ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਅਸੈਂਬਲੀ ਚੋਣਾਂ ਤੋਂ ਪਹਿਲਾਂ ਨਾਅਰਾ ਤਾਂ ਇਹ ਦਿੱਤਾ ਸੀ ਕਿ ‘ਜਹਾਂ ਝੁੱਗੀ-ਵਹਾਂ ਪੱਕਾ ਮਕਾਨ’ ਪਰ ਇਸ ਨਾਅਰੇ ਦੀ ਅਸਲੀਅਤ ਰਾਜਧਾਨੀ ਦੇ ਲੋਕਾਂ ਨੂੰ ਹੁਣ ਸਮਝ ਆ ਰਹੀ ਹੈ। ਦਿੱਲੀ ਵਿੱਚ 675 ਝੁੱਗੀ ਬਸਤੀਆਂ ਹਨ, ਜਿਨ੍ਹਾਂ ਵਿੱਚ ਇਸ ਦੀ 25 ਫੀਸਦੀ ਆਬਾਦੀ ਰਹਿੰਦੀ ਹੈ, ਯਾਨੀ ਕਿ 50 ਲੱਖ। ਸਰਕਾਰ ਨੇ ਇਨ੍ਹਾਂ ਝੁੱਗੀਆਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਲਈ ਜੂਨ ਦਾ ਮਹੀਨਾ ਇਸ ਕਰਕੇ ਚੁਣਿਆ ਗਿਆ, ਕਿਉਕਿ ਅਦਾਲਤਾਂ ਵਿੱਚ ਛੁੱਟੀਆਂ ਹੁੰਦੀਆਂ ਹਨ, ਜਿਸ ਕਰਕੇ ਫੌਰੀ ਸੁਣਵਾਈ ਨਹੀਂ ਹੋ ਸਕਦੀ। ਜੂਨ ਵਿੱਚ ਹੁਣ ਤੱਕ ਦਿੱਲੀ ਡਿਵੈਲਪਮੈਂਟ ਅਥਾਰਟੀ (ਡੀ ਡੀ ਏ) ਨੇ 1500 ਤੋਂ ਵੱਧ ਝੁੱਗੀਆਂ ’ਤੇ ਬੁਲਡੋਜ਼ਰ ਫੇਰ ਦਿੱਤਾ ਹੈ। ਮਦਰਾਸੀ ਕੈਂਪ ਵਿੱਚ 370 ਝੁੱਗੀਆਂ ਨੂੰ ਮਿੱਟੀ ਵਿੱਚ ਮਿਲਾਇਆ ਗਿਆ। ਇੱਥੇ ਆਜ਼ਾਦੀ ਦੇ ਬਾਅਦ ਤਾਮਿਲਨਾਡੂ ਤੋਂ ਆ ਕੇ ਕਈ ਪਰਵਾਰ ਵੱਸ ਗਏ ਸਨ। ਮਹਾਰਾਣੀ ਬਾਗ ਤੇ ਜੰਗਪੁਰਾ ਦੇ ਧਨੀ ਲੋਕਾਂ ਦੇ ਘਰਾਂ ਦੀ ਸੇਵਾ ਵਿੱਚ ਖੁਦ ਨੂੰ ਖਪਾ ਦੇਣ ਵਾਲੇ ਇਹ ਮਦਰਾਸੀ ਲੋਕ ਅੱਜ ਕਿਸਮਤ ਨੂੰ ਕੋਸ ਰਹੇ ਹੋਣਗੇ, ਜਿਨ੍ਹਾਂ ਦੇ ਤਾਮਿਲਨਾਡੂ ਨੇ ਏਨੀ ਤਰੱਕੀ ਕਰ ਲਈ ਹੈ ਕਿ ਉੱਤਰ ਭਾਰਤ ਦੇ ਲੋਕ ਰੁਜ਼ਗਾਰ ਦੀ ਭਾਲ ਵਿੱਚ ਉੱਧਰ ਹਿਜਰਤ ਕਰ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਸਰਕਾਰ ਨੇ ਨਰੇਲਾ ਵਿੱਚ ਪੱਕੇ ਮਕਾਨ ਅਲਾਟ ਕੀਤੇ ਹਨ, ਪਰ ਰੁਜ਼ਗਾਰ ਲਈ ਤਾਂ ਉਨ੍ਹਾਂ ਨੂੰ ਦੱਖਣੀ ਦਿੱਲੀ ਹੀ ਆਉਣਾ ਪੈਂਦਾ ਹੈ। 