ਸੁਭਾਂਸ਼ੂ ਸ਼ੁਕਲਾ ਤੇ ਸਾਥੀ ਪੁਲਾੜ ਸਟੇਸ਼ਨ ’ਚ ਦਾਖਲ

0
85

ਨਵੀਂ ਦਿੱਲੀ : ਭਾਰਤ ਦਾ ਸ਼ੁਭਾਂਸ਼ੂ ਸ਼ੁਕਲਾ ਤੇ ਤਿੰਨ ਹੋਰ ਪੁਲਾੜ ਯਾਤਰੀ ਵੀਰਵਾਰ ਭਾਰਤੀ ਸਮੇਂ ਅਨੁਸਾਰ ਸ਼ਾਮੀਂ 4:01 ਵਜੇ ਕੌਮਾਂਤਰੀ ਪੁਲਾੜ ਸਟੇਸ਼ਨ ਪਹੁੰਚ ਗਏ। ਡਰੈਗਨ ਪੁਲਾੜ ਵਾਹਨ, ਜਿਸ ਵਿੱਚ ਚਾਰੇ ਪੁਲਾੜ ਯਾਤਰੀ ਸਵਾਰ ਹਨ, ਦਾ ਓਰਬਿਟਲ ਲੈਬਾਰਟਰੀ ਨਾਲ ਡੌਕਿੰਗ (ਜੁੜਨ) ਦਾ ਅਮਲ ਪੂਰਾ ਹੋ ਗਿਆ ਹੈ। ਗ੍ਰੇਸ ਨਾਮਕ ਪੁਲਾੜ ਯਾਨ ਨੇ ਉੱਤਰੀ ਐਟਲਾਂਟਿਕ ਮਹਾਂਸਾਗਰ ਉੱਤੇ ਭਾਰਤੀ ਸਮੇਂ ਅਨੁਸਾਰ ਸ਼ਾਮ 4:01 ਵਜੇ ਪੁਲਾੜ ਸਟੇਸ਼ਨ ਨਾਲ ਇੱਕ ਸਾਫਟ ਕੈਪਚਰ ਪ੍ਰਾਪਤ ਕੀਤਾ। ਇਹ ਪਹਿਲੀ ਵਾਰ ਹੈ, ਜਦੋਂ ਕੋਈ ਭਾਰਤੀ ਪੁਲਾੜ ਯਾਤਰੀ ਕੌਮਾਂਤਰੀ ਪੁਲਾੜ ਸਟੇਸ਼ਨ ਦੀ ਯਾਤਰਾ ਕਰ ਰਿਹਾ ਹੈ। ਨਾਸਾ ਨੇ ਇੱਕ ਲਾਈਵ ਵੀਡੀਓ ਲਿੰਕ ਵਿੱਚ ਪੁਲਾੜ ਯਾਨ ਨੂੰ ਪੁਲਾੜ ਸਟੇਸ਼ਨ ਦੇ ਨੇੜੇ ਆਉਂਦੇ ਦਿਖਾਇਆ ਅਤੇ ਡੌਕਿੰਗ ਦਾ ਅਮਲ ਭਾਰਤੀ ਸਮੇਂ ਅਨੁਸਾਰ ਸ਼ਾਮ 4:15 ਵਜੇ ਪੂਰਾ ਹੋਇਆ। ਐਕਸੀਓਮ-4 ਮਿਸ਼ਨ ਵਿੱਚ ਸ਼ਾਮਲ ਪੁਲਾੜ ਯਾਤਰੀਆਂ ਨੇ ਬੁੱਧਵਾਰ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਪੁਲਾੜ ਸਟੇਸ਼ਨ ਲਈ ਯਾਤਰਾ ਸ਼ੁਰੂ ਕੀਤੀ ਸੀ। ਇਸ ਵਪਾਰਕ ਮਿਸ਼ਨ ਦੀ ਅਗਵਾਈ ਕਮਾਂਡਰ ਪੈਗੀ ਵਿਟਸਨ ਕਰ ਰਹੇ ਹਨ, ਜਦੋਂਕਿ ਸ਼ੁਭਾਂਸ਼ੂ ਸ਼ੁਕਲਾ ਇਸ ਵਿੱਚ ਮਿਸ਼ਨ ਪਾਇਲਟ ਹਨ। ਹੰਗਰੀ ਦੇ ਪੁਲਾੜ ਯਾਤਰੀ ਟਿਬੋਰ ਕਪੂ ਤੇ ਪੋਲੈਂਡ ਦੇ ਸਲਾਵੋਜ਼ ਉਜ਼ਨਾਂਸਕੀ ਵਿਸਨੀਵਸਕੀ ਮਿਸ਼ਨ ਮਾਹਰ ਵਜੋਂ ਸ਼ਾਮਲ ਹਨ। ਇਸ ਮਿਸ਼ਨ ਨੇ ਪਹਿਲਾਂ 29 ਮਈ ਨੂੰ ਉਡਾਣ ਭਰਨੀ ਸੀ, ਪਰ ਫਾਲਕਨ 9 ਰਾਕੇਟ ਦੇ ਬੂਸਟਰ ਵਿਚ ਤਰਲ ਆਕਸੀਜਨ ਦੇ ਰਿਸਾਅ ਤੇ ਕੌਮਾਂਤਰੀ ਪੁਲਾੜ ਸਟੇਸ਼ਨ ਦੇ ਪੁਰਾਣੇ ਰੂਸੀ ਮਡਿਊਲ ਵਿਚ ਰਿਸਾਅ ਦਾ ਪਤਾ ਲੱਗਣ ਮਗਰੋਂ ਪਹਿਲਾਂ ਇਸ ਨੂੰ 8 ਜੂਨ, ਫਿਰ 10 ਜੂਨ ਤੇ ਮਗਰੋਂ 11 ਜੂਨ ਲਈ ਟਾਲ ਦਿੱਤਾ ਗਿਆ। ਇਸ ਮਗਰੋਂ ਲਾਂਚ ਦੀ ਯੋਜਨਾ 19 ਜੂਨ ਨੂੰ ਇਕ ਫਾਰ ਫਿਰ ਟਲੀ। ਉਪਰੰਤ ਨਾਸਾ ਨੇ ਰੂਸੀ ਮਡਿਊਲ ਵਿੱਚ ਮੁਰੰਮਤ ਕਾਰਜਾਂ ਤੋਂ ਬਾਅਦ ਓਰਬਿਟ ਲੈਬਾਰਟਰੀ ਦੇ ਸੰਚਾਲਨ ਦੀ ਸਮੀਖਿਆ ਲਈ ਲਾਂਚ ਦੀ ਤਰੀਕ 22 ਜੂਨ ਨਿਰਧਾਰਤ ਕੀਤੀ। ਇਹ ਮਿਸ਼ਨ ਫਲੋਰਿਡਾ ਸਥਿਤ ਨਾਸਾ ਦੇ ਕੈਨੇਡੀ ਪੁਲਾੜ ਕੇਂਦਰ ਦੇ ‘ਲਾਂਚ ਕੰਪਲੈਕਸ 39-ਏ’ ਤੋਂ ਬੁੱਧਵਾਰ ਨੂੰ ਭਾਰਤੀ ਸਮੇਂ ਅਨੁਸਾਰ 12:01 ਲਾਂਚ ਕੀਤਾ ਗਿਆ।