ਮਾਨਸੂਨ ਦੀ 9 ਦਿਨ ਪਹਿਲਾਂ ਦੇਸ਼ ਭਰ ’ਚ ਦਸਤਕ

0
186

ਨਵੀਂ ਦਿੱਲੀ : ਭਾਰਤੀ ਮੌਸਮ ਵਿਭਾਗ ਨੇ ਐਤਵਾਰ ਐਲਾਨਿਆ ਕਿ ਦੱਖਣ-ਪੱਛਮੀ ਮਾਨਸੂਨ ਨੇ 18 ਜੁਲਾਈ ਨੂੰ ਸਾਰੇ ਦੇਸ਼ ਵਿੱਚ ਆਉਣਾ ਸੀ, ਪਰ ਇਹ 9 ਦਿਨ ਪਹਿਲਾਂ ਹੀ ਆ ਗਿਆ ਹੈ। ਇਸ ਨੇ ਐਤਵਾਰ ਰਹਿੰਦੇ ਪੱਛਮੀ ਯੂ ਪੀ, ਹਰਿਆਣਾ ਤੇ ਦਿੱਲੀ ਦੇ ਇਲਾਕੇ ਕਵਰ ਕਰ ਲਏ ਹਨ। ਪਿਛਲੇ ਸਾਲ ਸਾਰੇ ਦੇਸ਼ ਨੂੰ ਮਾਨਸੂਨ ਨੇ 6 ਦਿਨ ਪਹਿਲਾਂ 2 ਜੁਲਾਈ ਨੂੰ ਕਵਰ ਕੀਤਾ ਸੀ। ਇਸ ਤੋਂ ਪਹਿਲਾਂ 2020 ਤੇ 2015 ਵਿੱਚ 26 ਜੂਨ ਤੇ 2013 ਵਿੱਚ 16 ਜੂਨ ਨੂੰ ਇਸ ਨੇ ਪੂਰੇ ਦੇਸ਼ ਨੂੰ ਕਵਰ ਕੀਤਾ ਸੀ।
ਪੰਜ ਸਾਲ ਤੱਕ ਇੱਕ ਅਰਬ ਡਾਲਰ ਦੀ ਹਲਦੀ ਬਰਾਮਦ ਦਾ ਟੀਚਾ
ਹੈਦਰਾਬਾਦ (ਤਿਲੰਗਾਨਾ) : ਕੇਂਦਰੀ ਗ੍ਰਹਿ ਮੰੰਤਰੀ ਅਮਿਤ ਸ਼ਾਹ ਨੇ ਐਤਵਾਰ ਕਿਹਾ ਕਿ ਕੇਂਦਰ ਨੇ 2030 ਤੱਕ ਇੱਕ ਅਰਬ ਡਾਲਰ ਮੁੱਲ ਦੀ ਹਲਦੀ ਦੀ ਬਰਾਮਦ ਦਾ ਟੀਚਾ ਤੈਅ ਕੀਤਾ ਹੈ। ਨਿਜ਼ਾਮਾਬਾਦ ’ਚ ਕੌਮੀ ਹਲਦੀ ਬੋਰਡ ਹੈੱਡਕੁਆਰਟਰ ਦਾ ਉਦਘਾਟਨ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾ ਕਿ ਬੋਰਡ ਹਲਦੀ ਦੀ ਪੈਕਿੰਗ, ਬ੍ਰਾਂਡਿੰਗ, ਮਾਰਕੀਟਿੰਗ ਅਤੇ ਬਰਾਮਦ ’ਤੇ ਧਿਆਨ ਕੇਂਦਰਤ ਕਰੇਗਾ। ਬੋਰਡ ਇਹ ਯਕੀਨੀ ਬਣਾਉਣ ਲਈ ਕੰਮ ਕਰੇਗਾ ਕਿ ਕਿਸਾਨਾਂ ਨੂੰ ਹਲਦੀ ਦੀ ਸਭ ਤੋਂ ਵੱਧ ਕੀਮਤ ਮਿਲ ਸਕੇ। ਹਲਦੀ ਬੋਰਡ ਦੀ ਸਥਾਪਨਾ ਨਿਜ਼ਾਮਾਬਾਦ ’ਚ ਹਲਦੀ ਦੇ ਕਾਸ਼ਤਕਾਰਾਂ ਦੀ ਵੱਡੀ ਮੰਗ ਰਹੀ ਹੈ ਅਤੇ ਇਹ ਇੱਕ ਮੁੱਖ ਚੋਣ ਮੁੱਦਾ ਵੀ ਸੀ।
ਬੋਨੀ ਨੇ ਵੀ ਮਜੀਠੀਆ ਖਿਲਾਫ ਬਿਆਨ ਦਰਜ ਕਰਵਾਇਆ
ਚੰਡੀਗੜ੍ਹ : ਅਕਾਲੀ ਦਲ ਵਿੱਚੋਂ ਭਾਜਪਾ ’ਚ ਆਏ ਬੋਨੀ ਅਜਨਾਲਾ ਨੇ ਵੀ ਐਤਵਾਰ ਵਿਜੀਲੈਂਸ ਦਫਤਰ ਪਹੁੰਚ ਕੇ ਮਜੀਠੀਆ ਕੇਸ ਵਿੱਚ ਬਿਆਨ ਦਰਜ ਕਰਵਾਇਆ। ਬੋਨੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਡਰੱਗ ਤਸਕਰ ਮਜੀਠੀਆ ਦੀ ਪੁਸ਼ਤਪਨਾਹੀ ’ਚ ਕੰਮ ਕਰਦੇ ਸਨ। ਉਨ੍ਹਾ ਕਿਹਾ, ‘ਜਿੰਨੇ ਵੀ ਮੇਰੇ ਕੋਲ ਸਬੂਤ ਸਨ, ਉਹ ਮੈਂ ਅੱਜ ਵਿਜੀਲੈਂਸ ਨੂੰ ਦੇ ਆਇਆਂ, ਹੁਣ ਅੱਗੇ ਦੀ ਕਾਰਵਾਈ ਵਿਜੀਲੈਂਸ ਆਪਣੇ ਤਰੀਕੇ ਨਾਲ ਕਰੇਗੀ।’