ਸ਼ਾਹਕੋਟ (ਗਿਆਨ ਸੈਦਪੁਰੀ)
ਦੇਸ਼ ਦੀ ਮਜ਼ਦੂਰ ਲਹਿਰ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦਾ ਮਹੱਤਵਪੂਰਨ ਯੋਗਦਾਨ ਹੈ। ਖੇਤੀ ਅਰਥਚਾਰੇ ਅਤੇ ਖੇਤੀ ਜਿਨਸਾਂ ਦੀ ਪੈਦਾਵਾਰ ਦੇ ਖੇਤਰ ਵਿੱਚ ਖੇਤ ਮਜ਼ਦੂਰ ਰੀੜ੍ਹ ਦੀ ਹੱਡੀ ਵਜੋਂ ਜਾਣੇ ਜਾਂਦੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕੀਤਾ। ਉਹ ਭਾਰਤੀ ਖੇਤ ਮਜ਼ਦੂਰ ਯੂਨੀਅਨ ਵੱਲੋਂ 10 ਜੂਨ ਨੂੰ ਦੇਸ਼ ਵਿਆਪੀ ਰੋਸ ਪ੍ਰਦਰਸ਼ਨ ਕੀਤੇ ਜਾਣ ਦੇ ਸੰਦਰਭ ਵਿੱਚ ਇਸ ਪੱਤਰਕਾਰ ਨਾਲ ਗੱਲਬਾਤ ਕਰ ਰਹੇ ਸਨ। ਉਹਨਾ ਕਿਹਾ ਕਿ ਦੇਸ਼ ਦੇ ਅੰਨ ਖੇਤਰ ਵਿੱਚ ਭਾਰੀ ਯੋਗਦਾਨ ਦੇ ਬਾਵਜੂਦ ਖੇਤ ਮਜ਼ਦੂਰਾਂ ਦੀ ਹਾਲਤ ਅਜੇ ਵੀ ਤਰਸਯੋਗ ਬਣੀ ਹੋਈ ਹੈ। ਇਸ ਵਰਗ ਨਾਲ ਜਿੱਥੇ ਸਰਕਾਰਾਂ ਵੱਲੋਂ ਆਰਥਿਕ ਪੱਖੋਂ ਧਰੋ ਕਮਾਇਆ ਜਾ ਰਿਹਾ, ਉੱਥੇ ਸਮਾਜਿਕ ਤੌਰ ’ਤੇ ਵੀ ਵਿਤਕਰੇਬਾਜ਼ੀ ਕੀਤੀ ਜਾਂਦੀ ਹੈ। ਖੇਤੀ ਮਸ਼ੀਨਰੀ ਦੇ ਵਧਣ ਨਾਲ ਉਨ੍ਹਾਂ ਲਈ ਰੋਜ਼ਗਾਰ ਦੇ ਮੌਕੇ ਘੱਟ ਹੋ ਗਏ ਹਨ। ਰੋਜ਼ਗਾਰ ਦੀ ਭਾਲ ਵਿੱਚ ਪਰੇਸ਼ਾਨ ਇਹ ਵਰਗ ਭਟਕਣ ਦਾ ਸ਼ਿਕਾਰ ਹੈ। ਇਸ ਅਵਸਥਾ ਵਿੱਚ ਇਸ ਵਰਗ ਦੀ ਜਵਾਨੀ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈ। ਇਸ ਸਭ ਕਾਸੇ ਦੇ ਬਾਵਜੂਦ ਹਰ ਰੰਗ ਦੀਆਂ ਸਰਕਾਰਾਂ ਮਜ਼ਦੂਰ ਵਰਗ ਨੂੰ ਦਰਪੇਸ਼ ਮੁਸ਼ਕਲਾਂ ਦੀ ਅਣਦੇਖੀ ਕਰਦੀਆਂ ਆਈਆਂ ਹਨ। ਇਸ ਲਈ ਸਰਕਾਰ ਨੂੰ ਨੀਂਦ ’ਚੋਂ ਜਗਾਉਣ ਲਈ ਖੇਤ ਮਜ਼ਦੂਰਾਂ ਤੇ ਹੋਰ ਪੇਂਡੂ ਮਜ਼ਦੂਰਾਂ ਵੱਲੋਂ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਦੇਸ਼-ਵਿਆਪੀ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਮਜ਼ਦੂਰ ਵਰਗ ਦੇ ਇਹਨਾਂ ਰੋਸ ਪ੍ਰਦਰਸ਼ਨਾਂ ਦੀ ਭਾਰਤੀ ਕਮਿਊਨਿਸਟ ਪਾਰਟੀ ਪੂਰਨ ਹਮਾਇਤ ਕਰਦੀ ਹੈ। ਪਾਰਟੀ ਮਜ਼ਦੂਰ ਵਰਗ ਦੀਆਂ ਮੰਗਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਤੇ ਸਰਕਾਰ ਕੋਲੋਂ ਪੁਰਜ਼ੋਰ ਮੰਗ ਕਰਦੀ ਹੈ ਕਿ ਮਜ਼ਦੂਰਾਂ ਦੀਆਂ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ।





