ਨਿਊ ਯਾਰਕ ਸ਼ਹਿਰ ਦੇ ਮੇਅਰ ਦੀ ਚੋਣ ਲਈ ਉਮੀਦਵਾਰ ਦਾ ਫੈਸਲਾ ਕਰਨ ਵਾਸਤੇ ਡੈਮੋਕਰੇਟਿਕ ਪਾਰਟੀ ਦੀ ਪ੍ਰਾਇਮਰੀ ਚੋਣ ਵਿੱਚ ਭਾਰਤੀ-ਅਮਰੀਕੀ ਡੈਮੋਕਰੇਟਿਕ ਸੋਸ਼ਲਿਸਟ ਨੇਤਾ ਜ਼ੋਹਰਾਨ ਮਮਦਾਨੀ ਨੇ ਪਾਰਟੀ ਦੇ ਮਹਾਂਰਥੀ ਤੇ ਸਾਬਕਾ ਗਵਰਨਰ ਐਂਡਿ੍ਰਊ ਕੁਓਮੋ ਨੂੰ ਹਰਾ ਕੇ ਹੈਰਾਨ ਕਰ ਦਿੱਤਾ। ਇਸ ਦੇ ਨਾਲ ਮਮਦਾਨੀ ਡੈਮੋਕਰੇਟਿਕ ਪਾਰਟੀ ਦੇ ਅਧਿਕਾਰਤ ਉਮੀਦਵਾਰ ਬਣ ਗਏ। ਮੇਅਰ ਦੀ ਚੋਣ ਨਵੰਬਰ ਵਿੱਚ ਹੋਵੇਗੀ। ਮੌਜੂਦਾ ਮੇਅਰ ਐਰਿਕ ਐਡਮਜ਼ ਆਜ਼ਾਦ ਉਮੀਦਵਾਰ ਵਜੋਂ ਉੱਤਰ ਰਹੇ ਹਨ ਤੇ ਕੁਓਮੋ ਵੀ ਕਿਸੇ ਤੀਜੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਸਕਦੇ ਹਨ। ਮਮਦਾਨੀ ਨੂੰ ਦੱਖਣੀ ਏਸ਼ੀਆਈ, ਪ੍ਰਵਾਸੀਆਂ ਤੇ ਕੰਮਕਾਜੀ ਵਰਗ ਤੋਂ ਤਕੜੀ ਹਮਾਇਤ ਮਿਲੀ। ਉਹ ਅਮਰੀਕਾ ਦੇ ਪਹਿਲੇ ਦੱਖਣੀ ਏਸ਼ੀਆਈ ਮੁਸਲਮਾਨ ਉਮੀਦਵਾਰ ਹਨ, ਜਿਹੜੇ ਮੇਅਰ ਦੀ ਦੌੜ ਵਿੱਚ ਸ਼ਾਮਲ ਹੋਏ ਹਨ। ਮਮਦਾਨੀ ਭਾਰਤ ਵਿੱਚ ਪੈਦਾ ਹੋਏ ਬੁੱਧੀਜੀਵੀ ਮਹਿਮੂਦ ਮਮਦਾਨੀ ਤੇ ਫਿਲਮ ਨਿਰਮਾਤਾ ਮੀਰਾ ਨਾਇਰ ਦੇ ਬੇਟੇ ਹਨ। ਉਨ੍ਹਾ ਦਾ ਜਨਮ ਯੁਗਾਂਡਾ ਦੀ ਰਾਜਧਾਨੀ ਕੰਪਾਲਾ ਵਿੱਚ ਹੋਇਆ ਤੇ ਸੱਤ ਸਾਲ ਦੀ ਉਮਰ ਵਿੱਚ ਮਾਤਾ-ਪਿਤਾ ਨਾਲ ਨਿਊ ਯਾਰਕ ਆ ਗਏ ਸਨ। ਉਹ 2018 ਵਿੱਚ ਅਮਰੀਕਾ ਦੇ ਨਾਗਰਿਕ ਬਣੇ ਤੇ ਉਸੇ ਸਾਲ ਸੀਰੀਆਈ ਕਲਾਕਾਰ ਰਾਮਾ ਦੁਬਾਜੀ ਨਾਲ ਵਿਆਹ ਕਰਵਾਇਆ।
