆਈ ਨੇ 100 ਸਾਲਾਂ ਵਿੱਚ ਕਿੰਨਾ ਸੰਘਰਸ਼ ਕੀਤਾ, ਕਿੰਨੀਆਂ ਪ੍ਰਾਪਤੀਆਂ ਕੀਤੀਆਂ ਤੇ ਪ੍ਰਾਪਤੀਆਂ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ. ਰਾਜਾ ਨੇ ਕੀਤਾ। ਉਹ ਸੋਮਵਾਰ ਇੱਥੇ ਪਾਰਟੀ ਦੇ ਸੋਸ਼ਲ ਮੀਡੀਆ ਵਿਭਾਗ ਦੀ ਦੋ ਦਿਨਾ ਮੀਟਿੰਗ ਦਾ ਉਦਘਾਟਨ ਕਰ ਰਹੇ ਸਨ। ਉਹਨਾ ਕਿਹਾ ਕਿ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸਾਹ ਭਾਜਪਾ ਦਾ ਸੋਸ਼ਲ ਮੀਡੀਆ ਚਲਾਉਣ ਵਾਲਿਆਂ ਨੂੰ ‘ਯੋਧੇ’ ਆਖਦਾ ਹੈ। ਸਾਡੇ ਸੋਸ਼ਲ ਮੀਡੀਆ ਚਲਾਉਣ ਵਾਲੇ ਕਾਰਕੁਨ ਵੀ ਯੋਧੇ ਹਨ। ਭਾਜਪਾਈ ਜਿੱਥੇ ਆਰਟੀਫਿਸ਼ੀਅਲ ਇੰਟੈਲੀਜੈਂਸੀ ਰਾਹੀਂ ਮੋਦੀ ਨੂੰ ਮਮਤਾ ਬੈਨਰਜੀ ਨਾਲ ਡਾਂਸ ਕਰਦਾ ਦਿਖਾਉਂਦੇ ਹਨ, ਉੱਥੇ ਸਾਡੇ ਸੋਸ਼ਲ ਮੀਡੀਆ ਨੇ ਦੱਸਣਾ ਹੈ ਕਿ ਕਮਿਊਨਿਸਟ ਕੌਣ ਹਨ, ਉਨ੍ਹਾਂ ਦੀ ਵਿਚਾਰਧਾਰਾ ਕੀ ਹੈ। ਇਹ ਵੀ ਦੱਸਣਾ ਹੈ ਕਿ ਪਾਰਟੀ ਨਿੱਜੀ ਖੇਤਰ ਵਿੱਚ ਰਾਖਵਾਂਕਰਨ ਚਾਹੁੰਦੀ ਹੈ, ਲੋਕਾਂ ਦੀਆਂ ਮੰਗਾਂ ਤੇ ਮਸਲੇ ਕੀ ਹਨ। ਡੀ. ਰਾਜਾ ਨੇ 16-17 ਰਾਜਾਂ ਤੋਂ ਆਏ ਸੋਸ਼ਲ ਮੀਡੀਆ ਕਾਰਕੁਨਾਂ ਨੂੰ ਤਗੀਦ ਕੀਤੀ ਕਿ ਨਾ ਤਾਂ ਇਸ ਮੰਚ ਨੂੰ ਨਿੱਜ ਦੇ ਪ੍ਰਚਾਰ ਲਈ ਵਰਤਣਾ ਹੈ ਤੇ ਨਾ ਹੀ ਪਾਰਟੀ ਨੂੰ ਕਿਸੇ ਕਿਸਮ ਦੀ ਢਾਹ ਲੱਗੇ।
