ਪਾਰਟੀ ਕਾਂਗਰਸ ਲਈ 22 ਹਜ਼ਾਰ ਦਾ ਯੋਗਦਾਨ

0
11

ਮੋਗਾ : ਕਿਸਾਨ ਲਹਿਰ ਦੇ ਮਹਾਨ ਯੋਧੇ ਕਾਮਰੇਡ ਸੁਰੈਣ ਸਿੰਘ ਘਾਲੀ ਦਾ ਰਾਜਸੀ ਜੀਵਨ 1923 ’ਚ ਕਾਂਗਰਸ ਪਾਰਟੀ ਤੋਂ ਸ਼ੁਰੂ ਹੋ ਕੇ ਅਕਾਲੀ ਦਲ ’ਚ ਕੰਮ ਕਰਨ ਉਪਰੰਤ ਪੰਜਾਬ ਕਿਸਾਨ ਸਭਾ ’ਚ ਸ਼ਾਨਾਮੱਤਾ ਰੋਲ ਅਦਾ ਕਰਨ ਦੇ ਰੂਪ ਵਿੱਚ ਸਾਹਮਣੇ ਆਉਦਾ ਹੈ। 1937 ਵਿੱਚ ਫਤਿਹਗੜ ਕੋਰੋਟਾਣਾ (ਮੋਗਾ) ਵਿਖੇ ਹੋਈ ਮਸ਼ਹੂਰ ਕਿਸਾਨ ਕਾਨਫਰੰਸ ਲਈ ਅੰਡਰ ਗਰਾਊਂਡ ਹੁੰਦੇ ਹੋਇਆਂ ਵੀ ਉਨ੍ਹਾ ਮੁੱਖ ਭੂਮਿਕਾ ਨਿਭਾਈ ਸੀ। ਉਹ ਇਸ ਕਾਨਫਰੰਸ ਦੀ ਤਿਆਰੀ ਕਮੇਟੀ ਦੇ ਜਨਰਲ ਸਕੱਤਰ ਸਨ। ਇਸੇ ਦੌਰਾਨ ਹੀ ਉਨ੍ਹਾ ਆਪਣਾ ਜੀਵਨ ਭਾਰਤੀ ਕਮਿਊਨਿਸਟ ਪਾਰਟੀ ਨੂੰ ਸਮਰਪਿਤ ਕਰ ਦਿੱਤਾ ਸੀ।
ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ ਨੇ ਦੱਸਿਆ ਕਿ ਇਸ ਮਹਾਨ ਕਿਸਾਨ ਆਗੂ ਦੀ ਯਾਦ ਵਿੱਚ ਉਨ੍ਹਾ ਦੇ ਦੋਹਤਿਆਂ ਮਾਸਟਰ ਰਮਨਦੀਪ ਸਿੰਘ ਭੁੱਲਰ ਸਪੁੱਤਰ ਮਰਹੂਮ ਅਧਿਆਪਕ ਆਗੂ ਮਾਸਟਰ ਗੁਰਮੀਤ ਸਿੰਘ ਭੁੱਲਰ ਅਤੇ ਜਸਪਾਲ ਸਿੰਘ ਭੁੱਲਰ ਸਪੁੱਤਰ ਮਾਸਟਰ ਤੇਜਾ ਸਿੰਘ ਭੱਲਰ ਨੇ ਸੀ ਪੀ ਆਈ ਦੀ 25 ਵੀਂ ਕੌਮੀ ਕਾਂਗਰਸ (ਚੰਡੀਗੜ੍ਹ) ਲਈ 22000 ਰੁਪਏ ਦਾ ਯੋਗਦਾਨ ਪਾਇਆ ਹੈ। ਡਾਕਟਰ ਇੰਦਰਵੀਰ ਸਿੰਘ ਗਿੱਲ ਨੇ ਕਿਹਾ ਕਿ ਅੱਜ ਜਦੋਂ ਪਾਰਟੀ ਦੀ 100 ਵੀਂ ਜਨਮ ਵਰ੍ਹੇਗੰਢ ਦਾ ਸਾਲ ਚੱਲ ਰਿਹਾ ਹੈ ਤਾਂ ਕਮਿਊਨਿਸਟ ਪਰਵਾਰਾਂ ਵੱਲੋਂ ਪਾਰਟੀ ਕਾਂਗਰਸ ਦੇ ਬਹਾਨੇ ਲੋਕ ਲਹਿਰਾਂ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਆਪਣੇ ਪਰਵਾਰਕ ਮੁਖੀਆਂ ਨੂੰ ਇਸ ਢੰਗ ਨਾਲ ਯਾਦ ਕਰਨਾ ਵੀ ਸਲਾਹੁਣਯੋਗ ਕਾਰਜ ਹੈ।