ਸ਼ਾਹਕੋਟ (ਗਿਆਨ ਸੈਦਪੁਰੀ)
ਇਨ੍ਹੀਂ ਦਿਨੀ ਸ਼ਾਹਕੋਟ ਦੀ ਸਿਆਸਤ ਚੰਗੇ ਰੌਂਅ ’ਚ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੇ ਸਿਆਸੀ ਰੁਤਬੇ ਨੂੰ ਵਧਾਇਆ ਹੈ ਤੇ ਕੋਹਾੜ ਦੇ ਸਿਆਸੀ ਹਮਰਾਹਾਂ ਵੱਲੋਂ ਵਧਾਈਆਂ ਦਾ ਸਿਲਸਿਲਾ ਨਿਰੰਤਰ ਜਾਰੀ ਹੈ।
ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਨਵੇਂ ਕਾਰਜਕਾਰੀ ਪ੍ਰਧਾਨ ਵਜੋਂ ਅਸ਼ਵਨੀ ਸ਼ਰਮਾ ਦੀ ਨਿਯੁਕਤੀ ’ਤੇ ਸਥਾਨਕ ਭਾਜਪਾਈ ਖੁਸ਼ ਹਨ। ਭਾਜਪਾ ਦੇ ਹਲਕਾ ਕੋਆਰਡੀਨੇਟਰ ਦੀਪਕ ਸ਼ਰਮਾ ਨੇ ਲੀਡਰਸ਼ਿਪ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਉਹ ਭਾਜਪਾ ਲਈ ਸ਼ੁਭ ਸ਼ਗਨ ਮੰਨਦੇ ਹਨ। ਭਾਜਪਾ ਮੰਡਲ ਸ਼ਾਹਕੋਟ ਵੱਲੋਂ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ ਪਿੰਡਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ।
ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਸਰਗਰਮ ਹੈ। ਕੁਝ ਸਥਾਨਕ ਆਗੂਆਂ ਨੂੰ ਨਵੇਂ ਅਹੁਦੇ ਦੇ ਕੇ ਪਾਰਟੀ ਨੇ ਉਹਨਾਂ ਦੀ ਹੌਸਲਾ-ਅਫਜ਼ਾਈ ਕੀਤੀ ਹੈ। ਕੁਝ ਹੋਰ ਕਾਰਕੁਨਾਂ ਅੰਦਰ ਮਾਣ ਬਖਸ਼ੇ ਜਾਣ ਦੀ ਆਸ ਅੰਗੜਾਈ ਲੈ ਰਹੀ ਹੈ।
ਕਾਂਗਰਸ ਪਾਰਟੀ ਦੀ ਸਥਾਨਕ ਸਿਆਸਤ ਹਮੇਸ਼ਾ ਵਾਂਗ ਚੁਸਤ-ਦਰੁਸਤ ਹੈ। ਨਗਰ ਪੰਚਾਇਤ ’ਤੇ ਕਾਂਗਰਸ ਪਾਰਟੀ ਕਾਬਜ਼ ਹੈ। ਇਸ ਕਾਰਨ ਕਈ ਵਾਰ ਕਾਂਗਰਸ ਅਤੇ ‘ਆਪ’ ਵਿੱਚ ਕਾਟੋ-ਕਲੇਸ਼ ਵੀ ਪੈਦਾ ਹੋ ਜਾਂਦਾ ਹੈ। ਇਸ ਨਾਲ ਸਗੋਂ ਦੋਹਾਂ ਧਿਰਾਂ ਦੀ ਸਰਗਰਮੀ ਹੋਰ ਵਧ ਜਾਂਦੀ ਹੈ।
ਦੂਸਰੇ ਪਾਸੇ ਸ਼ਹਿਰ ਦੇ ਕੁਝ ਸਮਾਜਿਕ ਪੱਖਾਂ ਵੱਲ ਨਜ਼ਰ ਮਾਰੀਏ ਤਾਂ ਸੁਰਜੀਤ ਪਾਤਰ ਦੀ ਇੱਕ ਗਜ਼ਲ ਦਾ ਸ਼ੇਅਰ ‘ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ, ਇਹ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ’, ਜ਼ਿਹਨ ਮੱਲ ਖਲੋਂਦਾ ਹੈ। ਸ਼ਹਿਰ ਦੇ ਵਾਲਮੀਕ ਚੌਕ ਵਿੱਚ ਹਰ ਰੋਜ਼ ਦਰਜਨਾਂ ਮਜ਼ਦੂਰ ਕੰਮ ਦੀ ਆਸ ਵਿੱਚ ਇਕੱਤਰ ਹੁੰਦੇ ਹਨ।