ਭਾਰਤੀ ਔਰਤਾਂ ਦੀ ਨੈਸ਼ਨਲ ਫੈਡਰੇਸਨ ਦੀ ਜਨਰਲ ਸਕੱਤਰ ਐਨੀ ਰਾਜਾ ਨੇ ਕਿਹਾ ਕਿ ਬੁਰਜੂਆ ਸਿਆਸੀ ਪਾਰਟੀਆਂ ਦੇ ਮੁਕਾਬਲੇ ਸਾਡੇ ਕੋਲ ਬਹੁਤ ਹੀ ਸੀਮਤ ਆਰਥਕ ਸਾਧਨ ਹਨ। ਸਾਡੇ ਪ੍ਰਤੀਬੱਧ ਕਾਡਰ ਨੇ ਆਪਣੇ ਸੀਮਤ ਸਾਧਨਾਂ ਨਾਲ ਹੀ ਉਹਨਾਂ ਦਾ ਕੁਚੱਜ ਨੰਗਾ ਕਰਨਾ ਹੈ ਤੇ ਕਮਿਊਨਿਸਟਾਂ ਦੀ ਵੱਖਰੀ ਨਿਆਰੀ ਤੇ ਲੋਕ-ਪੱਖੀ ਸੋਚ ਨੂੰ ਲੋਕਾਂ ਦੇ ਸਨਮੁੱਖ ਰੱਖਣਾ ਹੈ। ਸੋਸ਼ਲ ਮੀਡੀਆ ਰਾਹੀਂ ਅਸੀਂ ਸਮਾਜਿਕ ਸੱਚਾਈਆਂ ਬਾਰੇ ਵੀ ਜਾਣੂ ਕਰਾਉਣਾ ਹੈ ਤੇ ਆਪਣੀ ਸੱਭਿਅਤਾ ਵੀ ਪੇਸ਼ ਕਰਨੀ ਹੈ। ਉਹਨਾ ਕਿਹਾ ਕਿ ਸੀ ਪੀ ਆਈ ਦਾ ਕੋਈ ਰੋਜ਼ਾਨਾ ਅਖਬਾਰ ਨਾ ਹੋਣਾ ਵੀ ਸਾਡੇ ਦਿ੍ਰਸ਼ਟੀਕੋਣ ਨੂੰ ਲੋਕਾਂ ਵਿੱਚ ਲਿਜਾਣ ਲਈ ਦਿੱਕਤ ਹੈ। ਸਾਡੇ ਮੀਡੀਆ ਕਾਰਕੁਨਾਂ ਨੂੰ ਇਹ ਕਸਾਰਾ ਵੀ ਪੂਰਾ ਕਰਨਾ ਹੈ।
ਡਾਕਟਰ ਕਾਂਗੋ ਨੇ ਵੀ ਸੋਸ਼ਲ ਮੀਡੀਆ ਦੇ ਮਹੱਤਵ ਦਾ ਵਿਸਥਾਰ ਨਾਲ ਵਰਣਨ ਕੀਤਾ। ਇਸ ਮੀਟਿੰਗ ਦਾ ਇਹ ਵੀ ਨਿਸ਼ਾਨਾ ਹੈ ਕਿ ਸੋਸ਼ਲ ਮੀਡੀਆ ਰਾਹੀਂ ਪਾਰਟੀ ਨੂੰ ਮਜ਼ਬੂਤੀ ਵੱਲ ਲਿਜਾਇਆ ਜਾਵੇ। ਸਾਬਕਾ ਐੱਮ ਪੀ ਅਜ਼ੀਜ਼ ਪਾਸ਼ਾ ਨੇ ਕਿਹਾ ਕਿ ਭਾਜਪਾ ਦੀ ‘ਝੂਠ ਯੂਨੀਵਰਸਿਟੀ’ ਬੜੀ ਅੱਗੇ ਵਧ ਚੁੱਕੀ ਹੈ। ਉਸ ਦੇ ਗੰੁਮਰਾਹਕੁਨ ਪ੍ਰਚਾਰ ਦੀ ਕਾਟ ਲਈ ਸੀ ਪੀ ਆਈ ਦਾ ਸੋਸ਼ਲ ਮੀਡੀਆ ਤਾਕਤਵਰ ਬਣਾਉਣਾ ਸਮੇਂ ਦੀ ਲੋੜ ਹੈ।
ਦੋ ਦਿਨ ਚੱਲਣ ਵਾਲੀ ਮੀਟਿੰਗ ਨੂੰ ਪਾਰਟੀ ਦੇ ਸਕੱਤਰ ਪੱਲਵ ਸੈਨ ਗੁਪਤਾ ਤੇ ਸੋਸ਼ਲ ਮੀਡੀਆ ਦੇ ਕੋਆਰਡੀਨੇਟਰ ਵਿਵੇਕ ਸ਼ਰਮਾ ਨੇ ਵੀ ਸੰਬੋਧਨ ਕੀਤਾ।