ਜਲੰਧਰ : ਦੇਸ਼ ਭਗਤ ਯਾਦਗਾਰ ਦੀ ਮਿਊਜ਼ੀਅਮ ਕਮੇਟੀ ਦੀ ਮੀਟਿੰਗ ’ਚ ਮਿਊਜ਼ੀਅਮ ਨੂੰ ਇਤਿਹਾਸਕ ਪੱਖੋਂ ਹੋਰ ਵੀ ਅਮੀਰ ਅਤੇ ਕਲਾਤਮਕ ਪੱਖੋਂ ਖਿੱਚ ਭਰਪੂਰ ਬਣਾਉਣ ਲਈ ਭਵਿੱਖ਼ ਵਿੱਚ ਠੋਸ ਕਦਮ ਚੁੱਕਣ ਸੰਬੰਧੀ ਗੰਭੀਰ ਵਿਚਾਰਾਂ ਹੋਈਆਂ। ਇਤਿਹਾਸ ਦੀ ਸਿਲਸਿਲੇਵਾਰ ਜਾਣਕਾਰੀ ਨੂੰ ਤਸਵੀਰਾਂ, ਦਸਤਾਵੇਜ਼ਾਂ, ਇਤਿਹਾਸਕ ਵਸਤਾਂ ਅਤੇ ਹੋਰ ਦੁਰਲੱਭ ਸਾਂਭਣਯੋਗ ਨਿਸ਼ਾਨੀਆਂ ਨਾਲ ਮਿਊਜ਼ੀਅਮ ਨੂੰ ਭਰਪੂਰ ਬਣਾਉਣ ਲਈ ਦੇਸ਼-ਬਦੇਸ਼ ਵਸਦੇ ਆਜ਼ਾਦੀ ਸੰਗਰਾਮ ਦੀਆਂ ਵੱਖ-ਵੱਖ ਇਨਕਲਾਬੀ ਲਹਿਰਾਂ ਦੇ ਅਣਗੌਲੇ ਸ਼ਾਨਾਮੱਤੇ ਇਤਿਹਾਸ ਨੂੰ ਅਜੋਕੀ ਅਤੇ ਭਵਿੱਖ਼ ਦੀ ਪੀੜ੍ਹੀ ਦੇ ਸਨਮੁੱਖ ਕਰਨ ਲਈ ਵਿਸ਼ੇਸ਼ ਉੱਦਮ ਜੁਟਾਏ ਜਾਣਗੇ। ਮਿਊਜ਼ੀਅਮ ਦੇ ਦੋ ਮਹੱਤਵਪੂਰਨ ਭਾਗ ਗੀਤ-ਸੰਗੀਤ ਅਤੇ ਥੀਏਟਰ ਦੀਆਂ ਲੋੜਾਂ ਦੀ ਪੂਰਤੀ ਲਈ ਲੋੜੀਂਦੇ ਸਾਜ਼ੋ-ਸਾਮਾਨ ਦੀ ਪੂਰਤੀ ਕਰਨਾ ਅਤੇ ਫ਼ਿਲਮਾਂ, ਸੰਗੀਤ, ਮੇਲਾ ਗ਼ਦਰੀ ਬਾਬਿਆਂ ਦਾ, ਦੇਸ਼ ਭਗਤ ਯਾਦਗਾਰ ਹਾਲ ਦੇ ਕੰਪਲੈਕਸ ਦੇ ਅੰਦਰ ਅਤੇ ਬਾਹਰ ਇਸ ਨਾਲ ਜੁੜਵੀਆਂ ਸਰਗਰਮੀਆਂ ਨੂੰ ਵੈੱਬ ਸਾਈਟ, ਯੂ-ਟਿਊਬ, ਫੇਸਬੁਕ ’ਤੇ ਪਾਉਣ ਅਤੇ ਲੋਕਾਂ ਵਿੱਚ ਲਿਜਾਣ ਲਈ ਮਿਊਜ਼ੀਅਮ ਕਮੇਟੀ ਨੇ ਆਪਣੇ ਵਿਚੋਂ ਕੁਝ ਮੈਂਬਰਾਂ ਨੂੰ ਉਚੇਚੇ ਤੌਰ ’ਤੇ ਇਹ ਕਾਰਜ ਲਈ ਵਿਸ਼ੇਸ਼ ਧਿਆਨ ਦੇਣ ਸੰਬੰਧੀ ਫੈਸਲੇ ਲਏ।
ਜ਼ਿਕਰਯੋਗ ਹੈ ਕਿ ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਨੂੰ ਸਮਰਪਤ ਕੀਤੇ ਜਾ ਰਹੇ ਗ਼ਦਰੀ ਬਾਬਿਆਂ ਦੇ ਮੇਲੇ ਦੀ ਤਿਆਰੀ ਦੀ ਲੜੀ ਵਜੋਂ ਮਿਊਜ਼ੀਅਮ ਦੀ ਨੁਹਾਰ ਹੋਰ ਵੀ ਦਿਲਕਸ਼ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਮੀਟਿੰਗ ’ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਮਿਊਜ਼ੀਅਮ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਹਰਵਿੰਦਰ ਭੰਡਾਲ, ਵਿਜੈ ਬੰਬੇਲੀ ਤੇ ਡਾ. ਸੈਲੇਸ਼ ਵੀ ਹਾਜ਼ਰ ਸਨ।