10.4 C
Jalandhar
Monday, December 23, 2024
spot_img

ਭਾਜਪਾ ਨੂੰ ਹਰਾਉਣ ਲਈ ਸਾਰੀਆਂ ਵਿਰੋਧੀ ਪਾਰਟੀਆਂ ਇੱਕ ਮੰਚ ’ਤੇ ਇਕੱਠੀਆਂ ਹੋਣ : ਅਰਸ਼ੀ, ਜਗਰੂਪ

ਕੋਟਕਪੂਰਾ (ਰਛਪਾਲ ਭੁੱਲਰ)-‘ਆਉਣ ਵਾਲਾ ਸਮਾਂ ਦੇਸ਼ ਭਰ ਦੀ ਮਿਹਨਤਕਸ਼ ਜਮਾਤ ਅਤੇ ਉਸ ਦੀ ਰਾਖੀ ਕਰਦੀਆਂ ਖੱਬੀਆਂ ਅਤੇ ਲੋਕਰਾਜੀ ਪਾਰਟੀਆਂ ਲਈ ਬੇਹੱਦ ਚੁਣੌਤੀਆਂ ਭਰਿਆ ਸਮਾਂ ਹੈ। ਇਨ੍ਹਾਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਦੇਸ਼ ਦੇ ਸੰਵਿਧਾਨ ਅਤੇ ਜਮਹੂਰੀਅਤ ਵਿੱਚ ਵਿਸ਼ਵਾਸ ਰੱਖਣ ਵਾਲੀਆਂ ਸਭ ਵਿਰੋਧੀ ਪਾਰਟੀਆਂ ਨੂੰ ਇਕੱਠੇ ਹੋ ਕੇ ਭਾਜਪਾ ਦੀਆਂ ਤਾਨਾਸ਼ਾਹ ਅਤੇ ਵੰਡ-ਪਾਊ ਨੀਤੀਆਂ ਦਾ ਟਾਕਰਾ ਕਰਨਾ ਪਵੇਗਾ।’ ਇਹ ਸ਼ਬਦ ਭਾਰਤੀ ਕਮਿਊਨਿਸਟ ਪਾਰਟੀ ਦੇ ਮਹਾਂਸੰਮੇਲਨ ਦੀ ਲੜੀ ਵਿੱਚ ਜ਼ਿਲ੍ਹਾ ਫਰੀਦਕੋਟ ਦੀ ਜੱਥੇਬੰਦਕ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਸੂਬਾਈ ਆਗੂਆਂ ਹਰਦੇਵ ਅਰਸ਼ੀ ਅਤੇ ਕਾਮਰੇਡ ਜਗਰੂਪ ਨੇ ਕਹੇ। ਕਾਨਫਰੰਸ ਦਾ ਆਗਾਜ਼ ਸੂਬਾਈ ਆਗੂਆਂ ਅਤੇ ਇੱਕ ਸੌ ਦੇ ਕਰੀਬ ਡੈਲੀਗੇਟਾਂ ਦੀ ਹਾਜ਼ਰੀ ਵਿੱਚ ਬਜ਼ੁਰਗ ਕਾਮਰੇਡ ਸ਼ਾਮ ਸੁੰਦਰ ਵੱਲੋਂ ਪਾਰਟੀ ਦਾ ਲਾਲ ਪਰਚਮ ਲਹਿਰਾਉਣ ਨਾਲ ਹੋਇਆ। ਬੀਬੀ ਮਨਜੀਤ ਕੌਰ, ਗੁਰਨਾਮ ਸਿੰਘ ਅਤੇ ਮਾਸਟਰ ਗੁਰਚਰਨ ਸਿੰਘ ਮਾਨ ’ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਪਿਛਲੇ ਸਮੇਂ ਦੌਰਾਨ ਕੌਮੀ ਅਤੇ ਸੂਬਾਈ ਆਗੂਆਂ ਦੇ ਇਲਾਵਾ ਜ਼ਿਲ੍ਹੇ ਦੇ ਵਿੱਛੜ ਗਏ ਸਾਥੀਆਂ ਸੁਰਜੀਤ ਸਿੰਘ ਢੁੱਡੀ ਅਤੇ ਜੱਗਾ ਸਿੰਘ ਚਹਿਲ ਨੂੰ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਪਾਰਟੀ ਦਫਤਰ ਦੇ ਖੁੱਲ੍ਹੇ ਵਿਹੜੇ ਵਿੱਚ ਬਣਾਏ ਕਾਮਰੇਡ ਅਮੋਲਕ ਹਾਲ ਵਿੱਚ ਸੈਕਟਰੀ ਬਲਵੀਰ ਸਿੰਘ ਔਲਖ ਨੇ 2018 ਦੀ ਪਿਛਲੀ ਕਾਨਫਰੰਸ ਤੋਂ ਹੁਣ ਤੱਕ ਕੀਤੇ ਕੰਮਾਂ ਅਤੇ ਦੇਸ਼ ਦੇ ਹਾਲਾਤ ਬਾਰੇ ਰਿਪੋਰਟ ਪੇਸ਼ ਕੀਤੀ।