ਮਮਦਾਨੀ ਇਕ ਕੌਂਸਲਰ ਵਜੋਂ ਕੰਮ ਕਰਦੇ ਸਨ ਅਤੇ 2020 ਵਿੱਚ ਵਿਧਾਨ ਸਭਾ ਦੀ ਚੋਣ ਜਿੱਤੀ। ਹਾਲਾਂਕਿ ਇਸ ਚੋਣ ਤੋਂ ਬਾਅਦ ਉਹ ਮੁਸਲਿਮ ਡੈਮੋਕਰੇਟਿਕ ਕਲੱਬ ਆਫ ਨਿਊ ਯਾਰਕ ਨਾਲ ਜੁੜੇ, ਪਰ ਉਹ ਖੁਦ ਨੂੰ ਡੈਮੋਕਰੇਟਿਕ ਸੋਸ਼ਲਿਸਟ ਕਹਿੰਦੇ ਹਨ ਅਤੇ ਉਨ੍ਹਾ ਦੀ ਸਿਆਸਤ ਮਿਹਨਤਕਸ਼ਾਂ, ਪ੍ਰਵਾਸੀਆਂ ਤੇ ਵੰਚਿਤ ਤਬਕਿਆਂ ’ਤੇ ਕੇਂਦਰਤ ਹੈ। ਮੇਅਰ ਲਈ ਉਮੀਦਵਾਰ ਬਣਨ ਵਾਸਤੇ ਉਨ੍ਹਾ ਜਿਹੜਾ ਮੈਨੀਫੈਸਟੋ ਜਾਰੀ ਕੀਤਾ, ਉਸ ਵਿੱਚ ਨਿਊ ਯਾਰਕ ਵਰਗੇ ਮਹਿੰਗੇ ਸ਼ਹਿਰ ਵਿੱਚ ਕਿਰਾਇਆ ਸਥਿਰ ਰੱਖਣ, ਪਬਲਿਕ ਬੱਸ ਸੇਵਾ ਮੁਫਤ ਕਰਨ, ਸਰਕਾਰੀ ਮਾਲਕੀ ਵਾਲੇ ਸਟੋਰਾਂ ਤੋਂ ਸਸਤਾ ਰਾਸ਼ਨ ਉਪਲੱਬਧ ਕਰਾਉਣ, ਬੱਚਿਆਂ ਦੀ ਮੁਫਤ ਦੇਖਭਾਲ ਅਤੇ ਨਸਲੀ ਇਨਸਾਫ ਤੇ ਇਮੀਗਰੇਸ਼ਨ ਦੇ ਅਧਿਕਾਰਾਂ ’ਤੇ ਸਪੱਸ਼ਟ ਰੁਖ਼ ਅਪਣਾਉਣ ਦਾ ਵਾਅਦਾ ਕੀਤਾ।
ਮਮਦਾਨੀ ਨੂੰ ਮੇਅਰ ਦਾ ਉਮੀਦਵਾਰ ਬਣਨ ਤੋਂ ਰੋਕਣ ਲਈ ਕੱਟੜਪੰਥੀਆਂ ਨੇ ਪੂਰਾ ਟਿੱਲ ਲਾਇਆ। ਹਿੰਦੂ ਅਮਰੀਕੀ ਸੰਗਠਨ ‘ਇੰਡੀਆ ਅਮਰੀਕਨਜ਼ ਫਾਰ ਕੁਓਮੋ’ ਨੇ ਉਨ੍ਹਾ ਨੂੰ ਕੱਟੜ ਵਿਚਾਰਧਾਰਾ ਵਾਲਾ ਵਿਅਕਤੀ ਦੱਸਿਆ। ਮਮਦਾਨੀ ਨੇ ਗਲੋਬਲਾਈਜ਼ ਦਾ ਇੰਤਿਫਾਦਾ (ਇੰਤਿਫਾਦਾ ਦਾ ਵਿਸ਼ਵੀਕਰਨ) ਦੇ ਨਾਅਰੇ ਨੂੰ ਸਹੀ ਠਹਿਰਾਇਆ ਸੀ। (ਅਰਬੀ ਸ਼ਬਦ ਇੰਤਿਫਾਦਾ ਦਾ ਅਰਥ ਹੈ ਵਿਦਰੋਹ ਜਾਂ ਝਟਕ ਦੇਣਾ।) ਇਜ਼ਰਾਈਲ ਤੇ ਯਹੂਦੀਆਂ ਖਿਲਾਫ ਲੜਾਈ ਵਿੱਚ ਇਸ ਦੀ ਫਲਸਤੀਨੀ ਵਰਤੋਂ ਕਰਦੇ ਹਨ। ਮਮਦਾਨੀ ਨੇ ਇਸ ਨੂੰ ਬਰਾਬਰੀ ਤੇ ਇਨਸਾਫ ਦੀ ਇੱਕ ਹਤਾਸ਼ ਪੁਕਾਰ ਦੱਸਿਆ ਸੀ, ਜਦਕਿ ਯਹੂਦੀ ਭਾਈਚਾਰੇ, ਜਿਸ ਦਾ ਅਮਰੀਕਾ ’ਚ ਕਾਫੀ ਦਬਦਬਾ ਹੈ, ਨੇ ਇਸ ਨੂੰ ਫਲਸਤੀਨੀਆਂ ਦੀ ਹਿੰਸਾ ਦੀ ਹਮਾਇਤ ਦੱਸਿਆ ਸੀ। ਮਮਦਾਨੀ ਨੂੰ 15 ਮਈ ਨੂੰ ਇੱਕ ਮੰਚ ’ਤੇ ਜਦ ਪੁੱਛਿਆ ਗਿਆ ਕਿ ਜੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊ ਯਾਰਕ ਆਉਣ ਤਾਂ ਕੀ ਉਹ ਉਨ੍ਹਾ ਨੂੰ ਮਿਲਣਗੇ, ਤਾਂ ਮਮਦਾਨੀ ਨੇ ਮੋਦੀ ਨੂੰ ਜੰਗ ਅਪਰਾਧੀ ਕਰਾਰ ਦਿੰਦਿਆਂ ਕਿਹਾ ਸੀ ਕਿ ਮੋਦੀ ਨੇ ਮੁਸਲਮਾਨਾਂ ਦੇ ਕਤਲੇਆਮ ਦੀ ਸਾਜ਼ਿਸ਼ ਰਚੀ ਸੀ ਅਤੇ ਉਨ੍ਹਾ ਨੂੰ ਉਸੇ ਨਜ਼ਰ ਨਾਲ ਦੇਖਣਾ ਚਾਹੀਦਾ ਹੈ, ਜਿਵੇਂ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਅਸੀਂ ਦੇਖਦੇ ਹਾਂ। ਇਸ ਟਿੱਪਣੀ ਕਰਕੇ ਹਿੰਦੂ ਕੱਟੜਪੰਥੀਆਂ ਨੇ ਵੀ ਮਮਦਾਨੀ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ। ਹਾਲਾਂਕਿ ਇੰਡੀਅਨ ਅਮਰੀਕਨ ਇੰਪੈਕਟ ਫੰਡ ਵਰਗੇ ਕੁਝ ਭਾਰਤੀ-ਅਮਰੀਕੀ ਸੰਗਠਨਾਂ ਨੇ ਮਮਦਾਨੀ ਦੀ ਇਹ ਕਹਿ ਕੇ ਹਮਾਇਤ ਕੀਤੀ ਕਿ ਉਹ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਸਿਆਸੀ ਤੌਰ ’ਤੇ ਤਕੜਾ ਕਰਨ ਦਾ ਕੰਮ ਕਰ ਰਹੇ ਹਨ।
ਅੰਤਮ ਚੋਣ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅਮਰੀਕਾ ਦੇ ਕੱਟੜਵਾਦੀ ਬਾਦਸ਼ਾਹ ਡੋਨਾਲਡ ਟਰੰਪ ਦੀ ਹਕੂਮਤ ਵਿੱਚ ਨਿਊ ਯਾਰਕ ਵਰਗੇ ਵੱਡੇ ਸ਼ਹਿਰ ਵਿੱਚ ਮਮਦਾਨੀ ਤੇ ਉਨ੍ਹਾ ਦੇ ਸੋਸ਼ਲਿਸਟ ਸਾਥੀ ਕਿੰਨੇ ਸਫਲ ਹੁੰਦੇ ਹਨ। ਤਾਂ ਵੀ, ਅੱਜ ਦੇ ਜ਼ਮਾਨੇ ਵਿੱਚ ਨਿਊ ਯਾਰਕ ਵਰਗੇ ਸ਼ਹਿਰ ਵਿੱਚ ਕਿਸੇ ਸੋਸ਼ਲਿਸਟ ਦਾ ਡੈਮੋਕਰੇਟਿਕ ਉਮੀਦਵਾਰ ਵਜੋਂ ਮੈਦਾਨ ’ਚ ਡਟਣਾ ਮਾਮੂਲੀ ਪ੍ਰਾਪਤੀ ਨਹੀਂ।



