ਚੰਡੀਗੜ੍ਹ, (ਗੁਰਜੀਤ ਬਿੱਲਾ)
ਪਟਿਆਲਾ ਤੋਂ ਭਾਜਪਾ ਕੌਂਸਲਰ ਅਨੁਜ ਖੋਸਲਾ ਵੱਲੋਂ ਇੱਕ ਡਰੱਗ ਤਸਕਰ ਲਈ ਜ਼ਮਾਨਤ ਬਾਂਡ ਭਰਨ ਤੋਂ ਬਾਅਦ ‘ਆਪ’ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਭਾਜਪਾ ’ਤੇ ਤਿੱਖਾ ਹਮਲਾ ਬੋਲਿਆ ਅਤੇ ਦਾਅਵਾ ਕੀਤਾ ਕਿ ਭਾਜਪਾ ਪੰਜਾਬ ਵਿੱਚ ਨਸ਼ਾ ਤਸਕਰਾਂ ਦੀ ਅਸਲ ਸਰਪ੍ਰਸਤ ਹੈ। ਇਸ ਦੇ ਆਗੂ ਲਗਾਤਾਰ ਤਸਕਰਾਂ ਦਾ ਬਚਾਅ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਿਆਸੀ ਸੁਰੱਖਿਆ ਦੇ ਰਹੇ ਹਨ।ਕੰਗ ਨੇ ਮੀਡੀਆ ਨੂੰ ਅਨੁਜ ਖੋਸਲਾ ਦੀ ਭਾਜਪਾ ਨੇਤਾ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਨਾਲ ਇੱਕ ਤਸਵੀਰ ਦਿਖਾਈ, ਜਿਸ ਵਿੱਚ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਖੋਸਲਾ ਕੈਪਟਨ ਤੇ ਚੁੱਘ ਦੇ ਕਰੀਬੀ ਹਨ।ਉਹਨਾ ਕਿਹਾ ਕਿ ਅਨੁਜ ਖੋਸਲਾ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਕਰੀਬੀ ਹਨ। ਉਹ ਆਪਣੇ ਸਾਰੇ ਪ੍ਰੋਗਰਾਮ ਪਟਿਆਲਾ ਵਿੱਚ ਆਯੋਜਿਤ ਕਰ ਰਹੇ ਹਨ। ਉਨ੍ਹਾ ਦੇ ਭਾਜਪਾ ਦੇ ਸਾਰੇ ਵੱਡੇ ਆਗੂਆਂ ਨਾਲ ਚੰਗੇ ਸੰਬੰਧ ਹਨ। ਉਹ ਅਕਸਰ ਭਾਜਪਾ ਦੀਆਂ ਮੀਟਿੰਗਾਂ ਵਿੱਚ ਦਿਖਾਈ ਦਿੰਦੇ ਹਨ।ਉਹਨਾ ਕਿਹਾ ਕਿ ਭਾਜਪਾ ਨਹੀਂ ਚਾਹੁੰਦੀ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਹੋਵੇ, ਕਿਉਕਿ ਇਸ ਦੇ ਕਈ ਨੇਤਾਵਾਂ ਦੇ ਨਸ਼ਾ ਤਸਕਰਾਂ ਨਾਲ ਡੂੰਘੇ ਸੰਬੰਧ ਹਨ।
ਉਨ੍ਹਾ ਕਿਹਾ ਕਿ ਅੱਜ ਪੰਜਾਬ ਵਿੱਚ ਜੋ ਨਸ਼ੇ ਦੀ ਸਮੱਸਿਆ ਹੈ, ਉਸ ਦੇ ਬੀਜ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਬੀਜੇ ਸਨ। ਨਸ਼ਾ ਤਸਕਰਾਂ ਨੂੰ ਸੁਰੱਖਿਆ ਪ੍ਰਦਾਨ ਕਰਕੇ ਇਨ੍ਹਾਂ ਲੋਕਾਂ ਨੇ ਹਜ਼ਾਰਾਂ ਨੌਜਵਾਨਾਂ ਦਾ ਭਵਿੱਖ ਬਰਬਾਦ ਕਰ ਦਿੱਤਾ ਅਤੇ ਹਜ਼ਾਰਾਂ ਘਰ ਤਬਾਹ ਕਰ ਦਿੱਤੇ ਹਨ। ਆਪਣੇ ਆਰਥਿਕ ਫ਼ਾਇਦੇ ਲਈ ਇਨ੍ਹਾਂ ਲੋਕਾਂ ਨੇ ਨਸ਼ਾ ਤਸਕਰਾਂ ਨਾਲ ਹੱਥ ਮਿਲਾਇਆ ਅਤੇ ਮਿਲ ਕੇ ਉਨ੍ਹਾਂ ਨੂੰ ਅੱਗੇ ਵਧਾਇਆ। ਅੱਜ ਪੰਜਾਬ ਉਸ ਦੇ ਨਤੀਜੇ ਭੁਗਤ ਰਿਹਾ ਹੈ।




