ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨਿੱਚਰਵਾਰ ਦੇਰ ਰਾਤ ਐਲਾਨ ਕੀਤਾ ਕਿ ਉਹ ਨਾਸਾ ਦੀ ਅਗਵਾਈ ਕਰਨ ਲਈ ਐਲਨ ਮਸਕ ਦੇ ਸਹਿਯੋਗੀ ਇਸਾਕਮੈਨ (42) ਦਾ ਨਾਂਅ ਵਾਪਸ ਲੈ ਰਹੇ ਹਨ। ਟਰੰਪ ਨੇ ਕਿਹਾ ਕਿ ਉਹ ਇਸਾਕਮੈਨ ਦੇ ‘ਪੁਰਾਣੇ ਰਿਸ਼ਤਿਆਂ’ ਦੀ ‘ਡੂੰਘੀ ਸਮੀਖਿਆ’ ਮਗਰੋਂ ਇਸ ਨਤੀਜੇ ’ਤੇ ਪਹੁੰਚੇ ਹਨ। ਹਾਲਾਂਕਿ ਟਰੰਪ ਨੇ ਆਪਣੀ ਗੱਲ ਤਫਸੀਲ ਵਿਚ ਨਹੀਂ ਸਮਝਾਈ। ਟਰੰਪ ਨੇ ਕਿਹਾ ਕਿ ਉਹ ਜਲਦ ਹੀ ਨਵੇਂ ਉਮੀਦਵਾਰ ਦਾ ਐਲਾਨ ਕਰਨਗੇ, ਜੋ ਮਿਸ਼ਨ ਨਾਲ ਜੁੜਿਆ ਹੋਵੇਗਾ ਤੇ ਪੁਲਾੜ ਵਿੱਚ ਅਮਰੀਕਾ ਨੂੰ ਅੱਗੇ ਰੱਖੇਗਾ। ਟਰੰਪ ਨੇ ਦਸੰਬਰ ਵਿੱਚ ਐਲਾਨ ਕੀਤਾ ਸੀ ਕਿ ਉਨ੍ਹਾ ਇਸਾਕਮੈਨ ਨੂੰ ਪੁਲਾੜ ਏਜੰਸੀ ਦਾ ਅਗਲਾ ਪ੍ਰਸ਼ਾਸਕ ਚੁਣਿਆ ਹੈ। ਸੈਨੇਟ ਦੀ ਵਣਜ, ਵਿਗਿਆਨ ਤੇ ਟਰਾਂਪੋਰਟ ਕਮੇਟੀ ਨੇ ਅਪਰੈਲ ਦੇ ਅਖੀਰ ਵਿੱਚ ਇਸਾਕਮੈਨ ਦੀ ਨਾਮਜ਼ਦਗੀ ਨੂੰ ਮਨਜ਼ੂਰੀ ਦਿੱਤੀ ਸੀ ਤੇ ਉਨ੍ਹਾ ਦੇ ਨਾਂਅ ਦੀ ਪੁਸ਼ਟੀ ਲਈ ਸੈਨੇਟ ਵਿਚ ਜਲਦੀ ਵੋਟਿੰਗ ਹੋਣ ਦੀ ਉਮੀਦ ਸੀ। ਮਸਕ ਨੇ ਸ਼ਨਿੱਚਰਵਾਰ ਨੂੰ ਇਹ ਖ਼ਬਰ ਆਉਣ ਮਗਰੋਂ ਟਰੰਪ ਦੇ ਫੈਸਲੇ ’ਤੇ ਅਫਸੋਸ ਜਤਾਇਆ ਤੇ ਇੱਕ ਪੋਸਟ ਵਿੱਚ ਲਿਖਿਆ : ‘‘ਇੰਨਾ ਸਮਰੱਥ ਅਤੇ ਨੇਕ ਦਿਲ ਵਿਅਕਤੀ ਮਿਲਣਾ ਬਹੁਤ ਮੁਸ਼ਕਲ ਹੈ।’’





