ਨਵੀਂ ਦਿੱਲੀ : ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਭਾਰਤ, ਅਮਰੀਕਾ ਨਾਲ ਚੱਲ ਰਹੀ ਵਪਾਰਕ ਗੱਲਬਾਤ ਵਿੱਚ ਸੰਭਾਵੀ ਲਾਭਾਂ ਅਤੇ ਨੁਕਸਾਨਾਂ ਦਾ ਮੁਲਾਂਕਣ ਕਰਦੇ ਹੋਏ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਨੂੰ ਤਰਜੀਹ ਦੇਵੇਗਾ।
ਚੌਹਾਨ ਨੇ ਇੱਕ ਇੰੰਟਰਵਿਊ ਦੌਰਾਨ ਕਿਹਾ, ‘‘ਸਾਡੀ ਤਰਜੀਹ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ। ਭਾਰਤ ਅੱਖਾਂ ਬੰਦ ਕਰਕੇ ਕੰਮ ਨਹੀਂ ਕਰੇਗਾ। ਅਸੀਂ ਆਪਣੇ ਲਾਭ-ਹਾਨੀਆਂ ਦਾ ਮੁਲਾਂਕਣ ਕਰਾਂਗੇ ਤੇ ਇਨ੍ਹਾਂ ਨੂੰ ਧਿਆਨ ’ਚ ਰੱਖਦਿਆਂ ਸਮਝੌਤੇ ਨੂੰ ਆਖਰੀ ਰੂਪ ਦਿੱਤਾ ਜਾਵੇਗਾ।’’ ਉਨ੍ਹਾ ਇਹ ਗੱਲਾਂ ਇਸ ਸਵਾਲ ਕਿ ਅਮਰੀਕੀ ਖੇਤੀ ਤੇ ਬਾਗਬਾਨੀ ਉਤਪਾਦਾਂ ਲਈ ਵੱਧ ਬਾਜ਼ਾਰੀ ਪਹੁੰਚ ਲਈ ਦਬਾਅ ਦੌਰਾਨ ਭਾਰਤ ਆਪਣੇ ਕਿਸਾਨਾਂ ਦੀ ਸੁੁਰੱਖਿਆ ਕਿਵੇਂ ਕਰੇਗਾ, ਦੇ ਜਵਾਬ ’ਚ ਆਖੀਆਂ। ਵਾਰਤਾਕਾਰਾਂ ਦੇ ਦੁਵੱਲੇ ਸਮਝੌਤੇ ਦੇ ਪਹਿਲੇ ਪੜਾਅ ਦੀ ਵਿਆਪਕ ਰੂਪ-ਰੇਖਾ ਲਈ ਇੱਕ ਬਲੂਪਿ੍ਰੰਟ ’ਤੇ ਸਹਿਮਤ ਹੋਣ ਦੀ ਉਮੀਦ ਹੈ, ਜਿਸ ’ਤੇ ਸਤੰਬਰ-ਅਕਤੂਬਰ ਤੱਕ ਦਸਤਖਤ ਕੀਤੇ ਜਾਣ ਦੀ ਉਮੀਦ ਹੈ।
ਚੌਹਾਨ ਨੇ ਕਿਹਾ, ‘‘ਭਾਰਤ ਅਤੇ ਅਮਰੀਕਾ ਵਿਚਾਲੇ ਚਰਚਾ ਹੋ ਰਹੀ ਹੈ। ਇੱਕ ਗੱਲ ਸਪੱਸ਼ਟ ਹੈ, ਅਸੀਂ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਾਂਗੇ। ਜਦੋਂ ਅਸੀਂ ਦੋ ਮੁਲਕਾਂ ਦੀ ਗੱਲ ਕਰਦੇ ਹਾਂ ਤਾਂ ਸਮੁੱਚੇ ਵਪਾਰ ਨੂੰ ਵੇਖਣ ਦੀ ਲੋੜ ਹੁੰਦੀ ਹੈ।’’ ਖੇਤੀਬਾੜੀ ਮੰਤਰੀ ਦੀ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਭਾਰਤ ਤੇ ਅਮਰੀਕਾ ਖੇਤੀ ਵਪਾਰ ਦੇ ਵਿਸਤਾਰ ਬਾਰੇ ਗੱਲਬਾਤ ਚਲਾ ਰਹੇ ਹਨ, ਜਿਸ ਵਿੱਚ ਅਮਰੀਕਾ ਭਾਰਤੀ ਬਾਜ਼ਾਰਾਂ ’ਚ ਆਪਣੇ ਖੇਤੀ ਉਤਪਾਦਾਂ ਲਈ ਘੱਟ ਟੈਕਸ ਤੇ ਬਿਹਤਰ ਪਹੁੰਚ ਦੀ ਮੰਗ ਕਰ ਰਿਹਾ ਹੈ।




