ਵਾਸ਼ਿੰਗਟਨ : ਅਮਰੀਕਾ ਦੇ ਦੌਰੇ ’ਤੇ ਆਏ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਪਹਿਰ ਦੇ ਖਾਣੇ ਨਾਲ ਨਿਵਾਜਿਆ। ਇਸ ਦੌਰਾਨ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਨੂੰ ਰੋਕਣ ਲਈ ਅਸੀਮ ਮੁਨੀਰ ਦੀ ਪ੍ਰਸੰਸਾ ਵੀ ਕੀਤੀ। ਉਨ੍ਹਾ ਕਿਹਾ, ‘ਮੈਂ ਮੁਨੀਰ ਨੂੰ ਇੱਥੇ ਇਸ ਲਈ ਬੁਲਾਇਆ, ਕਿਉਂਕਿ ਮੈਂ ਭਾਰਤ ਨਾਲ ਜੰਗ ਰੋਕਣ ਤੇ ਇਸ ਨੂੰ ਖਤਮ ਕਰਨ ਲਈ ਪਾਕਿਸਤਾਨੀ ਫੌਜ ਮੁਖੀ ਦਾ ਧੰਨਵਾਦ ਕਰਨਾ ਚਾਹੁੰਦਾ ਸੀ।’ ਮੁਨੀਰ ਨੇ ਭਾਰਤ-ਪਾਕਿਸਤਾਨ ਜੰਗ ਰੁਕਵਾਉਣ ’ਤੇ ਟਰੰਪ ਨੂੰ ਨੋਬੇਲ ਅਮਨ ਇਨਾਮ ਦੇਣ ਦੀ ਮੰਗ ਕੀਤੀ।
ਇਹ ਪਹਿਲੀ ਵਾਰ ਸੀ, ਜਦੋਂ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਪਾਕਿਸਤਾਨੀ ਫੌਜ ਮੁਖੀ ਨਾਲ ਦੁਪਹਿਰ ਦੇ ਖਾਣੇ ’ਤੇ ਮੀਟਿੰਗ ਕੀਤੀ। ਮੁਨੀਰ ਦਾ ਪਾਕਿਸਤਾਨ ਦੀਆਂ ਰਾਸ਼ਟਰੀ ਸੁਰੱਖਿਆ ਨੀਤੀਆਂ ’ਤੇ ਵਿਆਪਕ ਪ੍ਰਭਾਵ ਮੰਨਿਆ ਜਾਂਦਾ ਹੈ। ਇਸਲਾਮਾਬਾਦ ਤਹਿਰਾਨ ਨਾਲ ਆਪਣੇ ਨੇੜਲੇ ਸੰਬੰਧਾਂ ਲਈ ਵੀ ਜਾਣਿਆ ਜਾਂਦਾ ਹੈ। ਟਰੰਪ ਨੇ ਕਿਹਾ ਕਿ ਉਹ ਮੁਨੀਰ ਨੂੰ ਮਿਲ ਕੇ ਸਨਮਾਨਤ ਮਹਿਸੂਸ ਕਰ ਰਹੇ ਹਨ ਅਤੇ ਦੋਵਾਂ ਨੇ ਈਰਾਨ ਬਾਰੇ ਚਰਚਾ ਕੀਤੀ, ਜਿਸ ਬਾਰੇ ਉਨ੍ਹਾ ਕਿਹਾ ਕਿ ਪਾਕਿਸਤਾਨ ਜ਼ਿਆਦਾਤਰ ਲੋਕਾਂ ਨਾਲੋਂ ਬਿਹਤਰ ਜਾਣਦਾ ਹੈ। ਪਾਕਿਸਤਾਨੀ ਫੌਜ ਮੁਖੀ ਦੇ ਨਾਲ ਮੀਟਿੰਗ ਵਿੱਚ ਆਈ ਐੱਸ ਆਈ ਮੁਖੀ ਲੈਫਟੀਨੈਂਟ ਜਨਰਲ ਅਸੀਮ ਮਲਿਕ ਵੀ ਸਨ।