ਨਰੇਗਾ ਹੱਕਾਂ ਨੂੰ ਨਹੀਂ ਚੜ੍ਹਨ ਦਿੱਤਾ ਜਾਵੇਗਾ ਅਫ਼ਸਰਸ਼ਾਹੀ ਦੀ ਭੇਟ : ਜਗਰੂਪ, ਜਗਸੀਰ ਖੋਸਾ

0
14

ਮੋਗਾ (ਇਕਬਾਲ ਸਿੰਘ ਖਹਿਰਾ)-ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ (ਰਜਿ:) ਦੀ ਸੂਬਾ ਕੌਂਸਲ ਮੀਟਿੰਗ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਹੋਈ। ਜਿਸ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਅਤੇ ਸੂਬਾ ਜਨਰਲ ਸਕੱਤਰ ਜਗਸੀਰ ਖੋਸਾ ਨੇ ਕਿਹਾ ਕਿ ਨਰੇਗਾ ਮਜ਼ਦੂਰਾਂ ਦਾ ਭਲਾ ਨਰੇਗਾ ਐਕਟ ਦੇ ਵਾਧੇ ਵਿੱਚ ਹੈ, ਜਦੋਂ ਕਿ ਸਰਮਾਏਦਾਰੀ ਨੀਤੀਆਂ ’ਤੇ ਚੱਲਣ ਵਾਲੀਆਂ ਸਰਕਾਰਾਂ ਇਸ ਨੂੰ ਨਕਾਰਾ ਕਰਨ ਦੀ ਮਨਸ਼ਾ ਰੱਖਦੀਆਂ ਹਨ। ਪੰਜਾਬ ਦੇ ਚੇਤਨ ਮਜ਼ਦੂਰ ਸਰਕਾਰਾਂ ਦੀਆਂ ਅਜਿਹੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਉਹਨਾਂ ਅੱਗੇ ਕਿਹਾ ਕਿ ਨਰੇਗਾ (ਐਕਟ) ਤਹਿਤ ਪਿੰਡਾਂ ਦੇ ਮਜ਼ਦੂਰਾਂ ਨੂੰ ਕੰਮ ਮੰਗਣ ’ਤੇ 100 ਦਿਨਾਂ ਦੀ ਗਾਰੰਟੀ ਹੈ। ਪਰ ਕੰਮ ਦੀ ਮੰਗ ਦੀਆਂ ਰਸੀਦਾਂ ਨਾ ਜਾਰੀ ਕਰਨ ਕਾਰਨ ਨਰੇਗਾ ਮਜ਼ਦੂਰਾਂ ਦੀ ਕੰਮ ਗਾਰੰਟੀ ਨੂੰ ਢਾਅ ਲਗਦੀ ਹੈ। ਇਸ ਲਈ ਨਰੇਗਾ ਮਜ਼ਦੂਰਾਂ ਨੂੰ ਕੰਮ ਦੀਆਂ ਅਰਜ਼ੀਆਂ ਦੀ ਰਸੀਦ ਹਾਸਲ ਕਰਨ ਦੀ ਮਹੱਤਤਾ ਨੂੰ ਸਮਝਣਾ ਅਤੇ ਅਮਲ ਕਰਵਾਉਣਾ ਸਮੇਂ ਦੀ ਲੋੜ ਹੈ।ਆਗੂਆਂ ਨੇ ਦੱਸਿਆ ਕਿ ਨਰੇਗਾ ਐਕਟ ਮੁਤਾਬਿਕ ਨਰੇਗਾ ਮੇਟਾਂ ਨੂੰ ਵੇਜ ਰੇਟ ਸੈਮੀ ਸਕਿਲਡ ਵਾਲੀ ਮਿਲਣੀ ਹੈ ਜੋ ਕਿ ਨਰੇਗਾ ਫੰਡ ਦੇ 40% ਮਟੀਰੀਅਲ ਵਾਲੇ ਹਿੱਸੇ ਤੋਂ ਉਜਰਤ ਦੇਣੀ ਹੈ।ਪਰ ਉਹਨਾਂ ਨੂੰ ਅਨਸਕਿਲਡ (ਲੇਬਰ) ਵਾਲੀ ਦਿਹਾੜੀ ਹੀ ਦਿੱਤੀ ਜਾਂਦੀ ਹੈ ਅਤੇ ਇਹ ਅਨਸਕਿਲਡ ਲੇਬਰ ਦੇ ਖਾਤੇ ਨੂੰ ਖੋਰਾ ਲਾਉਦੀ ਹੈ।ਮੇਟ ਦੀ ਉਜਰਤ ਕਿਸੇ ਵੀ ਸੂਰਤ ਵਿੱਚ ਅਨਸਕਿਲਡ ਹਿੱਸੇ ਵਿਚੋਂ ਪਾਉਣੀ ਬੰਦ ਕੀਤੀ ਜਾਵੇ।ਜੋ ਕਿ ਨਰੇਗਾ ਐਕਟ ਦੀ ਸ਼ਰੇਆਮ ਉਲੰਘਣਾ ਹੈ। ਇਹਨਾਂ ਸਾਰੇ ਮਸਲਿਆਂ ਅਤੇ ਨਰੇਗਾ ਨੂੰ ਪਾਰਦਰਸ਼ੀ ਢੰਗ ਨਾਲ ਚਲਵਾਉਣ ਲਈ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ।