ਮੁਕਾਬਲੇ ’ਚ 5 ਹੋਰ ਮਾਓਵਾਦੀਆਂ ਨੂੰ ਮਾਰਿਆ

0
115

ਬੀਜਾਪੁਰ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਇੰਦਰਾਵਤੀ ਕੌਮੀ ਪਾਰਕ ਖੇਤਰ ਵਿੱਚ ਚੱਲ ਰਹੇ ਇੱਕ ਅਪ੍ਰੇਸ਼ਨ ਦੌਰਾਨ ਸੁਰੱਖਿਆ ਬਲਾਂ ਨਾਲ ਦੋ ਮੁਕਾਬਲਿਆਂ ਵਿੱਚ ਪੰਜ ਨਕਸਲੀ ਮਾਰੇ ਗਏ। ਇਹ ਜਾਣਕਾਰੀ ਪੁਲਸ ਨੇ ਸ਼ਨਿੱਚਰਵਾਰ ਦਿੱਤੀ। ਪੁਲਸ ਮੁਤਾਬਕ ਇਸ ਤਾਜ਼ਾ ਜਾਨੀ ਨੁਕਸਾਨ ਦੇ ਨਾਲ ਪਿਛਲੇ ਤਿੰਨ ਦਿਨਾਂ ਵਿੱਚ ਅਪ੍ਰੇਸ਼ਨ ਵਿੱਚ ਚੋਟੀ ਦੇ ਨੇਤਾ ਸੁਧਾਕਰ ਅਤੇ ਭਾਸਕਰ ਸਮੇਤ ਕੁੱਲ ਸੱਤ ਨਕਸਲੀ ਮਾਰੇ ਜਾ ਚੁੱਕੇ ਹਨ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਜ਼ਿਲ੍ਹੇ ਦੇ ਇੰਦਰਾਵਤੀ ਕੌਮੀ ਪਾਰਕ ਖੇਤਰ ਵਿੱਚ ਚੱਲ ਰਹੇ ਨਕਸਲ ਵਿਰੋਧੀ ਅਪ੍ਰੇਸ਼ਨਾਂ ਦੌਰਾਨ ਸੱਤ ਮਾਓਵਾਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ।ਸਨਿੱਚਰਵਾਰ ਗੋਲੀਬਾਰੀ ਤੋਂ ਬਾਅਦ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਦੋਂ ਕਿ ਤਿੰਨ ਸ਼ੁੱਕਰਵਾਰ ਅਤੇ ਸਨਿੱਚਰਵਾਰ ਦੀ ਵਿਚਕਾਰਲੀ ਰਾਤ ਨੂੰ ਹੋਈ ਗੋਲੀਬਾਰੀ ਤੋਂ ਬਾਅਦ ਮਿਲੀਆਂ ਹਨ। ਅਧਿਕਾਰੀ ਨੇ ਕਿਹਾ ਕਿ ਇਹ ਕਾਰਵਾਈ ਸੂਬਾਈ ਪੁਲਸ ਦੀ ਸਪੈਸ਼ਲ ਟਾਸਕ ਫੋਰਸ (ਐੱਸ ਟੀ ਐੱਫ) ਅਤੇ ਡਿਸਟਿ੍ਰਕਟ ਰਿਜ਼ਰਵ ਗਾਰਡ (ਡੀ ਆਰ ਜੀ) ਦੇ ਨਾਲ-ਨਾਲ ਸੀ ਆਰ ਪੀ ਐੱਫ ਦੀ ਵਿਸ਼ੇਸ਼ ਯੂਨਿਟ ਕੋਬਰਾ ਦੇ ਜਵਾਨਾਂ ਨੂੰ ਸ਼ਾਮਲ ਕਰਕੇ 4 ਜੂਨ ਨੂੰ ਮਾਓਵਾਦੀ ਨੇਤਾ ਸੁਧਾਕਰ, ਤਿਲੰਗਾਨਾ ਸੂਬਾ ਕਮੇਟੀ ਦੇ ਮੈਂਬਰ ਬੰਦੀ ਪ੍ਰਕਾਸ਼, ਦੰਡਕਾਰਣਿਆ ਵਿਸ਼ੇਸ਼ ਜ਼ੋਨਲ ਕਮੇਟੀ ਦੇ ਮੈਂਬਰ ਪੱਪਾ ਰਾਓ ਅਤੇ ਕੁਝ ਹੋਰ ਹਥਿਆਰਬੰਦ ਕਾਡਰਾਂ ਦੀ ਮੌਜੂਦਗੀ ਬਾਰੇ ਜਾਣਕਾਰੀ ਦੇ ਆਧਾਰ ’ਤੇ ਸ਼ੁਰੂ ਕੀਤੀ ਗਈ ਸੀ। ਸ਼ੁੱਕਰਵਾਰ ਸੁਰੱਖਿਆ ਬਲਾਂ ਨੇ ਛੱਤੀਸਗੜ੍ਹ ਅਤੇ ਤਿਲੰਗਾਨਾ ਵਿੱਚ 45 ਲੱਖ ਰੁਪਏ ਦਾ ਇਨਾਮ ਰੱਖਣ ਵਾਲੇ ਮਾਓਵਾਦੀਆਂ ਦੀ ਤਿਲੰਗਾਨਾ ਸੂਬਾ ਕਮੇਟੀ ਦੇ ਇੱਕ ਵਿਸ਼ੇਸ਼ ਜ਼ੋਨਲ ਕਮੇਟੀ ਮੈਂਬਰ ਭਾਸਕਰ ਉਰਫ ਮੈਲਾਰਾਪੂ ਅਡੇਲੂ ਨੂੰ ਹਲਾਕ ਕਰ ਦਿੱਤਾ ਅਤੇ ਮਾਓਵਾਦੀਆਂ ਦੀ ਕੇਂਦਰੀ ਕਮੇਟੀ ਦੇ ਮੈਂਬਰ ਨਰਸਿਮ੍ਹਾਚਲਮ ਉਰਫ ਸੁਧਾਕਰ, ਜਿਸ ’ਤੇ ਛੱਤੀਸਗੜ੍ਹ ਵਿੱਚ 40 ਲੱਖ ਰੁਪਏ ਦਾ ਇਨਾਮ ਸੀ, ਨੂੰ ਵੀਰਵਾਰ ਮਾਰ ਦਿੱਤਾ ਗਿਆ।