ਐੱਸ ਐੱਸ ਪੀ ਦੀ ਮੁਅੱਤਲੀ ਦਾ ਖਿਲਾਰਾ ਪਿਆ

0
103

ਫਾਜ਼ਿਲਕਾ (ਪਰਮਜੀਤ ਢਾਬਾਂ)
ਭਿ੍ਰਸ਼ਟਾਚਾਰ ਨੂੰ ਰੋਕਣ ’ਚ ਨਾਕਾਮ ਰਹਿਣ ’ਤੇ ਫਾਜ਼ਿਲਕਾ ਦੇ ਐੱਸ ਐੱਸ ਪੀ ਦੀ ਪੋਸਟ ਤੋਂ ਵਰਿੰਦਰ ਸਿੰਘ ਬਰਾੜ ਦੀ ਮੁਅੱਤਲੀ ’ਤੇ ਬਹਿਸ ਭਖ ਗਈ ਹੈ।
ਲੰਮਾ ਸਮਾਂ ਬਰਾੜ ਦੇ ਨਾਲ ਰੀਡਰ ਵਜੋਂ ਰਹੇ ਸਬ-ਇੰਸਪੈਕਟਰ ਅਮਰਿੰਦਰ ਸਿੰਘ ਨੇ ਪੋਸਟ ਪਾ ਕੇ ਕਿਹਾ ਹੈ, ‘ ਅੱਤਵਾਦ ਦੌਰਾਨ ਬਤੌਰ ਐੱਸ ਪੀ ਬਰਾੜ ਨੇ ਆਪਣੇ ਬਾਪ ਨੂੰ ਗੁਆਇਆ ਤੇ ਛੋਟਾ ਭਰਾ ਵਿਕਰਮ ਬਰਾੜ ਰੋਜ਼ ਦਿਹਾੜੇ ਗੈਂਗਸਟਰਾਂ ਨਾਲ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਸਿੱਧਾ ਮੁਕਾਬਲੇ ਵਿੱਚ ਰਹਿੰਦਾ, ਪਰ ਇੱਥੇ ਇੱਕ ਲੱਖ ਦਾ ਦੋਸ਼, ਉਹ ਵੀ ਐੱਸ ਐੱਚ ਓ ਤੇ ਟੀਮ ’ਤੇ ਲੱਗਾ ਦੇਖ ਸਿੱਧਾ ਐੱਸ ਐੱਸ ਪੀ ਵਰਿੰਦਰ ਸਿੰਘ ਬਰਾੜ ਨੂੰ ਟਾਰਗੇਟ ਕਰਕੇ ਮੁਅੱਤਲ ਕਰਨਾ ਹਾਸੋਹੀਣੀ ਸਥਿਤੀ ਪੈਦਾ ਕਰ ਰਿਹਾ ਹੈ। ਕਿਹੜਾ ਅਫਸਰ ਹੋਵੇਗਾ, ਜਿਹੜਾ ਲੱਖ ਰੁਪਏ ਪਿੱਛੇ ਏਨਾ ਵੱਡਾ ਰਿਸਕ ਲਵੇਗਾ, ਪਰ ਇਹੋ ਜਿਹੇ ਅਫਸਰ ਨੂੰ ਇਸ ਤਰ੍ਹਾਂ ਜ਼ਲੀਲ ਕਰਨ ਤੋ ਪਹਿਲਾਂ ਪਰਵਾਰਕ ਪਿਛੋਕੜ ਵੱਲ ਝਾਤ ਮਾਰਨੀ ਚਾਹੀਦੀ ਸੀ। ਵਰਿੰਦਰ ਸਿੰਘ ਬਰਾੜ ਬਹੁਤ ਲੰਮੇ ਸਮੇਂ ਤੋਂ ਵੱਖ-ਵੱਖ ਥਾਵਾਂ ’ਤੇ ਐੱਸ ਐੱਸ ਪੀ ਰਹਿ ਚੁੱਕਿਆ, ਪਰ ਫਾਜ਼ਿਲਕਾ ਜ਼ਿਲ੍ਹੇ ਵਿੱਚ ਆ ਕੇ ਜਿਸ ਤਰ੍ਹਾਂ ਦਾ ਵਿਹਾਰ ਹੋਇਆ, ਇਹ ਇਸ ਦਾ ਕਸੂਰ ਸੀ ਕਿ ਇਹ ਪੀ ਪੀ ਐੱਸ ਸੀ।ਦੋ-ਤਿੰਨ ਅਜਿਹੇ ਮਸਲੇ ਸਨ, ਜਿਸ ਵਿੱਚ ਦਿੱਲੀ ਬਨਾਮ ਪੰਜਾਬ ਦੇ ਲੀਡਰਾਂ ਦੀ ਗਰਾਰੀ ਅੜੀ ਹੋਈ ਸੀ ਤੇ ਇਹ ਉਸ ਗਰਾਰੀ ਵਿੱਚ ਅਜਿਹਾ ਗਿੜਿਆ ਕਿ ਅੱਜ ਮੁਅੱਤਲ ਹੋ ਕੇ ਇਨਾਮ ਵੱਜੋਂ ਘਰ ਬੈਠ ਗਿਆ।’