ਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗੇ 7 ਪਿਸਤੌਲਾਂ ਤੇ ਗੋਲੀ-ਸਿੱਕੇ ਸਮੇਤ ਕਾਬੂ

0
26

ਪਟਿਆਲਾ (ਅਵਤਾਰ ਜਟਾਣਾ)
ਪਟਿਆਲਾ ਪੁਲਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗਿਆਂ ਨੂੰ 30 ਤੇ 32 ਬੋਰ ਦੇ 3-3 ਪਿਸਤੌਲਾਂ, 315 ਬੋਰ ਦਾ ਇੱਕ ਦੇਸੀ ਕੱਟਾ ਅਤੇ 10 ਮੈਗਜ਼ੀਨ ਸਮੇਤ 11 ਜ਼ਿੰਦਾ ਕਾਰਤੂਸ ਸਮੇਤ ਗਿ੍ਰਫ਼ਤਾਰ ਕੀਤਾ ਹੈ। ਐੱਸ ਐੱਸ ਪੀ ਵਰੁਣ ਸ਼ਰਮਾ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਪੈਸੇ ਲਈ ਅਪਰਾਧ ਜਗਤ ਨਾਲ ਜੁੜੇ ਇਨ੍ਹਾਂ ਨੌਜਵਾਨਾਂ ਦੀ ਪਛਾਣ ਤੇਜਿੰਦਰ ਸਿੰਘ ਉਰਫ ਫ਼ੌਜੀ ਵਾਸੀ ਪਿੰਡ ਦੌਣ ਕਲਾਂ, ਰਾਹੁਲ ਕੱਦੂ ਵਾਸੀ ਪਿੰਡ ਬੜਾਉਆ ਜ਼ਿਲ੍ਹਾ ਵਧਾਈਆ ਯੂ.ਪੀ. ਹਾਲ ਵਾਸੀ ਨੇੜੇ ਬਾਬਾ ਭਵਾਤ ਰੋਡ ਮੋਹਾਲੀ ਜੀਰਕਪੁਰ, ਵਿਪਲ ਕੁਮਾਰ ਬਿੱਟੂ ਵਾਸੀ ਪਿੰਡ ਰਾਮਨਗਰ ਮੇਰਠ ਯੂ.ਪੀ., ਸੁਖਚੈਨ ਸਿੰਘ ਉਰਫ ਸੁੱਖੀ ਵਾਸੀ ਪਿੰਡ ਸਿਆਲੂ ਘਨੌਰ, ਦੇਵ ਕਰਨ ਵਾਸੀ ਪਿੰਡ ਕਲਿਆਣਪੁਰ ਮੇਰਠ ਯੂ.ਪੀ ਵਜੋਂ ਹੋਈ, ਜਿਹੜੇ ਕੇ ਸੁਪਾਰੀ ਲੈ ਕੇ ਕਤਲ ਤੇ ਹੋਰ ਸੰਗੀਨ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਐੱਸ.ਐੱਸ.ਪੀ. ਨੇ ਦੱਸਿਆ ਕਿ ਬਰਾਮਦ ਹੋਏ ਨਜਾਇਜ਼ ਹਥਿਆਰਾਂ ਦੀ ਵੀ ਉਨ੍ਹਾਂ ਦੀ ਫੈਕਟਰੀ ਤੱਕ ਜਾ ਕੇ ਗੰਭੀਰਤਾ ਨਾਲ ਪੜਤਾਲ ਕੀਤੀ ਜਾਵੇਗੀ।
ਸ਼ਰਮਾ ਨੇ ਦੱਸਿਆ ਕਿ ਐੱਸ.ਪੀ. ਪੀ.ਬੀ.ਆਈ. ਸਵਰਨਜੀਤ ਕੌਰ ਤੇ ਐੱਸ.ਪੀ ਸਿਟੀ ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਡੀ.ਐੱਸ.ਪੀ. ਸਰਕਲ ਦਿਹਾਤੀ ਦੀ ਨਿਗਰਾਨੀ ਹੇਠ ਥਾਣਾ ਸਦਰ ਪਟਿਆਲਾ ਦੇ ਮੁਖੀ ਇੰਸਪੈਕਟਰ ਅੰਮਿ੍ਰਤਵੀਰ ਸਿੰਘ ਦੀ ਟੀਮ ਦੇ ਮੈਂਬਰ ਤੇ ਚੌਂਕੀ ਬਹਾਦਰਗੜ੍ਹ ਦੇ ਇੰਚਾਰਜ ਏ.ਐੱਸ.