ਗੈਰ-ਕਾਨੂੰਨੀ ਕਾਲ ਸੈਂਟਰ ਦਾ ਪਰਦਾ ਫਾਸ਼, 6 ਗਿ੍ਰਫਤਾਰ

0
59

ਮੁਹਾਲੀ (ਗੁਰਜੀਤ ਬਿੱਲਾ)
ਮੁਹਾਲੀ ਪੁਲਸ ਨੇ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਇਕ ਕਾਲ ਸੈਂਟਰ ਦਾ ਪਰਦਾ ਫਾਸ਼ ਕੀਤਾ ਹੈ, ਜਿਸ ਦੌਰਾਨ 6 ਵਿਅਕਤੀਆਂ ਦੀ ਗਿ੍ਰਫ਼ਤਾਰੀ ਕੀਤੀ ਗਈ ਹੈ।ਕਪਤਾਨ ਪੁਲਸ (ਪੀ ਬੀ ਆਈ) ਦੀਪਿਕਾ ਸਿੰਘ ਅਨੁਸਾਰ ਇਹ ਗੈਰ-ਕਾਨੂੰਨੀ ਕਾਲ ਸੈਂਟਰ ਇੰਡਸਟਰੀਅਲ ਏਰੀਆ, ਫੇਸ 8-ਬੀ, ਮੁਹਾਲੀ ਵਿੱਚ ਰੋਹਿਤ ਮਹਿਰਾ ਨਾਂਅ ਦੇ ਵਿਅਕਤੀ ਵੱਲੋਂ ਚਲਾਇਆ ਜਾ ਰਿਹਾ ਸੀ।ਇਹ ਸੈਂਟਰ ਲਗਭਗ 8 ਤੋਂ 10 ਦਿਨ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਸੀ, ਪਰ ਏਨੇ ਥੋੜ੍ਹੇ ਸਮੇਂ ਵਿੱਚ ਹੀ ਇਹ ਗਰੋਹ ਕਰੀਬ 20,000 ਡਾਲਰ (ਅੰਦਾਜ਼ਨ 16 ਲੱਖ ਰੁਪਏ) ਦੀ ਠੱਗੀ ਕਰ ਚੁੱਕਾ ਸੀ।
ਉਨ੍ਹਾ ਦੱਸਿਆ ਕਿ ਤੁਰੰਤ ਕਾਰਵਾਈ ਕਰਦਿਆਂ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ 6 ਮੁਲਜ਼ਮਾਂ ਨੂੰ 6 ਲੈਪਟਾਪ ਅਤੇ 3 ਮੋਬਾਇਲ ਫੋਨਾਂ ਸਮੇਤ ਗਿ੍ਰਫਤਾਰ ਕੀਤਾ ਗਿਆ।ਇਹ ਵਿਦੇਸ਼ੀ ਨਾਗਰਿਕਾਂ ਨੂੰ ਗੂਗਲ ਐਡ ਰਾਹੀਂ ਆਪਣੇ ਜਾਲ ਵਿੱਚ ਫਸਾਉਦੇ ਸਨ ਅਤੇ ਝੂਠੇ ਮੈਸੇਜਾਂ ਜਾਂ ਪਾਪ-ਐਪਸ ਰਾਹੀਂ ਇਹ ਦੱਸਦੇ ਸਨ ਕਿ ਉਨ੍ਹਾਂ ਦੇ ਕੰਪਿਊਟਰ ਜਾਂ ਲੈਪਟਾਪ ਵਿੱਚ ਤਕਨੀਕੀ ਖ਼ਾਮੀ ਆ ਗਈ ਹੈ।ਫ਼ਿਰ ਉਨ੍ਹਾਂ ਤੋਂ ਆਪਣੇ ਨੰਬਰਾਂ ’ਤੇ ਕਾਲ ਕਰਵਾਈ ਜਾਂਦੀ ਸੀ, ਠੱਗੀ ਦੇ ਜਾਲ਼ ਵਿੱਚ ਫਸੇ ਵਿਅਕਤੀਆਂ ਨੂੰ ਐਂਟੀ-ਵਾਇਰਸ ਜਾਂ ਸਿਸਟਮ ਅੱਪਡੇਟ ਦੇ ਨਾਂਅ ’ਤੇ ਐਪਲ ਜਾਂ ਵਾਲਮਾਰਟ ਗਿਫਟ ਕਾਰਡ ਖਰੀਦਣ ਲਈ ਕਿਹਾ ਜਾਂਦਾ ਸੀ, ਜਿਸ ਦੇ ਕੋਡ ਲੈ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਜਾਂਦੀ ਸੀ।ਇਸ ਕਾਲ ਸੈਂਟਰ ਦਾ ਮਾਸਟਰ ਮਾਈਂਡ ਐਲਕਸ ਨਾਂਅ ਦਾ ਵਿਅਕਤੀ ਹੈ, ਜੋ ਫਿਲਹਾਲ ਪੁਲਸ ਦੀ ਗਿ੍ਰਫ਼ਤ ਤੋਂ ਬਾਹਰ ਹੈ। ਪੁਲਸ ਦਾ ਕਹਿਣਾ ਹੈ ਕਿ ਉਸ ਨੂੰ ਜਲਦ ਹੀ ਗਿ੍ਰਫ਼ਤਾਰ ਕਰ ਲਿਆ ਜਾਵੇਗਾ।ਗਿ੍ਰਫਤਾਰ ਮੁਲਜ਼ਮਾਂ ਵਿੱਚ ਰੋਹਿਤ ਮਹਿਰਾ ਭਾਗ ਕਲਾਂ, ਲੁਧਿਆਣਾ, ਅਨਵਰ ਰੋਡਰਿਕਸ (ਗੋਆ) ਹਾਲ ਵਾਸੀ ਜ਼ੀਰਕਪੁਰ, ਸੋਮਦੇਵ ਕੋਲਕਾਤਾ, ਹਾਲ ਵਾਸੀ ਜ਼ੀਰਕਪੁਰ, ਬੁੱਧਾ ਭੂਸ਼ਨ ਕਮਲੇ ਪੁੱਤਰ ਸਾਹਿਬ ਪੂਨੇ, ਹਾਲ ਵਾਸੀ ਜ਼ੀਰਕਪੁਰ, ਐਥਨੀ ਗੌਮਸ ਪੁੱਤਰ ਰੇਸਮੀ ਕੋਲਕਾਤਾ ਹਾਲ ਵਾਸੀ ਜ਼ੀਰਕਪੁਰ ਅਤੇ ਜੀਤੇਸ਼ ਕੁਮਾਰ ਲੁਧਿਆਣਾ ਸ਼ਾਮਲ ਹਨ।