ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਛੇਤੀ ਹੀ ਭਾਰਤ ਨਾਲ ਇੱਕ ‘ਬਹੁਤ ਵੱਡਾ’ ਵਪਾਰ ਸਮਝੌਤਾ ਹੋਣ ਵਾਲਾ ਹੈ, ਜੋ ਦੋਵਾਂ ਦੇਸ਼ਾਂ ਦਰਮਿਆਨ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਦੁਵੱਲੇ ਵਪਾਰ ਸਮਝੌਤੇ ਦੀ ਗੱਲਬਾਤ ਪ੍ਰਕਿਰਿਆ ਵਿੱਚ ਮਹੱਤਵਪੂਰਨ ਪੇਸ਼ਕਦਮੀ ਦਾ ਸੰਕੇਤ ਹੈ। ਟਰੰਪ ਨੇ ਸ਼ੁੱਕਰਵਾਰ ਵ੍ਹਾਈਟ ਹਾਊਸ ਵਿਚ ‘ਬਿੱਗ ਬਿਊਟੀਫੁਲ ਬਿੱਲ’ ਪ੍ਰੋਗਰਾਮ ਵਿਚ ਬੋਲਦਿਆਂ ਕਿਹਾ, ‘‘ਸਾਡੇ ਕੁਝ ਵਧੀਆ ਸੌਦੇ ਹੋ ਰਹੇ ਹਨ। ਅਸੀਂ ਛੇਤੀ ਹੀ ਭਾਰਤ ਨਾਲ ਇਕ ਵੱਡਾ ਵਪਾਰਕ ਸਮਝੌਤਾ ਕਰਨ ਜਾ ਰਹੇ ਹਾਂ।’’ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਚੀਨ ਨਾਲ ਇੱਕ ਵਪਾਰ ਸਮਝੌਤਾ ਕੀਤਾ ਹੈ। ਹਾਲਾਂਕਿ ਉਨ੍ਹਾ ਇਸ ਸਮਝੌਤੇ ਦੇ ਵੇਰਵਿਆਂ ਬਾਰੇ ਤਫਸੀਲ ਵਿੱਚ ਨਹੀਂ ਦੱਸਿਆ।
ਉਨ੍ਹਾ ਕਿਹਾ, ‘‘ਹਰ ਕੋਈ (ਵਪਾਰਕ) ਸੌਦਾ ਕਰਨਾ ਚਾਹੁੰਦਾ ਹੈ ਅਤੇ ਇਸ ਦਾ ਹਿੱਸਾ ਬਣਨਾ ਚਾਹੁੰਦਾ ਹੈ। ਅਸੀਂ ਕੱਲ੍ਹ ਹੀ ਚੀਨ ਨਾਲ ਦਸਤਖਤ ਕੀਤੇ ਹਨ। ਸਾਡੇ ਕੁਝ ਵਧੀਆ ਸੌਦੇ ਹੋ ਰਹੇ ਹਨ।’’ ਉਨ੍ਹਾ ਕਿਹਾ, ‘‘ਅਸੀਂ ਸਾਰਿਆਂ ਨਾਲ ਸੌਦੇ ਨਹੀਂ ਕਰਾਂਗੇ। ਅਸੀਂ ਕੁਝ ਲੋਕਾਂ ਨੂੰ ਬਸ ਪੱਤਰ ਭੇਜ ਕੇ ਕਹਾਂਗਾ ਕਿ ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ 25, 35, 45 ਫੀਸਦ (ਟੈਕਸ ਦੀ) ਅਦਾਇਗੀ ਕਰੋਗੇ। ਅਜਿਹਾ ਕਰਨਾ ਸੌਖਾ ਤਰੀਕਾ ਹੈ।’’
ਟਰੰਪ ਦੀਆਂ ਟਿੱਪਣੀਆਂ ਉਸ ਸਮੇਂ ਆਈਆਂ ਹਨ, ਜਦੋਂ ਮੁੱਖ ਵਾਰਤਾਕਾਰ ਰਾਜੇਸ਼ ਅਗਰਵਾਲ ਦੀ ਅਗਵਾਈ ਵਾਲੀ ਇੱਕ ਭਾਰਤੀ ਟੀਮ ਵੀਰਵਾਰ ਅਮਰੀਕਾ ਨਾਲ ਵਪਾਰਕ ਗੱਲਬਾਤ ਦੇ ਅਗਲੇ ਦੌਰ ਲਈ ਵਾਸ਼ਿੰਗਟਨ ਪਹੁੰਚੀ ਹੈ। ਦੋਵੇਂ ਦੇਸ਼ ਅੰਤਰਮ ਵਪਾਰ ਸਮਝੌਤੇ ਲਈ ਗੱਲਬਾਤ ਕਰ ਰਹੇ ਹਨ ਅਤੇ 9 ਜੁਲਾਈ ਤੋਂ ਪਹਿਲਾਂ ਸਮਝੌਤੇ ਨੂੰ ਅੰਤਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਟਰੰਪ ਪ੍ਰਸ਼ਾਸਨ ਨੇ 2 ਅਪਰੈਲ ਨੂੰ ਅਮਰੀਕਾ ਵੱਲੋਂ ਐਲਾਨੇ ਗਏ ਉੱਚ ਟੈਰਿਫਾਂ ਨੂੰ 9 ਜੁਲਾਈ ਤੱਕ ਮੁਅੱਤਲ ਕਰ ਦਿੱਤਾ ਸੀ। ਭਾਰਤ ਲਈ ਖੇਤੀਬਾੜੀ ਅਤੇ ਡੇਅਰੀ ਖੇਤਰ ਅਮਰੀਕਾ ਨੂੰ ਡਿਊਟੀ ਰਿਆਇਤਾਂ ਦੇਣ ਲਈ ਮੁਸ਼ਕਲ ਅਤੇ ਚੁਣੌਤੀਪੂਰਨ ਖੇਤਰ ਹਨ।
