ਗੁਹਾਟੀ : ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਚੀਨ ਵੱਲੋਂ ਭਾਰਤ ਨੂੰ ਬ੍ਰਹਮਪੁੱਤਰ ਦਾ ਪਾਣੀ ਰੋਕਣ ਬਾਰੇ ਪਾਕਿਸਤਾਨੀ ਧਮਕੀ ਦਾ ਜਵਾਬ ਦਿੰਦਿਆਂ ਬ੍ਰਹਮਪੁੱਤਰ ਨੂੰ ‘ਭਾਰਤ ਵਿੱਚ ਉੱਗਣ ਵਾਲਾ ਦਰਿਆ’ ਦੱਸਿਆ ਹੈ। ਮੁੱਖ ਮੰਤਰੀ ਨੇ ਐੱਕਸ ’ਤੇ ਇਕ ਪੋਸਟ ਵਿੱਚ ਲਿਖਿਆ, ‘ਕੀ ਹੋਵੇਗਾ ਜੇ ਚੀਨ ਭਾਰਤ ਨੂੰ ਬ੍ਰਹਮਪੁੱਤਰ ਦਾ ਪਾਣੀ ਰੋਕ ਦੇੇਵੇ? ਆਓ ਇਸ ਮਿੱਥ ਨੂੰ ਖਤਮ ਕਰੀਏ,ਡਰ ਨਾਲ ਨਹੀਂਂ ਬਲਕਿ ਤੱਥਾਂ ਤੇ ਕੌਮੀ ਸਪੱਸ਼ਟਗੋਈ ਨਾਲ : ਬ੍ਰਹਮਪੁੱਤਰ ਇਕ ਦਰਿਆ ਹੈ, ਜੋ ਭਾਰਤ ਤੋਂ ਉੱਗਦਾ ਹੈ, ਸੁੰਗੜਦਾ ਨਹੀਂ। ਚੀਨ ਬ੍ਰਹਮਪੁੱਤਰ ਦੇ ਵਹਾਅ ਵਿੱਚ ਸਿਰਫ 30-35 ਫੀਸਦੀ ਦਾ ਯੋਗਦਾਨ ਪਾਉਂਦਾ ਹੈ, ਜੋ ਕਿ ਜ਼ਿਆਦਾ ਕਰਕੇ ਗਲੇਸ਼ੀਅਰਾਂ ਦੇ ਪਿਘਲਣ ਤੇ ਸੀਮਤ ਤਿੱਬਤੀ ਮੀਂਹ ਜ਼ਰੀਏ ਹੁੰਦਾ ਹੈ। ਬਾਕੀ 65-70 ਫੀਸਦੀ ਭਾਰਤ ਦੇ ਅੰਦਰੋਂ ਪੈਦਾ ਹੁੰਦਾ ਹੈ, ਜਿਸ ਦਾ ਸਿਹਰਾ ਅਰੁਣਾਚਲ ਪ੍ਰਦੇਸ਼, ਅਸਾਮ, ਨਾਗਾਲੈਂਡ ਤੇ ਮੇਘਾਲਿਆ ਵਿੱਚ ਮੋਹਲੇਧਾਰ ਮੌਨਸੂਨ ਦਾ ਮੀਂਹ; ਸੁਬਨਸਿਰੀ, ਲੋਹਿਤ, ਕਾਮੇਂਗ, ਮਾਨਸ, ਧਨਸਿਰੀ, ਜਿਆ-ਭਾਰਲੀ, ਕੋਪਿਲੀ ਜਿਹੀਆਂ ਪ੍ਰਮੁੱਖ ਸਹਾਇਕ ਨਦੀਆਂ, ਕਿ੍ਰਸ਼ਨਈ, ਡਿਗਾਰੂ ਤੇ ਕੁਲਸੀ ਜਿਹੀਆਂ ਨਦੀਆਂ ਜ਼ਰੀਏ ਖਾਸੀ, ਗਾਰੋ ਤੇ ਜੈਂਤੀਆ ਪਹਾੜੀਆਂ ਤੋਂ ਵਾਧੂ ਪਾਣੀ ਨੂੰ ਜਾਂਦਾ ਹੈ।’ ਅਸਾਮ ਦੇ ਮੁੱਖ ਮੰਤਰੀ ਨੇ ਕਿਹਾ, ‘ਭਾਰਤ-ਚੀਨ ਸਰਹੱਦ (ਟੂਟਿੰਗ) ’ਤੇੇ ਵਹਾਅ 2,000-3,000 ਐੱਮ3/ਐੱਸ ਹੈ। ਅਸਾਮ ਦੇ ਮੈਦਾਨੀ ਇਲਾਕਿਆਂ (ਜਿਵੇਂ ਗੁਹਾਟੀ ਵਿੱਚ) ਮੌਨਸੂਨ ਦੌਰਾਨ ਵਹਾਅ 15,000-20,000 ਐੱਮ 3/ਐੱਸ ਤੱਕ ਵਧ ਜਾਂਦਾ ਹੈ। ਬ੍ਰਹਮਪੁੱਤਰ ਅਜਿਹਾ ਦਰਿਆ ਨਹੀਂ, ਜੋ ਉਪਰੀ ਧਾਰਾ ’ਤੇ ਟੇਕ ਰੱਖਦਾ ਹੈ,ਇਹ ਇਕ ਮੀਂਹ ਅਧਾਰਤ ਭਾਰਤੀ ਦਰਿਆ ਪ੍ਰਣਾਲੀ ਹੈ, ਜੋ ਭਾਰਤੀ ਖੇਤਰ ਵਿਚ ਦਾਖਲ ਹੋਣ ਮਗਰੋਂ ਮਜ਼ਬੂਤ ਹੋ ਜਾਂਦਾ ਹੈ।’