ਮੀਟਿੰਗ ਵਿੱਚ ਫੈਸਲੇ ਹੋਏ ਕਿ ਨਰੇਗਾ ਕਾਮਿਆਂ ਦੇ ਹੱਕਾਂ ਦੀ ਰਾਖੀ ਲਈ ਘੋਲ ਤੇਜ਼ ਕੀਤਾ ਜਾਵੇ। ਨਰੇਗਾ ਫੰਡ ਦੀ 60% ਰਾਸ਼ੀ ਜੋ ਨਰੇਗਾ ਲੇਬਰ ਲਈ ਰਾਖਵੀਂ ਹੈ, ਉਹ ਕੇਵਲ ਅਨਸਕਿਲਡ ਉਜਰਤਾਂ ਲਈ ਵਰਤੀ ਜਾਏ। ਮੇਟ ਨੂੰ ਪੂਰੀ ਉਜਰਤ ਸੈਮੀ ਸਕਿਲਡ ਰੇਟ ਜੋ 40% ਹਿੱਸੇ ਵਿਚੋਂ ਦਿੱਤਾ ਜਾਣਾ ਹੈ, ਇਸ ’ਤੇ ਅਮਲ ਕੀਤਾ ਜਾਵੇ, ਜਿੱਥੇ ਇਸ ਦਾ ਉਲੰਘਣ ਹੋਇਆਂ ਉੱਥੇ ਇਸ ਦੀ ਰਿਕਵਰੀ ਕੀਤੀ ਜਾਵੇ ਅਤੇ ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾਵੇ ।ਮੇਟ ਦੀ ਜ਼ਿੰਮੇਵਾਰੀ ਅਤੇ ਹੱਕਾਂ ਦੇ ਪ੍ਰਚਾਰ ਬੋਰਡ ਲਾਏ ਜਾਣ।ਉਜਰਤਾਂ ਦਾ ਭੁਗਤਾਨ ਨਰੇਗਾ ਨਿਯਮਾਂ ਅਨੁਸਾਰ 15 ਦਿਨਾਂ ਵਿੱਚ ਹੋਣਾ ਯਕੀਨੀ ਬਣਾਇਆ ਜਾਵੇ, ਲੇਟ ਹੋਣ ਦੀ ਸੂਰਤ ਵਿੱਚ ਹਰਜਾਨੇ ਦੀ ਭਰਪਾਈ ( ਸਵਾਇਆ ਅਤੇ ਡੂਢਾ) ਸਮੇਤ ਉਜਰਤ ਦਿੱਤੀ ਜਾਵੇ। ਇਸ ਤੋਂ ਇਲਾਵਾ ਨਰੇਗਾ ਮਜ਼ਦੂਰਾਂ ਦਾ ਦਿਹਾੜੀ 1000 ਰੁਪਏ, ਦਿਨਾਂ ਦੀ ਗਾਰੰਟੀ 200 ਦਿਨ ਕਰਵਾਉਣ, ਕੰਮ ’ਤੇ ਮਿਲਣ ਵਾਲ਼ੀਆਂ ਸਹੂਲਤਾਂ ਬਹਾਲ ਕਰਵਾਉਣ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਉਪਰੋਕਤ ਮੰਗਾਂ ਮਸਲਿਆਂ ਲਈ 25 ਜੁਲਾਈ ਨੂੰ ਪੰਜਾਬ ਵਿੱਚ ਜ਼ਿਲ੍ਹਾ ਪੱਧਰ ’ਤੇ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਨਰੇਗਾ ਮਜ਼ਦੂਰ ਸ਼ਕਤੀ ਪ੍ਰਦਰਸ਼ਨ ਕਰਨਗੇ। ਇਹਨਾਂ ਮੁਜ਼ਾਹਰਿਆਂ ਲਈ ਸੂਬਾ ਅਤੇ ਜ਼ਿਲ੍ਹਾ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਮੀਟਿੰਗ ਦੌਰਾਨ ਟਰੇਡ ਯੂਨੀਅਨਾਂ ਵੱਲੋਂ 9 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਵੀ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਕੁਲਦੀਪ ਸਿੰਘ ਭੋਲਾ, ਸ਼ੇਰ ਸਿੰਘ ਦੌਲਤਪੁਰਾ, ਵੀਰ ਸਿੰਘ, ਮਨਜੀਤ ਕੌਰ, ਪੱਪੀ ਢਿੱਲਵਾਂ, ਸ਼ਿਵਨਾਥ ਦਰਦੀ ਫਰੀਦਕੋਟ, ਜੁਗਰਾਜ ਸਿੰਘ ਬਰਨਾਲਾ, ਨਰਿੰਦਰ ਢਾਬਾਂ, ਕੁਲਦੀਪ ਫਾਜ਼ਿਲਕਾ, ਗੁਰਦਿਆਲ ਸਿੰਘ, ਨਰਿੰਦਰ ਅਲਗੋਂ ਤਰਨ ਤਾਰਨ, ਬੋਹੜ ਸਿੰਘ ਸੁਖਨਾ, ਬਿੰਦਰ ਸਿੰਘ ਮੁਕਤਸਰ, ਕਿਰਨਾਂ ਫ਼ਤਿਹਗੜ੍ਹ ਸਾਹਿਬ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।