ਟਿਕਟੌਕ ਸਟਾਰ ਸਨਾ ਯੂਸਫ ਦੀ ਹੱਤਿਆ

0
82

ਇਸਲਾਮਾਬਾਦ : ਟਿਕਟੌਕ ਸਟਾਰ ਸਨਾ ਯੂਸਫ (17) ਦੀ ਉਸ ਦੇ ਇਸਲਾਮਾਬਾਦ ਵਿਚਲੇ ਘਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਚਿਤਰਾਲ ਨਾਲ ਸੰਬੰਧਤ ਸਨਾ ਆਪਣੇ ਟਿਕਟੌਕ ਵੀਡੀਓਜ਼ ਕਰਕੇ ਕਾਫੀ ਮਕਬੂਲ ਹੋਈ ਸੀ। ਸਨਾ ਦੇ ਕਤਲ ਮਗਰੋਂ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਗੁੱਸਾ ਫੁਟ ਪਿਆ ਹੈ। ਇਸ ਸਾਲ ਦੇ ਸ਼ੁਰੂ ਵਿੱਚ ਹੀਰਾ ਨਾਂਅ ਦੀ 15 ਸਾਲਾ ਕੁੜੀ ਨੂੰ ਕੋਇਟਾ ਵਿੱਚ ਉਸ ਦੇ ਪਿਤਾ ਅਤੇ ਮਾਮੇ ਨੇ ਟਿਕਟੌਕ ’ਤੇ ਉਸ ਦੀ ਮੌਜੂਦਗੀ ਨੂੰ ਲੈ ਕੇ ਅਣਖ ਖਾਤਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਜਾਸੂਸੀ ਦੇ ਦੋਸ਼ ’ਚ ਗਿ੍ਰਫਤਾਰ
ਤਰਨ ਤਾਰਨ (ਪਿ੍ਰਤਪਾਲ ਸਿੰਘ)-‘ਅਪ੍ਰੇਸ਼ਨ ਸਿੰਧੂਰ’ ਦੌਰਾਨ ਫੌਜ ਦੀਆਂ ਸਰਗਰਮੀਆਂ ਨਾਲ ਸੰਬੰਧਤ ਨਾਜ਼ੁਕ ਜਾਣਕਾਰੀ ਪੈਸੇ ਲੈ ਕੇ ਪਾਕਿਸਤਾਨੀ ਖੁਫੀਆ ਏਜੰਸੀਆਂ ਨਾਲ ਸਾਂਝੀ ਕਰਨ ਦੇ ਦੋਸ਼ਾਂ ਹੇਠ ਤਰਨ ਤਾਰਨ ਦੇ ਮੁਹੱਲਾ ਰੋਡੂਪੁਰ ਗਲੀ ਨਾਜ਼ਰ ਸਿੰਘ ਵਾਲੀ ਦੇ ਗਗਨਦੀਪ ਸਿੰਘ ਉਰਫ ਗਗਨ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਗਗਨ ਆਈ ਐੱਸ ਆਈ ਅਤੇ ਗੋਪਾਲ ਸਿੰਘ ਚਾਵਲਾ (ਪਾਕਿਸਤਾਨ ਸਥਿਤ ਖਾਲਿਸਤਾਨੀ ਸਮਰਥਕ) ਦੇ ਸੰਪਰਕ ਵਿੱਚ ਸੀ ਤੇ ਫੌਜ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਸਾਂਝੀ ਕਰ ਰਿਹਾ ਸੀ।
ਝਨਾਂ ਪੁਲ ਦਾ ਉਦਘਾਟਨ 6 ਨੂੰ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਜੂੂਨ ਨੂੰ ਜੰਮੂ-ਕਸ਼ਮੀਰ ਦੀ ਫੇਰੀ ਦੌਰਾਨ ਵਿਸ਼ਵ ਦੇ ਸਭ ਤੋਂ ਉੱਚੇ ਰੇਲਵੇ ਪੁਲ ‘ਝਨਾਂ ਪੁਲ’ ਦਾ ਉਦਘਾਟਨ ਕਰਨਗੇ। ਝਨਾਂ ਦਰਿਆ ਉੱਤੇ 359 ਮੀਟਰ (1,178 ਫੁੱਟ) ਦੀ ਉਚਾਈ ’ਤੇ ਬਣਿਆ ਇਹ ਪੁਲ ਪੈਰਿਸ ਦੇ ਆਈਫਲ ਟਾਵਰ ਤੋਂ 35 ਮੀਟਰ ਉੱਚਾ ਹੈ। ਰਿਆਸੀ ਜ਼ਿਲ੍ਹੇ ਵਿੱਚ ਬੱਕਲ ਅਤੇ ਕੌਰੀ ਵਿਚਕਾਰ ਬਣਿਆ ਆਰਕ ਪੁਲ ਦਰਿਆ ਦੇ ਤਲ ਤੋਂ 1178 ਫੁੱਟ ਉੱਚਾ ਹੈ, ਜੋ ਕਟੜਾ ਤੋਂ ਬਨੀਹਾਲ ਤੱਕ ਇੱਕ ਮਹੱਤਵਪੂਰਨ ਲਿੰਕ ਹੈ। ਇਹ ਊਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲਵੇ ਲਿੰਕ ਦਾ ਹਿੱਸਾ ਹੈ, ਜੋ 35000 ਕਰੋੜ ਰੁਪਏ ਦਾ ਸੁਪਨਮਈ ਪ੍ਰੋਜੈਕਟ ਹੈ। ਇਹ ਪੁਲ 260 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਵਾਲੀਆਂ ਹਵਾਵਾਂ ਦਾ ਸਾਹਮਣਾ ਕਰਨ ਦੇ ਯੋਗ ਹੋਵੇਗਾ ਅਤੇ ਇਸ ਦੀ ਉਮਰ 120 ਸਾਲ ਹੋਵੇਗੀ।
ਏਅਰ ਕੰਡੀਸ਼ਨਰ ਦਾ ਕੰਪਰੈਸ਼ਰ ਫਟਣ ਨਾਲ ਇੱਕ ਮੌਤ
ਬਲਾਚੌਰ : ਇੱਥੋਂ 18 ਕਿਲੋਮੀਟਰ ਦੂਰ ਸਤੁਲਜ ਦਰਿਆ ਦੇ ਕੰਢੇ ਰੋਪੜ ਨੇੜੇ ਸਥਿਤ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ (ਗੁਰਦੁਆਰਾ ਟਿੱਬੀ ਸਾਹਿਬ) ਵਿਖੇ ਸੰਤ ਬਾਬਾ ਖੁਸ਼ਹਾਲ ਸਿੰਘ ਨਮਿਤ ਭੋਗ ਅਤੇ ਅੰਤਮ ਅਰਦਾਸ ਮੌਕੇ ਸਟੈਂਡਿੰਗ ਏਅਰ ਕੰਡੀਸ਼ਨਰ ਦਾ ਕੰਪਰੈਸ਼ਰ ਫਟਣ ਕਾਰਨ ਇੱਕ ਸ਼ਰਧਾਲੂ ਔਰਤ ਦੀ ਮੌਤ ਹੋ ਗਈ, ਜਦੋਂ ਕਿ 9 ਸ਼ਰਧਾਲੂ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਸੀ। ਮਿ੍ਰਤਕਾ ਕਸ਼ਮੀਰ ਕੌਰ (62) ਵਾਸੀ ਹਰਿਗੋਬਿੰਦ ਨਗਰ, ਰੂਪਨਗਰ ਦੀ ਦੱਸੀ ਗਈ ਹੈ। ਗੰਭੀਰ ਜ਼ਖ਼ਮੀ ਬਲਜੀਤ ਕੌਰ ਪਿੰਡ ਭਲਾਣ ਦੀ ਹੈ, ਜਿਸ ਨੂੰ ਪੀ ਜੀ ਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।