ਰਿਪੋਰਟ ’ਤੇ ਹੋਈ ਬਹਿਸ ਵਿੱਚ ਪ੍ਰਦੀਪ ਬਰਾੜ, ਗੁਰਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਜਗਤਾਰ ਸਿੰਘ ਭਾਣਾ, ਭੁਪਿੰਦਰ ਸਿੰਘ ਔਲਖ, ਗੋਰਾ ਸਿੰਘ ਪਿਪਲੀ, ਵੀਰ ਸਿੰਘ ਕੰਮੇਆਣਾ, ਹਰਪਾਲ ਸਿੰਘ ਮਚਾਕੀ, ਸੁਖਦਰਸ਼ਨ ਸ਼ਰਮਾ, ਮੁਖਤਿਆਰ ਭਾਣਾ, ਮੱਖਣ ਸਿੰਘ ਰਾਜੋਵਾਲਾ, ਗੁਰਨਾਮ ਸਿੰਘ ਮਾਨੀ ਸਿੰਘ ਵਾਲਾ ਅਤੇ ਅਸ਼ੋਕ ਕੌਸ਼ਲ ਨੇ ਭਾਗ ਲਿਆ ਅਤੇ ਰਿਪੋਰਟ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਵਾਧਿਆਂ ਅਤੇ ਸੋਧਾਂ ਸਮੇਤ ਰਿਪੋਰਟ ਨੂੰ ਸਰਬਸੰਮਤੀ ਨਾਲ ਮਨਜ਼ੂਰ ਕੀਤਾ ਗਿਆ। ਇਸ ਉਪਰੰਤ 25 ਮੈਂਬਰਾਂ ਦੀ ਨਵੀਂ ਜ਼ਿਲ੍ਹਾ ਕੌਂਸਲ ਅਤੇ 8-9 ਸਤੰਬਰ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਣ ਜਾ ਰਹੀ ਸੂਬਾ ਕਾਨਫਰੰਸ ਲਈ ਡੈਲੀਗੇਟਾਂ ਦੀ ਚੋਣ ਕੀਤੀ ਗਈ। ਅਜਲਾਸ ਦੇ ਆਖਰੀ ਪੜਾਅ ’ਤੇ ਨਵੀਂ ਜ਼ਿਲ੍ਹਾ ਕੌਂਸਲ ਨੇ ਅਗਲੇ ਤਿੰਨ ਸਾਲ ਲਈ ਪੈਨਸ਼ਨਰ ਆਗੂ ਅਸ਼ੋਕ ਕੌਸ਼ਲ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਸੈਕਟਰੀ ਚੁਣਿਆ। ਇਸ ਤੋਂ ਇਲਾਵਾ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ ਅਤੇ ਬਲਵੀਰ ਸਿੰਘ ਔਲਖ ਨੂੰ ਮੀਤ ਸਕੱਤਰ ਚੁਣਿਆ ਗਿਆ। ਖਜ਼ਾਨਚੀ ਵਜੋਂ ਸੁਖਦਰਸ਼ਨ ਰਾਮ ਸ਼ਰਮਾ ਦੀ ਚੋਣ ਕੀਤੀ ਗਈ। ਨਵੀਂ ਚੁਣੀ ਟੀਮ ਨੇ ਸੂਬਾਈ ਨਿਗਰਾਨ ਵਜੋਂ ਆਏ ਆਗੂਆਂ ਅਤੇ ਜ਼ਿਲ੍ਹੇ ਦੇ ਹਰ ਵਰਗ ਵਿੱਚੋਂ ਆਏ ਡੈਲੀਗੇਟਾਂ ਦਾ ਧੰਨਵਾਦ ਕੀਤਾ। ਪਾਰਟੀ ਨੂੰ ਆਉਣ ਵਾਲੀਆਂ ਚੁਣੌਤੀਆਂ ਦੇ ਹਾਣ ਦੀ ਬਣਾਉਣ ਅਤੇ ਜਨਤਕ ਸੰਘਰਸ਼ਾਂ ਵਿੱਚ ਅਗਵਾਨੂੰ ਰੋਲ ਨਿਭਾਉਣ ਦੇ ਪ੍ਰਣ ਨਾਲ ਇਨਕਲਾਬੀ ਨਾਹਰਿਆਂ ਦੀ ਗੂੰਜ ਵਿੱਚ ਕਾਨਫਰੰਸ ਸਮਾਪਤ ਹੋਈ।

Related Articles

LEAVE A REPLY

Please enter your comment!
Please enter your name here

Latest Articles