ਬੋਹਾ (ਨਿਰੰਜਣ ਬੋਹਾ/ਅਸ਼ੋਕ ਲਾਕੜਾ)-ਚੰਡੀਗੜ੍ਹ ਵਿਖੇ ਹੋ ਰਹੀ ਸੀ ਪੀ ਆਈ ਦੀ 25ਵੀਂ ਕਾਂਗਰਸ ਨੂੰ ਸਫਲ ਕਰਨ ਲਈ ਬਹੁ-ਪੱਖੀ ਤਿਆਰੀਆਂ ਜੰਗੀ ਪੱਧਰ ’ਤੇ ਜਾਰੀ ਹਨ। ਪਾਰਟੀ ਕਾਂਗਰਸ ਲਈ ਮਾਲੀ ਸਾਧਨ ਜੁਟਾਉਣੇ ਸਭ ਤੋਂ ਵੱਡਾ ਕਾਰਜ ਹੈ। ਜ਼ਿਲ੍ਹਾ ਮਾਨਸਾ ਦੇ ਪਾਰਟੀ ਸਕੱਤਰ �ਿਸ਼ਨ ਚੌਹਾਨ ਨੇ ਦੱਸਿਆ ਕਿ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨਿੱਜੀ ਦਿਲਚਸਪੀ ਲੈ ਕੇ ਵੱਡੇ ਪਿੰਡਾਂ ਵਿੱਚ ਜਾ ਕੇ ਫੰਡ ਇਕੱਠਾ ਕਰ ਰਹੇ ਹਨ। ਉਹਨਾ ਦਸ ਸਾਲ ਬਤੌਰ ਵਿਧਾਇਕ ਹਲਕੇ ਦੀ ਨਿਰਸਵਾਰਥ ਸੇਵਾ ਕੀਤੀ ਤੇ ਲੋਕਾਂ ਦੇ ਦਿਲਾਂ ਵਿੱਚ ਸਤਿਕਾਰਤ ਥਾਂ ਬਣਾਈ ਹੈ। ਲੋਕ ਉਨ੍ਹਾ ਦੇ ਸ਼ਬਦਾਂ ’ਤੇ ਫੁੱਲ ਚੜ੍ਹਾਉਣ ਨੂੰ ਆਪਣਾ ਮਾਣ ਸਮਝਦੇ ਹਨ।ਕਾਮਰੇਡ ਅਰਸ਼ੀ ਹਾਲਾਂਕਿ ਪੂਰੀ ਤਰ੍ਹਾਂ ਸਿਹਤਯਾਬ ਨਹੀਂ ਹੋਏ, ਪ੍ਰੰਤੂ ਪਾਰਟੀ ਕਾਂਗਰਸ ਵਰਗੇ ਵੱਡੇ ਕਾਰਜ ਨੂੰ ਧਿਆਨ ਵਿੱਚ ਰੱਖ ਕੇ ਮੈਦਾਨ ਵਿੱਚ ਨਿੱਤਰੇ ਹੋਏ ਹਨ। ਪਹਿਲਾਂ ਉਨ੍ਹਾ ਆਪਣੇ ਜੱਦੀ ਪਿੰਡ ਦਾਤੇਵਾਸ ਤੋਂ ਬ੍ਰਾਂਚ ਨਾਲ ਮਿਲ ਕੇ ਚੋਣਵੇਂ ਵਿਅਕਤੀਆਂ ਤੋਂ 92,000 ਰੁਪਏ ਫੰਡ ਇਕੱਠਾ ਕੀਤਾ, ਉਪਰੰਤ ਪਿੰਡ ਆਲਮਪੁਰ ਮੰਦਰਾਂ ’ਚੋਂ ਚੰਦ ਕੁ ਸ਼ੁਭਚਿੰਤਕਾਂ ਪਾਸੋਂ 85000 ਰੁਪਏ ਫੰਡ ਜਮ੍ਹਾਂ ਕੀਤਾ। ਹੁਣ ਬੁੱਧਵਾਰ ਨੂੰ ਬ੍ਰਾਂਚ ਦੇ ਸਹਿਯੋਗ ਨਾਲ ਪਿੰਡ ਲਖਮੀਰਵਾਲਾ ਤੋਂ ਫੰਡ ਇਕੱਤਰ ਕਰਨਗੇ। ਜ਼ਿਲ੍ਹਾ ਕਿਸਾਨ ਸਭਾ ਦੇ ਜਨਰਲ ਸਕੱਤਰ ਮਲਕੀਤ ਸਿੰਘ ਮੰਦਰਾਂ ਦਾ ਵੀ ਸਰਗਰਮ ਸਹਿਯੋਗ ਰਿਹਾ ਹੈ।




