ਲੁਧਿਆਣਾ ਪੱਛਮੀ ਹਲਕੇ ’ਚ ਲੱਗਭੱਗ 50 ਫੀਸਦੀ ਪੋਲਿੰਗ

0
22

ਲੁਧਿਆਣਾ : ਪੰਜਾਬ ਅਸੈਂਬਲੀ ਦੇ ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਵੀਰਵਾਰ ਸ਼ਾਮ 5 ਵਜੇ ਤੱਕ 49.07 ਫੀਸਦੀ ਪੋਲਿੰਗ ਹੋਈ।
ਜ਼ਿਮਨੀ ਚੋਣ ’ਚ ਲੜ ਰਹੇ ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੀ ਇਹ ਪਹਿਲੀ ਵਿਧਾਨ ਸਭਾ ਚੋਣ ਹੈ, ਜਦੋਂ ਕਿ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੋ ਵਾਰ ਪਹਿਲਾਂ ਵੀ ਚੋਣ ਜਿੱਤ ਚੁੱਕੇ ਹਨ। ‘ਆਪ’ ਲਈ ਇਹ ਚੋਣ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ। ਇਸ ਲਈ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪਾਰਟੀ ਦੀ ਕੌਮੀ ਲੀਡਰਸ਼ਿਪ ਨੇ ਪੂਰਾ ਤਾਣ ਲਾਇਆ। ਸੰਜੀਵ ਅਰੋੜਾ ਤੇ ਆਸ਼ੂ ਤੋਂ ਇਲਾਵਾ ਭਾਜਪਾ ਦੇ ਜੀਵਨ ਗੁਪਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਆਪੋ-ਆਪਣੇ ਪਰਵਾਰਾਂ ਨਾਲ ਵੋਟ ਪਾਉਣ ਲਈ ਪੋਲਿੰਗ ਬੂਥਾਂ ’ਤੇ ਪੁੱਜੇ। ਦੂਸਰੇ ਪਾਸੇ ਪੰਜਾਬ ਕਾਂਗਰਸ ਦੀ ਆਪਸੀ ਧੜੇਬੰਦੀ ਵਿਚਾਲੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਲਈ ਰਾਹ ਸੁਖਾਲਾ ਨਹੀਂ ਹੈ। ਇਸ ਜ਼ਿਮਨੀ ਚੋਣ ਦੇ ਨਤੀਜੇ ਦਾ ਸਿੱਧਾ ਅਸਰ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ’ਤੇ ਪੈਣਾ ਹੈ, ਜਿਸ ਕਰਕੇ ਕਿਸੇ ਵੀ ਸਿਆਸੀ ਧਿਰ ਨੇ ਕਸਰ ਬਾਕੀ ਨਹੀਂ ਛੱਡੀ ਹੈ।
ਲੁਧਿਆਣਾ ਪੱਛਮੀ ਨਿਰੋਲ ਸ਼ਹਿਰੀ ਸੀਟ ਹੈ। ਇਸ ਹਲਕੇ ਤੋਂ ਛੇ ਵਾਰ ਕਾਂਗਰਸ ਪਾਰਟੀ ਜੇਤੂ ਰਹੀ ਹੈ। ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਵੱਕਾਰ ਵੀ ਹਲਕੇ ਨਾਲ ਜੁੜਿਆ ਹੋਇਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਪ੍ਰਚਾਰ ਦੇ ਆਖਰੀ ਦਿਨਾਂ ਵਿੱਚ ਘੁੰਮਣ ਦੀ ਹਮਾਇਤ ਵਿੱਚ ਹੰਭਲਾ ਮਾਰਿਆ। ਹਲਕੇ ਵਿੱਚ ਇੱਕ ਮਹਿਲਾ ਸਮੇਤ ਕੁੱਲ 14 ਉਮੀਦਵਾਰਾਂ ਨੇ ਕਿਸਮਤ ਅਜ਼ਮਾਈ ਹੈ।
ਭਖੇ ਹੋਏ ਮਾਹੌਲ ਦੇ ਮੱਦੇਨਜ਼ਰ ਕੇਂਦਰੀ ਬਲਾਂ ਦੀਆਂ ਪੰਜ ਕੰਪਨੀਆਂ ਤੋਂ ਇਲਾਵਾ ਕਾਫੀ ਪੁਲਸ ਤਾਇਨਾਤ ਕੀਤੀ ਗਈ ਸੀ।
ਵੋਟਾਂ ਪੈਣ ਤੋਂ ਪਹਿਲਾਂ ਬੁੱਧਵਾਰ ਮਾਹੌਲ ਤਣਾਅਪੂਰਨ ਹੋ ਗਿਆ ਸੀ। ਜਵਾਹਰ ਨਗਰ ਇਲਾਕੇ ਵਿੱਚ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਅਤੇ ਪੁਲਸ ਦਰਮਿਆਨ ਆਪਸੀ ਖਿੱਚੋਤਾਣ ਦੀ ਘਟਨਾ ਸਾਹਮਣੇ ਆਈ। ਆਸ਼ੂ ਨੇ ਕਿਹਾ ਕਿ ਉਨ੍ਹਾਂ ਦੇ ਵਰਕਰਾਂ ਨੇ ਰਾਸ਼ਨ ਵੰਡ ਰਹੇ ਇਕ ਵਿਅਕਤੀ ਨੂੰ ਫੜਿਆ ਅਤੇ ਪੁਲਸ ਨੇ ‘ਆਪ’ ਸਰਕਾਰ ਦੇ ਇਸ਼ਾਰੇ ’ਤੇ ਧੱਕੇਸ਼ਾਹੀ ਸ਼ੁਰੂ ਕਰ ਦਿੱਤੀ। ਲੁਧਿਆਣਾ ਪੱਛਮੀ ਤੋਂ ਇਲਾਵਾ ਕੇਰਲਾ ਦੀ ਨੀਲਾਂਬੁਰ, ਪੱਛਮੀ ਬੰਗਾਲ ਦੀ ਕਾਲੀਗੰਜ ਅਤੇ ਗੁਜਰਾਤ ਦੀਆਂ ਵਿਸਾਵਦਾਰ ਤੇ ਕਾਦੀ ਅਸੈਂਬਲੀ ਸੀਟਾਂ ਲਈ ਵੀ ਵੋਟਾਂ ਪਈਆਂ। ਨਤੀਜਿਆਂ ਦਾ ਐਲਾਨ 23 ਜੂਨ ਨੂੰ ਕੀਤਾ ਜਾਵੇਗਾ।