ਆਈ. ਹਰਦੀਪ ਸਿੰਘ ਦੀ ਪੁਲਸ ਪਾਰਟੀ ਨੇ ਇਹ ਗਿ੍ਰਫ਼ਤਾਰੀਆਂ ਕੀਤੀਆਂ ਹਨ।ਐੱਸ.ਐੱਸ.ਪੀ. ਨੇ ਦੱਸਿਆ ਕਿ 24 ਮਈ ਨੂੰ ਪਿੰਡ ਦੌਣ ਕਲਾਂ ਦੇ ਵਾਸੀ ਦਲਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ’ਤੇ 7/8 ਅਣਪਛਾਤੇ ਵਿਅਕਤੀਆਂ ਨੇ ਮਾਰ ਦੇਣ ਦੀ ਨੀਅਤ ਨਾਲ ਜਾਨਲੇਵਾ ਹਮਲਾ ਕਰਕੇ ਉਸ ਦੀਆਂ ਲੱਤਾਂ ਤੇ ਬਾਹਾਂ ’ਤੇ ਤਲਵਾਰਾਂ ਤੇ ਰਾਡਾਂ ਨਾਲ ਵਾਰ ਕੀਤੇ ਸਨ। ਉਸ ਦੇ ਬਿਆਨਾਂ ਦੇ ਅਧਾਰ ’ਤੇ ਤੇਜਿੰਦਰ ਸਿੰਘ ਉਰਫ ਫ਼ੌਜੀ ਤੇ ਹੋਰਨਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ।
ਫ਼ੌਜੀ, ਜੋ ਪਹਿਲਾਂ ਹੀ ਇੱਕ ਮੁਕੱਦਮੇ ’ਚ ਸਾਲ 2022 ਤੋਂ ਜੇਲ੍ਹ ਵਿੱਚ ਬੰਦ ਹੈ, ਨੂੰ ਪ੍ਰੋਡਕਸ਼ਨ ਵਾਰੰਟ ਹਾਸਲ ਕਰਕੇ 13 ਜੂਨ ਨੂੰ ਮੁਕੱਦਮੇ ’ਚ ਗਿ੍ਰਫ਼ਤਾਰ ਕੀਤਾ ਗਿਆ ਸੀ। ਇਸ ਨੇ ਪੁੱਛਗਿੱਛ ਵਿੱਚ ਮੰਨਿਆ ਸੀ ਕਿ ਉਸ ਨੇ ਜੇਲ੍ਹ ਵਿੱਚ ਹੁੰਦੇ ਹੋਏ ਸੁਖਚੈਨ ਸਿੰਘ ਸੁੱਖੀ, ਰਾਹੁਲ ਕੱਦੂ, ਵਿਪਲ ਕੁਮਾਰ ਬਿੱਟੂ ਤੇ ਦੇਵ ਕਰਨ ਤੋਂ ਦਲਵਿੰਦਰ ਸਿੰਘ ਦੀ ਕੁੱਟਮਾਰ ਕਰਵਾਈ ਸੀ, ਜਿਸ ਦੇ ਅਧਾਰ ’ਤੇ ਇਨ੍ਹਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਅਤੇ ਉਸੇ ਦਿਨ ਸੁਖਚੈਨ ਸਿੰਘ ਉਰਫ ਸੁੱਖੀ ਅਤੇ ਰਾਹੁਲ ਉਰਫ ਕੱਦੂ ਨੂੰ ਗਿ੍ਰਫਤਾਰ ਕੀਤਾ ਗਿਆ। ਤਫਤੀਸ ’ਚ ਵਿਪਲ ਕੁਮਾਰ ਬਿੱਟੂ ਅਤੇ ਦੇਵ ਕਰਨ ਨੇ ਦੱਸਿਆ ਕਿ ਲੜਾਈ ਵਾਲੇ ਦਿਨ ਉਨ੍ਹਾਂ ਕੋਲ ਇੱਕ ਪਿਸਟਲ 32 ਬੋਰ ਤੇ 7 ਕਾਰਤੂਸ ਜ਼ਿੰਦਾ, 2 ਮੈਗਜ਼ੀਨ ਅਤੇ ਇੱਕ ਦੇਸੀ ਕੱਟਾ ਨਜਾਇਜ਼ 315 ਬੋਰ ਸਮੇਤ 1 ਕਾਰਤੂਸ ਜ਼ਿੰਦਾ ਸੀ, ਜਿਨ੍ਹਾਂ ਨੂੰ ਉਨ੍ਹਾਂ ਨੇ ਝਗੜੇ ਬਾਅਦ ਰਾਜਾ ਫਾਰਮ ਬਹਾਦਰਗੜ੍ਹ ਨੇੜੇ ਕਿਸੇ ਜਗ੍ਹਾ ਦੱਬ ਦਿੱਤਾ ਸੀ, ਇਨ੍ਹਾਂ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ।