ਦਸ ਕੁ ਵਜੇ ਤੱਕ ਜਿਨ੍ਹਾਂ ਦੀ ਕੰਮ ਦੀ ਆਸ ਮੁੱਕ ਜਾਂਦੀ ਹੈ, ਉਹ ਪਰੇਸ਼ਾਨੀ ਦੇ ਆਲਮ ਵਿੱਚ ਡੁੱਬੇ ਨਜ਼ਰ ਆਉਦੇ ਹਨ। ਰੋਟੀ ਦੇ ਡੱਬੇ ਲੈ ਕੇ ਜਦੋਂ ਉਹ ਘਰਾਂ ਨੂੰ ਪਰਤਦੇ ਹਨ ਤਾਂ ਇੱਕ ‘ਚੀਸ’ ਵੀ ਉਨ੍ਹਾਂ ਦੇ ਨਾਲ ਤੁਰਦੀ ਹੈ।
ਕੰਮਾਂ ਦੇ ਮਾਮਲੇ ਵਿੱਚ ਸਥਾਨਕ ਤੇ ਪ੍ਰਵਾਸੀ ਮਜ਼ਦੂਰਾਂ ਦਰਮਿਆਨ ਕਸ਼ੀਦਗੀ ਪੈਦਾ ਹੁੰਦੀ ਵੀ ਅਕਸਰ ਵੇਖੀ ਜਾਂਦੀ ਹੈ। ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਬਣੇ ਨਸ਼ਾ ਛੁਡਾਊ ਕੇਂਦਰ ਵਿੱਚ ਸੈਂਕੜੇ ਨੌਜਵਾਨ ਹਰ ਰੋਜ਼ ਕਤਾਰਾਂ ’ਚ ਖੜ ਕੇ ਗੋਲੀ ਦੀ ਭੀਖ ਮੰਗਦੇ ਹਨ। ਇਸ ਮਾਮਲੇ ਦੇ ਜਾਣਕਾਰ ਕੋਲੋਂ ਪਤਾ ਲੱਗਾ ਕਿ ਇਸ ਵਰਤਾਰੇ ਨਾਲ ਨਸ਼ੇ ਦੀ ਲੱਤ ਹਟਦੀ ਨਹੀਂ, ਸਗੋਂ ਕਤਾਰਾਂ ਹੋਰ ਲੰਮੀਆਂ ਹੋਈ ਜਾਂਦੀਆਂ ਹਨ।
ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਦੇ ਕਈ ਘਰਾਂ ਵਿੱਚ ਪਿਓ, ਪੁੱਤ ਅਤੇ ਪੋਤਿਆਂ ਦੀਆਂ ਜਿਉਦੀਆਂ ‘ਲਾਸ਼ਾਂ’ ਅਕਸਰ ਨਜ਼ਰ ਆ ਜਾਂਦੀਆਂ ਹਨ। ਉਹਨਾਂ ਘਰਾਂ ਦੀਆਂ ਔਰਤਾਂ ਦਾ ਦਰਦ ਬਸ ਉਹ ਜਾਣਦੀਆਂ ਹਨ। ਇਸੇ ਇਲਾਕੇ ਦੇ ਇੱਕ ਪਿੰਡ ਦੇ ਘਰ ਦੀ ‘ਕਹਾਣੀ’ ਦੱਸਦਿਆਂ ਵੀ ਕਚ੍ਹਿਆਣ ਆਉਦੀ ਹੈ। ‘ਸੱਚ ਕਹਾਂ ਤਾਂ ਭਾਂਬੜ ਮਚਦਾ ਏ, ਚੁੱਪ ਰਹਾਂ ਤਾਂ ਕੁਝ ਨਾ ਬਚਦਾ ਏ।’
ਉਕਤ ਦੱਸੇ ਗਏ ਪਿੰਡ ਦੇ ਘਰ ਦੀ ਔਰਤ ਘਰ ਦਾ ਬੰਦਾ ਛੱਡ ਕੇ ਕਿਸੇ ਹੋਰ ਬੰਦੇ ਨਾਲ ਰਹਿਣ ਲੱਗ ਪਈ। ਕੁਝ ਸਾਲਾਂ ਬਾਅਦ ਉਹ ‘ਹੋਰ ਬੰਦਾ’ ਉਸ ਔਰਤ ਦੀ ਪਹਿਲੀ ਧੀ ਨੂੰ ਉਧਾਲ ਕੇ ਲੈ ਗਿਆ ਤੇ ਹੁਣ ਅਧੇੜ ਉਮਰ ਦੀ ਔਰਤ ਉਧੜੀ ਗੁਧੜੀ ਘੁੰਮਦੀ ਵੇਖੀ ਜਾ ਸਕਦੀ ਹੈ। ਇਸ ਸ਼ਹਿਰ ਦੇ ਸ਼ਾਇਰ ਮਰਹੂਮ ਫਤਿਹਜੀਤ ਦਾ ਘਰ ਵਿਰਾਸਤੀ ਦੀ ਮੁੱਲ ਪੈਣ ਦੀ ਉਡੀਕ ਵਿੱਚ ਹੈ। ਕੀ ਇਸ ਤਰ੍ਹਾਂ ਹੋ ਸਕੇਗਾ?