50 ਕਿੱਲੋਮੀਟਰ ਦਾ ਸਫਰ ਕਰਨ ਵਿੱਚ ਉਨ੍ਹਾਂ ਦੇ 6-8 ਘੰਟੇ ਲੱਗ ਜਾਂਦੇ ਹਨ ਤੇ ਡੇਢ-ਦੋ ਸੌ ਰੁਪਏ ਦਾ ਖਰਚ ਵੱਖਰਾ। ਸਿਤਮਜ਼ਰੀਫੀ ਇਹ ਹੈ ਕਿ ਜਿਹੜੇ ਮਕਾਨ ਦਿੱਤੇ ਗਏ ਹਨ, ਉੱਥੇ ਪਾਣੀ ਤੇ ਬਿਜਲੀ ਨਹੀਂ ਪਹੁੰਚੀ ਅਤੇ ਗਰਮੀਆਂ ਦੇ ਮਹੀਨੇ ਚੱਲ ਰਹੇ ਹਨ। ਇਸੇ ਤਰ੍ਹਾਂ ਕਾਲਕਾਜੀ ਵਿੱਚ ਕਰੀਬ 1300 ਝੁੱਗੀਆਂ ਨੂੰ ਮਲੀਆਮੇਟ ਕਰ ਦਿੱਤਾ ਗਿਆ ਹੈ। ਇੱਥੇ ਕਈ ਪਰਵਾਰ 80 ਦੇ ਦਹਾਕੇ ਤੋਂ ਰਹਿ ਰਹੇ ਸਨ। ਅਸ਼ੋਕ ਵਿਹਾਰ ਵਿੱਚ ਕਰੀਬ 200 ਤੇ ਵਜ਼ੀਰਪੁਰ ਵਿੱਚ 300 ਤੋਂ ਵੱਧ ਝੁੱਗੀਆਂ ਢਾਹੀਆਂ ਜਾ ਚੁੱਕੀਆਂ ਹਨ।
ਦੇਸ਼ ਵਿੱਚ ਬੇਰੁਜ਼ਗਾਰੀ ਦੀ ਵੱਡੀ ਸਮੱਸਿਆ ਨੂੰ ਦੇਖਦਿਆਂ ਨਹੀਂ ਲੱਗਦਾ ਕਿ ਝੁੱਗੀਆਂ ਢਹਿਣ ਤੋਂ ਬਾਅਦ ਉਨ੍ਹਾਂ ਵਿੱਚ ਰਹਿਣ ਵਾਲੇ ਲੋਕ ਅਗਲੇ ਛੇ ਮਹੀਨਿਆਂ ਤੱਕ ਦਿੱਲੀ ਵਰਗੇ ਮਹਾਨਗਰ ’ਚ ਰਹਿ ਸਕਣਗੇ। ਦਿੱਲੀ ਵਿੱਚ ਅਗਲੀਆਂ ਚੋਣਾਂ ਵੀ ਲੋਕ ਸਭਾ ਦੀਆਂ ਹੀ ਹੋਣੀਆਂ ਹਨ, ਜਿਨ੍ਹਾਂ ਨੂੰ ਕਾਫੀ ਸਮਾਂ ਪਿਆ ਹੈ। ਇਸੇ ਦਾ ਫਾਇਦਾ ਉਠਾ ਕੇ ਭਾਜਪਾ ਸਰਕਾਰ ਝੁੱਗੀਆਂ ’ਤੇ ਬੁਲਡੋਜ਼ਰ ਚਲਾ ਰਹੀ ਹੈ। ਮਰਦ ਤਾਂ ਸਦਮੇ ਵਿੱਚ ਬਹੁਤਾ ਬੋਲ ਨਹੀਂ ਪਾ ਰਹੇ, ਪਰ ਮਹਿਲਾਵਾਂ ਭਾਜਪਾ ਤੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਬਦਦੁਆਵਾਂ ਦੇ ਰਹੀਆਂ ਹਨ, ਜਿਨ੍ਹਾਂ ਨੇ ਪੱਕੇ ਮਕਾਨਾਂ ਦਾ ਵਾਅਦਾ ਕਰਕੇ ਉਨ੍ਹਾਂ ਦੀਆਂ ਝੁੱਗੀਆਂ ਤਬਾਹ ਕਰ ਦਿੱਤੀਆਂ।



