ਨਵੀਂ ਦਿੱਲੀ : ਕਮਰਸ਼ੀਅਲ ਐੱਲ ਪੀ ਜੀ ਦਾ 19 ਕਿੱਲੋ ਦਾ ਸਿਲੰਡਰ 58.50 ਰੁਪਏ ਸਸਤਾ ਹੋ ਗਿਆ ਹੈ। ਦਿੱਲੀ ਵਿੱਚ 1,665 ਰੁਪਏ ਅਤੇ ਮੁੰਬਈ ਵਿੱਚ 1,616.50 ਰੁਪਏ ਦਾ ਮਿਲੇਗਾ।
ਨਵੀਂ ਮੁੰਬਈ ’ਚ ਹੈਰੋਇਨ ਸਣੇ ਦੋ ਪੰਜਾਬੀ ਫੜੇ
ਠਾਣੇ : ਮਹਾਰਾਸ਼ਟਰ ਦੇ ਨਵੀਂ ਮੁੰਬਈ ਟਾਊਨਸ਼ਿਪ ਵਿੱਚ 1.05 ਲੱਖ ਰੁਪਏ ਦੀ ਹੈਰੋਇਨ ਜ਼ਬਤ ਕਰਦਿਆਂ ਪੁਲਸ ਨੇ ਪੰਜਾਬ ਦੇ ਦੋ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਪੁਲਸ ਨੇ ਐਤਵਾਰ ਦੇਰ ਰਾਤ ਨਵੀਂ ਮੁੰਬਈ ਦੇ ਪਨਵੇਲ ਖੇਤਰ ਵਿੱਚ ਇੱਕ ਨਿਰਮਾਣ ਅਧੀਨ ਪੁਲ ਦੇ ਨੇੜੇ ਜਾਲ ਵਿਛਾ ਕੇ ਇਨ੍ਹਾਂ ਦੇ ਕਬਜ਼ੇ ਵਿੱਚੋਂ 35 ਗ੍ਰਾਮ ਹੈਰੋਇਨ, ਜੋ ਕਿ ਗੇਂਦ ਅਤੇ ਪੱਥਰ ਦੇ ਰੂਪ ਵਿੱਚ ਸੀ, ਜ਼ਬਤ ਕੀਤੀ। ਇਹ ਸਤਨਾਮ ਸਿੰਘ (31) ਅਤੇ ਸੁਖਵਿੰਦਰ ਸਿੰਘ (59) ਤਰਨ ਤਾਰਨ ਦੇ ਰਹਿਣ ਵਾਲੇ ਹਨ।
ਨਜ਼ਰਬੰਦਾਂ ਦੀਆਂ ਸੂਚੀਆਂ ਦਾ ਵਟਾਂਦਰਾ
ਇਸਲਾਮਾਬਾਦ : ਪਾਕਿਸਤਾਨ ਅਤੇ ਭਾਰਤ ਨੇ ਮੰਗਲਵਾਰ ਕੈਦੀਆਂ ਦੀਆਂ ਸੂਚੀਆਂ ਦਾ ਆਦਾਨ-ਪ੍ਰਦਾਨ ਕੀਤਾ। ਪਾਕਿਸਤਾਨ ਨੇ 53 ਨਾਗਰਿਕ ਅਤੇ 193 ਮਛੇਰਿਆਂ ਸਮੇਤ 246 ਭਾਰਤੀ ਨਜ਼ਰਬੰਦਾਂ ਦੇ ਨਾਂਅ ਭਾਰਤੀ ਹਾਈ ਕਮਿਸ਼ਨ ਨੂੰ ਸੌਂਪੇ। ਭਾਰਤ ਨੇ 463 ਪਾਕਿਸਤਾਨੀ ਕੈਦੀਆਂ (382 ਨਾਗਰਿਕ ਕੈਦੀ ਅਤੇ 81 ਮਛੇਰੇ) ਦੀ ਸੂਚੀ ਨਵੀਂ ਦਿੱਲੀ ’ਚ ਪਾਕਿਸਤਾਨ ਦੇ ਹਾਈ ਕਮਿਸ਼ਨ ਦੇ ਡਿਪਲੋਮੈਟ ਨਾਲ ਸਾਂਝੀ ਕੀਤੀ। ਪਾਕਿਸਤਾਨ ਨੇ ਉਨ੍ਹਾਂ ਸਾਰੇ ਪਾਕਿਸਤਾਨੀ ਕੈਦੀਆਂ ਅਤੇ ਮਛੇਰਿਆਂ ਦੀ ਤੁਰੰਤ ਰਿਹਾਈ ਅਤੇ ਵਾਪਸੀ ਦੀ ਮੰਗ ਕੀਤੀ ਹੈ, ਜਿਨ੍ਹਾਂ ਨੇ ਆਪਣੀ-ਆਪਣੀ ਸਜ਼ਾ ਪੂਰੀ ਕਰ ਲਈ ਹੈ ਅਤੇ ਜਿਨ੍ਹਾਂ ਦੀ ਰਾਸ਼ਟਰੀ ਸਥਿਤੀ ਦੀ ਪੁਸ਼ਟੀ ਕੀਤੀ ਗਈ ਹੈ।
ਸਾਢੇ ਤਿੰਨ ਕਰੋੜ ਨੌਕਰੀਆਂ ਪੈਦਾ ਕਰਨ ਦੀ ਯੋਜਨਾ
ਨਵੀਂ ਦਿੱਲੀ : ਕੇਂਦਰੀ ਕੈਬਨਿਟ ਨੇ ਮੰਗਲਵਾਰ ਸਾਰੇ ਖੇਤਰਾਂ ਵਿੱਚ ਰੁਜ਼ਗਾਰ ਪੈਦਾ ਕਰਨ, ਰੁਜ਼ਗਾਰਯੋਗਤਾ ਅਤੇ ਸਮਾਜਕ ਸੁਰੱਖਿਆ ਨੂੰ ਉਤਸ਼ਾਹਤ ਕਰਨ ਲਈ ਰੁਜ਼ਗਾਰ ਨਾਲ ਜੁੜੀ ਪ੍ਰੋਤਸਾਹਨ (ਈ ਐੱਲ ਆਈ) ਯੋਜਨਾ ਨੂੰ ਮਨਜ਼ੂਰੀ ਦਿੱਤੀ। ਇਸ ਯੋਜਨਾ ਦਾ ਉਦੇਸ਼ 2 ਸਾਲਾਂ ਵਿੱਚ ਦੇਸ਼ ਵਿੱਚ 3.5 ਕਰੋੜ ਤੋਂ ਵੱਧ ਨੌਕਰੀਆਂ ਦੀ ਸਿਰਜਣਾ ਨੂੰ ਉਤਸ਼ਾਹਤ ਕਰਨਾ ਹੈ। ਇਸ ਦਾ ਕੁੱਲ ਬਜਟ 99,446 ਕਰੋੜ ਰੁਪਏ ਹੈ।