ਟਰੰਪ ਤੇ ਮਸਕ ਦੇ ਭੇੜ ’ਚ ਮਿੱਧੇ ਗਏ ਨਿਵੇਸ਼ਕ

0
101

ਨਿਊ ਯਾਰਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਖਰਬਪਤੀ ਕਾਰੋਬਾਰੀ ਐਲਨ ਮਸਕ ਵਿਚਾਲੇ ਵਧਦੇ ਤਣਾਅ ਦਰਮਿਆਨ ਮਸਕ ਦੀ ਕੰਪਨੀ ਟੈਸਲਾ ਦੇ ਸ਼ੇਅਰ ਵੀਰਵਾਰ ਬੁਰੀ ਤਰ੍ਹਾਂ ਡਿੱਗ ਗਏ। ਸ਼ੇਅਰਾਂ ਵਿੱਚ 9.53 ਫੀਸਦੀ ਦੀ ਗਿਰਾਵਟ ਆਈ। ਨਤੀਜੇ ਵਜੋਂ ਮਸਕ ਦੀ ਸੰਪਤੀ ਕਰੀਬ 2.93 ਲੱਖ ਕਰੋੜ ਰੁਪਏ ਘਟ ਗਈ। ਇਹ ਅੰਕੜਾ ਪਾਕਿਸਤਾਨ ਦੇ ਕੁਲ ਬਜਟ ਨਾਲੋਂ ਵੀ ਵੱਧ ਹੈ। ਪਾਕਿਸਤਾਨ ਦਾ 2025-26 ਦਾ ਬਜਟ 4224 ਅਰਬ ਪਾਕਿਸਤਾਨੀ ਰੁਪਏ ਦਾ ਹੈ। ਜੇ ਮਸਕ ਨੂੰ ਪਏ ਘਾਟੇ ਨੂੰ ਪਾਕਿਸਤਾਨ ਰੁਪਏ ਵਿੱਚ ਦੇਖਿਆ ਜਾਵੇ ਤਾਂ ਇਹ ਲਗਪਗ 9500 ਅਰਬ ਪਾਕਿਸਤਾਨ ਰੁਪਏ ਬਣਦਾ ਹੈ।
ਟਰੰਪ ਤੇ ਮਸਕ ਵਿਚਾਲੇ ਲੜਾਈ ਨੇ ਨਿਵੇਸ਼ਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਦੋਹਾਂ ਦੀ ਯਾਰੀ ਦੇ ਲੋਕ ਚਰਚੇ ਕਰਦੇ ਸਨ, ਪਰ ਜਦੋਂ ਖੜਕੀ ਹੈ ਤਾਂ ਟਰੰਪ ਨੇ ਕਹਿ ਦਿੱਤਾ ਕਿ ਮਸਕ ਦੇ ਸਰਕਾਰੀ ਠੇਕੇ ਰੱਦ ਕਰ ਦੇਵੇਗਾ। ਲੜਾਈ ਦੀ ਸ਼ੁਰੂਆਤ ਮਸਕ ਵੱਲੋਂ ਟਰੰਪ ਦੇ ਟੈਕਸ ਤੇ ਖਰਚ ਨਾਲ ਜੁੜੇ ਇੱਕ ਬਿੱਲ ’ਤੇ ਟਿੱਪਣੀ ਕਰਨ ਨਾਲ ਹੋਈ। ਮਸਕ ਨੇ ਕਿਹਾ ਸੀ ਕਿ ਇਹ ਲੋਕਾਂ ਦੇ ਪੈਸੇ ਦੀ ਬਰਬਾਦੀ ਦਾ ਬਿੱਲ ਹੈ। ਇਹ ਸ਼ਰਮਨਾਕ ਹੈ। ਇਹ ਬਿੱਲ ਰਾਤ ਨੂੰ ਪਾਸ ਕੀਤਾ ਗਿਆ ਤਾਂ ਕਿ ਇਸ ’ਤੇ ਬਹੁਤੀ ਚਰਚਾ ਨਾ ਹੋਵੇ। ਟਰੰਪ ਨੂੰ ਇਸ ’ਤੇ ਗੁੱਸਾ ਆ ਗਿਆ ਤੇ ਉਨ੍ਹਾ ਕਿਹਾ ਕਿ ਮਸਕ ਨੂੰ ਬਿੱਲ ਨਾਲ ਜੁੜੀ ਹਰ ਗੱਲ ਦਾ ਪਤਾ ਸੀ, ਪਰ ਪਹਿਲਾਂ ਨਹੀਂ ਬੋਲੇ। ਜਦੋਂ ਮਸਕ ਨੂੰ ਪਤਾ ਲੱਗਾ ਕਿ ਇਲੈਕਟਿ੍ਰਕ ਵਹੀਕਲਾਂ ’ਤੇ ਸਬਸਿਡੀ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਤਾਂ ਆਪਣੀਆਂ ਕੰਪਨੀਆਂ ਨੂੰ ਅਰਬਾਂ ਡਾਲਰ ਦਾ ਨੁਕਸਾਨ ਹੋਣ ਨੂੰ ਦੇਖਦਿਆਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਮਸਕ ਨੇ ਇੱਕ ਪੋਸਟ ਪਾ ਕੇ ਕਿਹਾਇਹ ਝੂਠ ਹੈ। ਬਿੱਲ ਮੈਨੂੰ ਇੱਕ ਵਾਰ ਵੀ ਨਹੀਂ ਦਿਖਾਇਆ ਗਿਆ। ਜੇ ਮੈਂ ਟਰੰਪ ਦਾ ਸਾਥ ਨਾ ਦਿੰਦਾ ਤਾਂ ਟਰੰਪ ਨੇ ਚੋਣ ਹਾਰ ਜਾਣੀ ਸੀ। ਮਸਕ ਨੇ ਇੱਕ ਪੋਸਟ ਦੀ ਹਮਾਇਤ ਕਰਕੇ ਵੀ ਸਨਸਨੀ ਫੈਲਾ ਦਿੱਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਟਰੰਪ ਖਿਲਾਫ ਮਹਾਂਦੋਸ਼ ਦਾ ਮਾਮਲਾ ਚਲਾਇਆ ਜਾਵੇ ਤੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੂੰ ਰਾਸ਼ਟਰਪਤੀ ਬਣਾਇਆ ਜਾਵੇ। ਮਸਕ ਨੇ ਆਪਣੇ ਚਹੇਤਿਆਂ ਤੋਂ ਇਹ ਵੀ ਰਾਇ ਮੰਗੀ ਹੈ ਕਿ ਕੀ ਅਮਰੀਕਾ ਵਿੱਚ ਨਵੀਂ ਸਿਆਸੀ ਪਾਰਟੀ ਖੜ੍ਹੀ ਕੀਤੀ ਜਾਣੀ ਚਾਹੀਦੀ ਹੈ।
ਟਰੰਪ ਦੇ ਹੁਕਮ ’ਤੇ ਰੋਕ
ਵਾਸ਼ਿੰਗਟਨ : ਇੱਕ ਸੰਘੀ ਜੱਜ ਨੇ ਵੀਰਵਾਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਐਲਾਨ ’ਤੇ ਅਸਥਾਈ ਤੌਰ ’ਤੇ ਰੋਕ ਲਾ ਦਿੱਤੀ, ਜਿਸ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਹਾਰਵਰਡ ਯੂਨੀਵਰਸਿਟੀ ਵਿੱਚ ਜਾਣ ਲਈ ਅਮਰੀਕਾ ਵਿੱਚ ਦਾਖਲ ਹੋਣ ’ਤੇ ਪਾਬੰਦੀ ਲਗਾਈ ਗਈ ਸੀ।
‘ਆਈ ਵੀ ਲੀਗ’ ਹਾਰਵਰਡ ਯੂਨੀਵਰਸਿਟੀ ਸਮੇਤ ਅਮਰੀਕਾ ਦੇ ਅੱਠ ਪ੍ਰਸਿੱਧ ਨਿੱਜੀ ਵਿੱਦਿਅਕ ਸਥਾਨਾਂ ਦਾ ਸਮੂਹ ਹੈ। ਟਰੰਪ ਨੇ ਬੁੱਧਵਾਰ ਜਾਰੀ ਹੁਕਮ ਵਿੱਚ ਐਲਾਨ ਕੀਤਾ ਸੀ ਕਿ ਹਾਰਵਰਡ ਨੂੰ ਮੈਸੇਚੂਸੇਟਸ ਦੇ ਕੈਂਬਿ੍ਰਜ ਸਥਿਤ ਆਪਣੇ ਕੈਂਪਸ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਇਜਾਜ਼ਤ ਦੇਣਾ ਕੌਮੀ ਸੁਰੱਖਿਆ ਲਈ ਖਤਰਾ ਹੋਵੇਗਾ।
ਹਾਰਵਰਡ ਨੇ ਕੋਰਟ ਨੂੰ ਟਰੰਪ ਦੇ ਹੁਕਮ ਨੂੰ ਰੋਕਣ ਦੀ ਮੰਗ ਕੀਤੀ ਸੀ।