ਫਾਜ਼ਿਲਕਾ ਤੋਂ ‘ਆਪ’ ਵਿਧਾਇਕ ਨਰਿੰਦਰਪਾਲ ਸਵਨਾ ਨੇ ਸਬ-ਇੰਸਪੈਕਟਰ ਅਮਰਿੰਦਰ ਸਿੰਘ ਵੱਲੋਂ ਪਾਈ ਪੋਸਟ ’ਤੇ ਕਿਹਾ ਹੈ ਕਿ ਭਿ੍ਰਸ਼ਟਾਚਾਰੀ ਅਫਸਰ ਜਦੋਂ ਫਸਦੇ ਹਨ, ਤਾਂ ਉਹ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਪੰਜਾਬ ਸਰਕਾਰ ਅੱਜ ਵੀ ਅਤੇ ਕੱਲ੍ਹ ਵੀ ਭਿ੍ਰਸ਼ਟਾਚਾਰੀਆਂ ਖਿਲਾਫ ਕਾਰਵਾਈ ਕਰਨ ਲਈ ਵਚਨਬੱਧ ਹੈ।ਦੂਜੇ ਪਾਸੇ ਅਮਰਿੰਦਰ ਸਿੰਘ ਦੀ ਪੋਸਟ ’ਤੇ ਚਿੰਤਾ ਜ਼ਾਹਰ ਕਰਦਿਆਂ ਇੱਕ ਆਲ੍ਹਾ ਪੁਲਸ ਅਧਿਕਾਰੀ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਭਾਵ ਗੈਂਗਸਟਰਾਂ ਖਿਲਾਫ ਕਾਰਵਾਈ ਕਰਨ ਲਈ ਲਾਏ ਪੁਲਸ ਅਫਸਰਾਂ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ, ਇਸ ਨੂੰ ਜਨਤਕ ਕਰਨਾ ਜਾਂਚ ਦਾ ਵਿਸ਼ਾ ਅਤੇ ਹੈਰਾਨੀਜਨਕ ਗੱਲ ਹੈ। ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਪੁਲਸ ਦੇ ਅਧਿਕਾਰੀ ਵੱਲੋਂ ਇਹ ਪੋਸਟ ਕਿਉ ਪਾਈ ਗਈ ਹੈ।ਜ਼ਿਕਰਯੋਗ ਹੈ ਕਿ ਜਿੱਥੇ ਜ਼ਿਲਾ ਫਾਜ਼ਿਲਕਾ ਦੇ ਲੋਕਾਂ ਵੱਲੋਂ ਐੱਸ ਐੱਸ ਪੀ ਦੇ ਸੁਭਾਅ ਬਾਰੇ ਚੰਗਾ ਕਿਹਾ ਜਾ ਰਿਹਾ ਹੈ, ਉੱਥੇ ਹੀ ਇਹ ਵੱਡੇ ਪੱਧਰ ’ਤੇ ਦੋਸ਼ ਲਾਏ ਜਾ ਰਹੇ ਹਨ ਕਿ ਜ਼ਿਲ੍ਹਾ ਫਾਜ਼ਿਲਕਾ ਅੰਦਰ ਵਰਿੰਦਰ ਸਿੰਘ ਬਰਾੜ ਕਪਤਾਨੀ ਨਹੀਂ ਕਰਦਾ ਸੀ, ਸਗੋਂ ਉਸ ਦਾ ਰੀਡਰ ਕਰਦਾ ਸੀ ਅਤੇ ਉਸ ਤੋਂ ਬਾਕੀ ਪੁਲਸ ਅਫਸਰ ਵੀ ਤੰਗ-ਪ੍ਰੇਸ਼ਾਨ ਸਨ।ਭਿ੍ਰਸ਼ਟਾਚਾਰ ਦੇ ਮਾਮਲੇ ਵਿੱਚ ਵੀ ਜ਼ਿਲ੍ਹਾ ਪੁਲਸ ਹੈੱਡ ਕੁਆਰਟਰ ਫਾਜ਼ਿਲਕਾ ’ਤੇ ਵੱਡੇ ਪੱਧਰ ’ਤੇ ਦੋਸ਼ ਲੱਗ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਪੁਲਸ ਦੇ ਅਧਿਕਾਰੀ ਵੱਲੋਂ ਪਾਈ ਗਈ ਪੋਸਟ ’ਤੇ ਗੌਰ ਕਰਦਿਆਂ ਕਿਸ ਤਰ੍ਹਾਂ ਦੀ ਜਾਂਚ ਕਰਵਾਏਗੀ?