ਹਿਮਾਚਲ ਆਉਣ ਵਾਲਿਆਂ ਨੂੰ ਸਾਵਧਾਨ ਰਹਿਣ ਦੀ ਸਲਾਹ

0
88

ਸ਼ਿਮਲਾ : ਮੌਸਮ ਵਿਭਾਗ ਨੇ ਹਿਮਾਚਲ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਦਰਮਿਆਨ ਅਗਲੇ 24 ਘੰਟਿਆਂ ’ਚ ਸ਼ਿਮਲਾ, ਮੰਡੀ, ਕਾਂਗੜਾ, ਸਿਰਮੌਰ ਤੇ ਚੰਬਾ ਜ਼ਿਲ੍ਹਿਆਂ ਦੇ ਨਦੀਆਂ-ਨਾਲਿਆਂ ਤੇ ਨੇੜਲੇ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ ਹੜ੍ਹਾਂ ਦੀ ਚੇਤਾਵਨੀ ਦਿੱਤੀ ਹੈ।
ਅਧਿਕਾਰੀਆਂ ਨੇ ਵੀਰਵਾਰ ਕਿਹਾ ਕਿ ਕਾਂਗੜਾ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ ਬੱਦਲ ਫਟਣ ਕਾਰਨ ਆਏ ਅਚਾਨਕ ਹੜ੍ਹਾਂ ਤੋਂ ਬਾਅਦ ਲਾਪਤਾ ਹੋਏ 10 ਲੋਕਾਂ ਦਾ ਪਤਾ ਲਗਾਉਣ ਲਈ ਖੋਜ ਕਾਰਜ ਤੇਜ਼ ਕਰ ਦਿੱਤੇ ਗਏ ਹਨ, ਜਦੋਂ ਕਿ ਕੁਝ ਨੂੰ ਬਚਾਅ ਲਿਆ ਗਿਆ ਹੈ।
ਇਸ ਦੌਰਾਨ ਹਿਮਾਚਲ ਸਰਕਾਰ ਨੇ ਸੈਲਾਨੀਆਂ ਨੂੰ ਮੌਨਸੂਨ ਸੀਜ਼ਨ ਦੌਰਾਨ ਨਦੀਆਂ-ਨਾਲਿਆਂ ਦੇ ਨੇੜੇ ਤੇ ਨੀਵੇਂ ਇਲਾਕਿਆਂ ਵਿੱਚ ਜਾਣ ਤੋਂ ਵਰਜਦਿਆਂ ਐਡਵਾਈਜ਼ਰੀ ਜਾਰੀ ਕੀਤੀ ਹੈ। ਸਰਕਾਰ ਨੇ ਕਿਹਾ ਕਿ ਮੌਨਸੂਨ ਦੌਰਾਨ ਸੁਰੱਖਿਆ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਕਾਂਗੜਾ ਵਿੱਚ ਬੱਦਲ ਫਟਣ ਕਾਰਨ ਅਚਾਨਕ ਆਏ ਹੜ੍ਹ ਵਿਚ ਬੁੱਧਵਾਰ ਸ਼ਾਮ ਨੂੰ ਖਨਿਆਰਾ ਪਿੰਡ ਨੇੜੇ ਇੰਦਰਾ ਪਿ੍ਰਯਦਰਸ਼ਨੀ ਪਣ-ਬਿਜਲੀ ਪ੍ਰੋਜੈਕਟ ’ਤੇ ਕੰਮ ਕਰ ਰਹੇ ਮਜ਼ਦੂਰ ਵਹਿ ਗਏ। ਅੱਠ ਮਜ਼ਦੂਰ ਲਾਪਤਾ ਹਨ ਅਤੇ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਕੁੱਲੂ ਜ਼ਿਲ੍ਹੇ ਦੇ ਰੇਹਲਾ ਬਿਹਾਲ ਵਿੱਚ ਤਿੰਨ ਵਿਅਕਤੀ, ਜੋ ਆਪਣੇ ਘਰਾਂ ਤੋਂ ਕੀਮਤੀ ਸਮਾਨ ਲਿਜਾਣ ਦੀ ਕੋਸ਼ਿਸ਼ ਕਰਦੇ ਹੋਏ ਹੜ੍ਹ ਵਿੱਚ ਵਹਿ ਗਏ ਸਨ, ਅਜੇ ਵੀ ਲਾਪਤਾ ਹਨ।