ਐੱਸ.ਐੱਸ.ਪੀ. ਨੇ ਦੱਸਿਆ ਕਿ ਪੁੱਛਗਿੱਛ ਤੋਂ ਸਾਹਮਣੇ ਆਇਆ ਕਿ ਇਹ ਅਸਲਾ ਮੱਧ ਪ੍ਰਦੇਸ਼ ਤੋਂ ਸਸਤੇ ਭਾਅ ਲਿਆ ਕੇ ਮੰਗ ਅਨੁਸਾਰ ਮਹਿੰਗੇ ਰੇਟ ’ਤੇ ਵੇਚਦੇ ਹਨ। ਇਨ੍ਹਾਂ ਨੇ ਮੰਨਿਆ ਕਿ ਲੜਾਈ ਤੋਂ ਪਹਿਲਾਂ ਉਹ 5 ਹੋਰ ਅਸਲੇ ਕਿਸੇ ਹੋਰ ਬੇਅਬਾਦ ਜਗ੍ਹਾ ’ਤੇ ਦੱਬੇ ਸਨ, ਉੱਥੋਂ 18 ਜੂਨ ਨੂੰ 30 ਬੋਰ ਪਿਸਟਲ, 32 ਬੋਰ ਪਿਸਟਲ ਸਮੇਤ 8 ਮੈਗਜ਼ੀਨ ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਤੇ ਇਨ੍ਹਾਂ ਦਾ ਅਦਾਲਤ ਤੋਂ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਸ.ਐੱਸ.ਪੀ ਵਰੁਣ ਸ਼ਰਮਾ ਨੇ ਕਿਹਾ ਕਿ ਭਿੰਦਾ ਕਤਲ ਕੇਸ ਵਿੱਚ ਤੇਜਿੰਦਰ ਸਿੰਘ ਉਰਫ ਫ਼ੌਜੀ ਧਿਰ ਮਿ੍ਰਤਕ ਭਿੰਦਾ ਦੇ ਪਰਵਾਰ ’ਤੇ ਰਾਜ਼ੀਨਾਮਾ ਕਰਨ ਲਈ ਦਬਾਅ ਬਣਾ ਰਹੇ ਸਨ ਅਤੇ ਦਲਵਿੰਦਰ ਸਿੰਘ ਜੋ ਕਿ ਮਿ੍ਰਤਕ ਭਿੰਦਾ ਦਾ ਦੋਸਤ ਸੀ, ਭਿੰਦੇ ਦੇ ਪਰਵਾਰ ਨੂੰ ਰਾਜ਼ੀਨਾਮਾ ਕਰਨ ਸੰਬੰਧੀ ਰੋਕ ਰਿਹਾ ਸੀ, ਜਿਸ ਕਰਕੇ ਤੇਜਿੰਦਰ ਸਿੰਘ ਉਰਫ ਫ਼ੌਜੀ ਨੇ ਰੰਜਿਸ਼ ਰੱਖਦੇ ਹੋਏ ਦਲਵਿੰਦਰ ਸਿੰਘ ’ਤੇ ਹਮਲਾ ਕਰਵਾਇਆ ਸੀ। ਐੱਸ.ਐੱਸ.ਪੀ. ਨੇ ਹੋਰ ਦੱਸਿਆ ਕਿ ਤੇਜਿੰਦਰ ਸਿੰਘ ਉਰਫ ਫ਼ੌਜੀ ਅਤੇ ਰਾਹੁਲ ਉਰਫ ਕੱਦੂ ਇਕੱਠੇ ਜੇਲ੍ਹ ਵਿੱਚ ਰਹੇ ਹਨ, ਜਿੱਥੋਂ ਇਹ ਸਾਰੇ ਅੱਗੇ ਇੱਕ-ਦੂਜੇ ਦੇ ਜਾਣਕਾਰਾਂ ਰਾਹੀਂ ਸੰਪਰਕ ਵਿੱਚ ਆਏ ਤੇ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਸੰਬੰਧ ਰੱਖਦੇ ਹਨ ਤੇ ਜੇਲ੍ਹ ’ਚੋਂ ਹੀ ਗੱਲਬਾਤ ਕਰਕੇ, ਯੋਜਨਾ ਬਣਾ ਕੇ ਸਾਰੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।ਉਨ੍ਹਾ ਕਿਹਾ ਕਿ ਇਨ੍ਹਾਂ ਨੇ ਹੁਣ ਵੀ ਸੂਬੇ ਤੇ ਪਟਿਆਲਾ ਅਤੇ ਹੋਰ ਕਈ ਥਾਵਾਂ ’ਤੇ ਰੇਕੀ ਕੀਤੀ ਹੋਈ ਸੀ ਅਤੇ ਕਈ ਟਾਰਗੇਟ ਕਿਲਿੰਗ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਸੀ।