ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਚੀਨੀ ਹਮਰੁਤਬਾ ਐਡਮਿਰਲ ਦੋਂਗ ਜੂਨ ਨਾਲ ਮੀਟਿੰਗ ਦੌਰਾਨ ਦੋਵਾਂ ਦੇਸ਼ਾਂ ਨੂੰ ਸਰਹੱਦੀ ਨਿਸ਼ਾਨਦੇਹੀ ਦੇ ਮਾਮਲੇ ਦਾ ‘ਪੱਕਾ ਹੱਲ’ ਕੱਢਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ। ਉਨ੍ਹਾ ਅਸਲ ਕੰਟਰੋਲ ਲਕੀਰ (ਐੱਲ ਏ ਸੀ) ਦੇ ਨਾਲ ਫੌਜਾਂ ਦੇ ਟਕਰਾਅ ਵਾਲੀ ਸਥਿਤੀ ਨੂੰ ਪੱਕੇ ਤੌਰ ’ਤੇ ਘਟਾਉਣ ਲਈ ਇੱਕ ਰੋਡਮੈਪ ਸੁਝਾਇਆ ਹੈ।
ਦੋਵੇਂ ਮੰਤਰੀਆਂ ਨੇ ਵੀਰਵਾਰ ਸ਼ਾਮ ਨੂੰ ਚੀਨ ਦੇ ਕਿੰਗਦਾਓ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸ ਸੀ ਓ) ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਦੌਰਾਨ ਮੁਲਾਕਾਤ ਕੀਤੀ ਸੀ। ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਕਿਹਾ ਕਿ ਦੋਹਾਂ ਨੇ ਭਾਰਤ-ਚੀਨ ਸਰਹੱਦ ’ਤੇ ਅਮਨ ਬਣਾਈ ਰੱਖਣ ਦੀ ਜ਼ਰੂਰਤ ’ਤੇ ਡੂੰਘਾਈ ਨਾਲ ਚਰਚਾ ਕੀਤੀ। ਰਾਜਨਾਥ ਸਿੰਘ ਨੇ ਸਰਹੱਦ ਪ੍ਰਬੰਧਨ ਅਤੇ ਇਸ ਮੁੱਦੇ ’ਤੇ ਸਥਾਪਤ ਵਿਧੀ ਨੂੰ ਸੁਰਜੀਤ ਕਰਕੇ ਸਰਹੱਦੀ ਹੱਦਬੰਦੀ ਦੇ ਸਥਾਈ ਹੱਲ ਦੀ ਲੋੜ ’ਤੇ ਜ਼ੋਰ ਦਿੱਤਾ।ਰਾਜਨਾਥ ਸਿੰਘ ਨੇ ਅਸਲ ਕੰਟਰੋਲ ਲਕੀਰ ’ਤੇ ਗੁੰਝਲਦਾਰ ਮੁੱਦਿਆਂ ਨੂੰ ਹੱਲ ਕਰਨ ਦੀ ਜ਼ਰੂਰਤ ਨੂੰ ਉਜਾਗਰ ਕੀਤਾ। ਉਨ੍ਹਾ ਅੱਗੇ ਕਿਹਾ, “ਸਥਾਈ ਸ਼ਮੂਲੀਅਤ ਅਤੇ ਡੀ-ਐਸਕੇਲੇਸ਼ਨ ਦਾ ਇੱਕ ਢਾਂਚਾਗਤ ਰੋਡਮੈਪ ਹੋਣਾ ਜ਼ਰੂਰੀ ਹੈ।’’
ਰੱਖਿਆ ਮੰਤਰੀ ਨੇ ਪੂਰਬੀ ਲੱਦਾਖ ਵਿੱਚ ਐੱਲ ਏ ਸੀ ਦੇ ਨਾਲ ਅਪਰੈਲ 2020 ਦੇ ਫੌਜੀ ਟਕਰਾਅ ਦਾ ਹਵਾਲਾ ਦਿੱਤਾ ਅਤੇ ਇਸ ਤੋਂ ਬਾਅਦ ਜ਼ਮੀਨੀ ਕਾਰਵਾਈ ਕਰਕੇ ਆਪਸੀ ਭਰੋਸੇ ਨੂੰ ਲੱਗੇ ਖੋਰੇ ਨੂੰ ਪੂਰਾ ਕਰਨ ਦਾ ਸੱਦਾ ਦਿੱਤਾ।
ਦੋਵਾਂ ਮੰਤਰੀਆਂ ਨੇ ਦੁਵੱਲੇ ਸੰਬੰਧਾਂ ਵਿੱਚ ਆਮ ਸਥਿਤੀ ਵਾਪਸ ਲਿਆਉਣ ਲਈ ਦੋਵਾਂ ਧਿਰਾਂ ਵੱਲੋਂ ਕੀਤੇ ਜਾ ਰਹੇ ਕੰਮ ਨੂੰ ਸਵੀਕਾਰ ਕੀਤਾ।



