ਲੁਧਿਆਣਾ : ਨਿਊ ਹਾਈ ਸਕੂਲ ਵਿੱਚ ਹੋਏ 2400 ਕਰੋੜ ਦੇ ਕਥਿਤ ਘੁਟਾਲੇ ਦੇ ਮਾਮਲੇ ਵਿੱਚ ਚੋਣਾਂ ਦੌਰਾਨ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਕਥਿਤ ਤੌਰ ’ਤੇ ਹਮਦਰਦੀ ਵਜੋਂ ਫਾਇਦਾ ਪਹੁੰਚਾਉਣ ਲਈ ਸੰਮਨ ਭੇਜਣ ਵਾਲੇ ਐੱਸ ਅੱੈਸ ਪੀ ਵਿਜੀਲੈਂਸ ਲੁਧਿਆਣਾ ਜਗਤਪ੍ਰੀਤ ਸਿੰਘ ਨੂੰ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ। ਆਸ਼ੂ ਪੰਜਾਬ ਵਿਧਾਨ ਸਭਾ ਦੇ ਲੁਧਿਆਣਾ ਪੱਛਮੀ ਹਲਕੇ ਦੀ ਹੋ ਰਹੀ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਰਾਤ ਆਸ਼ੂ ਨੂੰ ਵਿਜੀਲੈਂਸ ਬਿਊਰੋ ਨੇ ਜਿਹੜੇ ਸੰਮਨ ਭੇਜੇ ਸਨ, ਉਹ ਐੱਸ ਐੱਸ ਪੀ ਨੇ ਖੁਦ ਆਪਣੇ ਪੱਧਰ ’ਤੇ ਹੀ ਭੇਜੇ। ਇਹ ਸੰਮਨ ਉਸ ਸਮੇਂ ਭੇਜੇ ਗਏ, ਜਦੋਂ ਲੁਧਿਆਣਾ ਜ਼ਿਮਨੀ ਚੋਣ ਦਾ ਪ੍ਰਚਾਰ ਜ਼ੋਰਾਂ ’ਤੇ ਹੈ। ਸੂਤਰਾਂ ਮੁਤਾਬਕ ਸਰਕਾਰ ਨੂੰ ਖੁਫੀਆ ਤੰਤਰ ਰਾਹੀਂ ਜਾਣਕਾਰੀ ਮਿਲੀ ਸੀ ਕਿ ਐੱਸ ਅੱੈਸ ਪੀ ਨੇ ਬੀਤੇ ਦਿਨੀਂ ਆਸ਼ੂ ਨਾਲ ਗੁਪਤ ਮੀਟਿੰਗ ਵੀ ਕੀਤੀ ਸੀ ਤੇ ਉਨ੍ਹਾ ਨੂੰ ਜ਼ਿਮਨੀ ਚੋਣ ਵਿੱਚ ਸਿੱਧੇ ਤੌਰ ’ਤੇ ਫਾਇਦਾ ਪਹੁੰਚਾਉਣ ਲਈ ਇਹ ਸੰਮਨ ਜਾਰੀ ਕੀਤੇ ਸਨ। ਫਿਲਹਾਲ ਸਰਕਾਰ ਵੱਲੋਂ ਮੁਅੱਤਲੀ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ।





