ਅਬੋਹਰ : ਨਿਊ ਵੀਅਰ ਵੈੱਲ ਇੰਪੋਰੀਅਮ ਦੇ ਸਹਿ ਮਾਲਕ ਸੰਜੇ ਵਰਮਾ ਦੀ ਸੋਮਵਾਰ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ ਸ਼ਾਮਲ ਦੱਸੇ ਜਾਂਦੇ ਦੋ ਮੁਲਜ਼ਮ ਮੰਗਲਵਾਰ ਸ਼ਹਿਰ ਦੇ ਬਾਹਰਵਾਰ ਮੁਕਾਬਲੇ ਵਿੱਚ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇ ਮਸ਼ਹੂਰ ਟੇਲਰ ਨੂੰ ਗੋਲੀਆਂ ਮਾਰਨ ਵਾਲੇ ਸ਼ੂਟਰਾਂ ਨੂੰ ਭੱਜਣ ਵਿੱਚ ਮਦਦ ਕੀਤੀ ਸੀ। ਮਾਰੇ ਜਾਣ ਵਾਲਿਆਂ ਦੀ ਪਛਾਣ ਜਸਪ੍ਰੀਤ ਸਿੰਘ ਵਾਸੀ ਮਰਦਾਨਪੁਰ ਤੇ ਰਾਮ ਰਤਨ ਵਾਸੀ ਪਟਿਆਲਾ ਵਜੋਂ ਹੋਈ ਹੈ। ਮੁਕਾਬਲੇ ਦੌਰਾਨ ਇੱਕ ਪੁਲਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ। ਦੋਹਾਂ ਮੁਲਜ਼ਮਾਂ ਨੂੰ ਏ ਜੀ ਟੀ ਐੱਫ ਅਤੇ ਫਾਜ਼ਿਲਕਾ ਪੁਲਸ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਸੋਮਵਾਰ ਰਾਤ ਕਾਬੂ ਕੀਤਾ ਸੀ। ਪੁਲਸ ਉਨ੍ਹਾਂ ਨੂੰ ਹਥਿਆਰਾਂ ਦੀ ਰਿਕਵਰੀ ਲਈ ਲੈ ਕੇ ਗਈ ਸੀ, ਜਿਸ ਦੌਰਾਨ ਦੋਵਾਂ ਨੇ ਪੁਲਸ ’ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਦੌਰਾਨ ਉਨ੍ਹਾਂ ਗੋਲੀਆਂ ਚਲਾ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਸ ਦੀ ਗੋਲੀਬਾਰੀ ਦੌਰਾਨ ਮਾਰੇ ਗਏ।




