ਜਲੰਧਰ, (ਸੁਰਿੰਦਰ ਕੁਮਾਰ)
ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਦੀ ਹੱਤਿਆ ਖਿਲਾਫ ਰੋਸ ਵਜੋਂ ਬੁੱਧਵਾਰ ਜਲੰਧਰ ਦੇ ਵਕੀਲਾਂ ਨੇ ਲੱਗਭੱਗ 70 ਕੋਰਟਾਂ ਵਿੱਚ ਕੰਮ ਪੂਰੀ ਤਰਾਂ ਬੰਦ ਰੱਖਿਆ। ਜ਼ਿਲ੍ਹਾ ਜਲੰਧਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਮੈਂਬਰਾਂ ਨੇ ਵਕੀਲ ਬਲਰਾਜ ਸਿੰਘ ਕਾਹਲੋਂ, ਰਾਜੀਵ ਗਰਗ, ਗੁਰਮੀਤ ਸਿੰਘ ਸ਼ੁਗਲੀ, ਰਜਿੰਦਰ ਮੰਡ, ਰਮਨ ਭਾਰਦਵਾਜ, ਗੁਰਪ੍ਰੀਤ ਖੇੜਾ ਅੰਜੂ ਸੋਢੀ, ਜਸਪ੍ਰੀਤ ਸਿੰਘ ਭੱਲਾ, ਸੱਤਪਾਲ ਵਿਰਦੀ, ਡੀ ਐੱਸ ਛੀਨਾ, ਅਕਾਸ਼ ਗੁਪਤਾ ਤੇ ਮਹਿਕ ਨੇ ਦੱਸਿਆ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ, ਜਿਸ ਵਿੱਚ ਇੱਕ ਹੋਣਹਾਰ ਐਡਵੋਕੇਟ ਦੀ ਜਾਨ ਲਈ ਗਈ ਹੈ। ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਬਾਰ ਐਸੋਸੀਏਸ਼ਨ ਨੇ ਇਲਾਕੇ ਦੇ ਥਾਣੇ ਦੇ ਐੱਸ ਐੱਚ ਓ ਦੀ ਭੂਮਿਕਾ ਨੂੰ ਸ਼ੱਕੀ ਕਰਾਰ ਦਿੱਤਾ ਕਿ ਉਹ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਜਾਂਚ ਵਿੱਚ ਲੱਗੇ ਰਹੇ। ਉਨ੍ਹਾਂ ਕਿਹਾ ਕਿ ਐੱਸ ਐੱਚ ਓ ਨੂੰ ਕਿੱਦਾਂ ਪਤਾ ਸੀ ਕਿ ਐਡਵੋਕੇਟ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਕੀ ਐੱਸ ਐੱਚ ਓ ਕਾਤਲਾਂ ਵੱਲੋਂ ਕੀਤੀ ਜਾਣ ਵਾਲੀ ਘਟਨਾ ਦੀ ਜਾਣਕਾਰੀ ਰੱਖਦਾ ਸੀ। ਉਹ ਵਾਰਦਾਤ ਤੋਂ ਢਾਈ ਘੰਟੇ ਦੀ ਦੇਰੀ ’ਤੇ ਕਿਉਂ ਪਹੰੁਚਿਆ, ਜਦੋਂ ਕਿ ਥਾਣਾ ਬਸਤੀ ਬਾਵਾ ਖੇਲ ਇਸ ਘਟਨਾ ਵਾਲੀ ਥਾਂ ਤੋਂ ਕੁਝ ਹੀ ਦੂਰੀ ’ਤੇ ਪੈਂਦਾ ਹੈ। ਵਕੀਲਾਂ ਨੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ।