ਭਾਰਤ ਨੇ ਹੁਣ ਤੱਕ ਦਸਤਖਤ ਕੀਤੇ ਗਏ ਆਪਣੇ ਕਿਸੇ ਵੀ ਮੁਕਤ ਵਪਾਰ ਸਮਝੌਤਿਆਂ ਵਿੱਚ ਡੇਅਰੀ ਨੂੰ ਨਹੀਂ ਖੋਲ੍ਹਿਆ ਹੈ। ਅਮਰੀਕਾ ਕੁਝ ਉਦਯੋਗਿਕ ਵਸਤਾਂ, ਆਟੋਮੋਬਾਈਲਜ਼, ਖਾਸ ਕਰਕੇ ਇਲੈਕਟਿ੍ਰਕ ਵਾਹਨ, ਵਾਈਨ, ਪੈਟਰੋ ਕੈਮੀਕਲ ਉਤਪਾਦ, ਡੇਅਰੀ ਅਤੇ ਸੇਬ, ਰੁੱਖਾਂ ਦੇ ਗਿਰੀਦਾਰ ਅਤੇ ਜੈਨੇਟਿਕ ਤੌਰ ’ਤੇ ਸੋਧੀਆਂ ਫਸਲਾਂ ਵਰਗੀਆਂ ਖੇਤੀਬਾੜੀ ਵਸਤਾਂ ’ਤੇ ਡਿਊਟੀ ਰਿਆਇਤਾਂ ਚਾਹੁੰਦਾ ਹੈ। ਭਾਰਤ ਪ੍ਰਸਤਾਵਤ ਵਪਾਰ ਸਮਝੌਤੇ ਵਿੱਚ ਟੈਕਸਟਾਈਲ, ਰਤਨ ਅਤੇ ਗਹਿਣੇ, ਚਮੜੇ ਦੇ ਸਮਾਨ, ਕੱਪੜੇ, ਪਲਾਸਟਿਕ, ਰਸਾਇਣ, ਝੀਂਗਾ, ਤੇਲ ਬੀਜ, ਅੰਗੂਰ ਅਤੇ ਕੇਲੇ ਵਰਗੇ ਕਿਰਤ-ਸੰਵੇਦਨਸ਼ੀਲ ਖੇਤਰਾਂ ਲਈ ਡਿਊਟੀ ਰਿਆਇਤਾਂ ਦੀ ਮੰਗ ਕਰ ਰਿਹਾ ਹੈ।
ਟਰੰਪ ਦੇ ਭਾਰਤ ਨਾਲ ਵਪਾਰਕ ਸਮਝੌਤਾ ਸਿਰੇ ਚੜ੍ਹਨ ਦੇ ਦਾਅਵੇ ਤੋਂ ਬਾਅਦ, ਕਾਂਗਰਸ ਨੇ ਮੋਦੀ ਸਰਕਾਰ ’ਤੇ ਤਨਜ਼ ਕੱਸਦਿਆਂ ਕਿਹਾ ਕਿ ਹੁਣ ਭਾਰਤ ਨਾਲ ਜੁੜੇ ਅਹਿਮ ਫੈਸਲਿਆਂ ਬਾਰੇ ਜਾਣਕਾਰੀ ਵ੍ਹਾਈਟ ਹਾਊਸ ਤੋਂ ਆ ਰਹੀ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਰਾਸ਼ਟਰਪਤੀ ਟਰੰਪ ਨੇ 16 ਵਾਰ ਦੁਹਰਾਇਆ ਹੈ ਕਿ ਉਨ੍ਹਾ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਲਈ ਵਪਾਰ ਸਮਝੌਤੇ ਨੂੰ ਇੱਕ ਸਾਧਨ ਵਜੋਂ ਵਰਤਿਆ। ਹੁਣ ਉਨ੍ਹਾ ਨੇ ਐਲਾਨ ਕੀਤਾ ਹੈ ਕਿ ਭਾਰਤ-ਅਮਰੀਕਾ ਵਪਾਰ ਸਮਝੌਤੇ ’ਤੇ ਕੁਝ ਦਿਨਾਂ ਵਿੱਚ ਦਸਤਖਤ ਹੋਣ ਜਾ ਰਹੇ ਹਨ।’’ ਉਨ੍ਹਾਂ ਕਿਹਾ, ‘‘ਉਹ (ਟਰੰਪ) ਇਸ ਨੂੰ ‘ਬਹੁਤ ਵੱਡਾ ਸੌਦਾ’ ਕਹਿ ਰਹੇ ਹਨ। ਉਮੀਦ ਹੈ ਕਿ ਇਹ ਸੱਚਮੁੱਚ ਇੱਕ ਵੱਡਾ ਸੌਦਾ ਹੈ, ਕਿਉਂਕਿ ਇਸੇ ਕਰਕੇ ‘ਅਪ੍ਰੇਸ਼ਨ ਸਿੰਧੂਰ’ ਅਚਾਨਕ ਰੱਦ ਕਰ ਦਿੱਤਾ ਗਿਆ ਸੀ।’’





