ਅੰਮਿ੍ਰਤਸਰ : ਸੀ ਪੀ ਆਈ ਦੀ ਕੁੱਲ ਹਿੰਦ ਕਾਂਗਰਸ, ਜੋ 21 ਤੋਂ 25 ਸਤੰਬਰ ਨੂੰ ਚੰਡੀਗੜ੍ਹ ਵਿਖੇ ਹੋ ਰਹੀ ਹੈ, ਦੀਆਂ ਤਿਆਰੀਆਂ ਤੇ ਪ੍ਰਚਾਰ ਦੇ ਸੰਬੰਧ ਵਿੱਚ ਪੁਤਲੀਘਰ ਏਕਤਾ ਭਵਨ ਵਿਖੇ ਦਵਿੰਦਰ ਸੋਹਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।
ਮੀਟਿੰਗ ਵਿੱਚ ਜ਼ਿਲ੍ਹਾ ਅੰਮਿ੍ਰਤਸਰ, ਤਰਨ ਤਾਰਨ, ਜਲੰਧਰ, ਨਵਾਂ ਸਹਿਰ ਅਤੇ ਅੰਮਿ੍ਰਤਸਰ ਦਿਹਾਤੀ ਦੇ ਕਾਮਰੇਡ ਸ਼ਾਮਲ ਹੋਏ। ਸੂਬਾ ਪਾਰਟੀ ਵੱਲੋਂ ਸੂਬਾ ਸਕੱਤਰ ਬੰਤ ਸਿੰਘ ਬਰਾੜ, ਕੌਮੀ ਕੌਂਸਲ ਮੈਂਬਰਾਂ ਪਿਰਥੀਪਾਲ ਸਿੰਘ ਮਾੜੀਮੇਘਾ ਤੇ ਅਮਰਜੀਤ ਸਿੰਘ ਆਸਲ, ਦੇਵੀ ਕੁਮਾਰੀ ਸੂਬਾ ਸਕੱਤਰੇਤ ਮੈਂਬਰ, ਸੂਬਾ ਕਾਰਜਕਾਰਨੀ ਦੇ ਮੈਂਬਰ ਲਖਬੀਰ ਸਿੰਘ ਨਿਜ਼ਾਮਪੁਰਾ, ਦਵਿੰਦਰ ਸੋਹਲ, ਦਸਵਿੰਦਰ ਕੌਰ ਤੇ ਮਹਿੰਦਰਪਾਲ ਸਿੰਘ ਮੁਹਾਲੀ, ਸੀ ਪੀ ਆਈ ਜਲੰਧਰ ਜ਼ਿਲ੍ਹੇ ਦੇ ਸਕੱਤਰ ਰਛਪਾਲ ਕੈਲੇ, ਸੀ ਪੀ ਆਈ ਨਵਾਂ ਸ਼ਹਿਰ ਜ਼ਿਲ੍ਹੇ ਦੇ ਸਕੱਤਰ ਨਰਿੰਜਨ ਦਾਸ, ਸੂਬਾ ਕੌਂਸਲ ਮੈਂਬਰ ਬਲਕਾਰ ਸਿੰਘ ਵਲਟੋਹਾ ਤੇ ਮੰਗਲ ਸਿੰਘ ਖੁਜਾਲਾ ਸਾਮਲ ਹੋਏ। ਮੀਟਿੰਗ ਤੋਂ ਬਾਅਦ ਬੰਤ ਸਿੰਘ ਬਰਾੜ ਨੇ ਕਿਹਾ ਕਿ ਭਾਰਤ ਦੇ ਅਜੋਕੇ ਹਾਲਾਤ ਵਿੱਚ ਹੋ ਰਹੀ ਚੰਡੀਗੜ੍ਹ ਪਾਰਟੀ ਕਾਂਗਰਸ ਦੀ ਬਹੁਤ ਮਹੱਤਤਾ ਹੈ, ਜਿਸ ਨੇ 5 ਦਿਨ ਵਿਚਾਰਾਂ ਕਰਨ ਤੋਂ ਬਾਅਦ ਦੇਸ਼ ਦੀ ਜਨਤਾ ਨੂੰ ਖੁਸ਼ਹਾਲ ਬਣਾਉਣ ਦਾ ਪ੍ਰੋਗਰਾਮ ਦੇਣਾ ਹੈ।
ਉਨ੍ਹਾ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਜਲ, ਜੰਗਲ, ਜ਼ਮੀਨ ਕੌਡੀਆਂ ਦੇ ਭਾਅ ਵੇਚਣ ਵਾਸਤੇ ਮਾਓਵਾਦੀਆਂ ਦਾ ਖਾਤਮਾ ਅਤੇ ਆਦਿਵਾਸੀਆਂ ਨੂੰ ਜੰਗਲਾਂ ਚੋਂ ਉਜਾੜ ਰਹੀ ਹੈ। ਮੋਦੀ-ਸ਼ਾਹ ਦੀ ਜੁੰਡਲੀ ਨੇ ਸੈਂਕੜੇ ਪਿੰਡ ਆਦਿਵਾਸੀਆਂ ਦੇ ਉਜਾੜ ਕੇ ਉਨ੍ਹਾਂ ਨੂੰ ਕੈਂਪਾਂ ਵਿੱਚ ਸ਼ਰਨ ਦਿੱਤੀ ਹੋਈ ਹੈ। ਜੰਗਲਾਂ ਦਾ ਵੱਡਾ ਹਿੱਸਾ ਕਾਰਪੋਰੇਟ ਹਵਾਲੇ ਕਰ ਦਿੱਤਾ ਗਿਆ ਹੈ। ਜੰਗਲ ਵਿੱਚ ਪਾਏ ਜਾ ਰਹੇ ਕੁਦਰਤੀ ਖਣਿਜ ਪਦਾਰਥ ਵੀ ਦੇਸੀ-ਵਿਦੇਸ਼ੀ ਕਾਰਪੋਰੇਟ ਲੁੱਟ ਰਹੇ ਹਨ। ਬਰਾੜ ਨੇ ਕਿਹਾ ਕੇਂਦਰੀ ਹਕੂਮਤ ਦਾ ਇਹ ਵਰਤਾਰਾ ਫੌਰੀ ਤੌਰ ’ਤੇ ਬੰਦ ਹੋਣਾ ਚਾਹੀਦਾ ਹੈ।
ਪਿਰਥੀਪਾਲ ਸਿੰਘ ਮਾੜੀਮੇਘਾ ਤੇ ਅਮਰਜੀਤ ਸਿੰਘ ਆਸਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਰਾਹੀਂ ਮੁੱਖ ਸ਼ਹਿਰਾਂ ਦੇ ਨਜ਼ਦੀਕ ਵਾਲੇ ਕਿਸਾਨਾਂ ਦੀ ਜ਼ਮੀਨ ਇਕੁਆਇਰ ਕਰਕੇ ਨਵੀਂਆਂ ਕਾਲੋਨੀਆਂ ਵਸਾਉਣਾ ਠੀਕ ਨਹੀਂ। ਸਰਕਾਰ ਇਮਾਰਤਾਂ ਬਣਾਉਣ ਵਾਸਤੇ ਵੱਡੀਆਂ-ਵੱਡੀਆਂ ਫਰਮਾਂ ਤੋਂ ਪੈਸਾ ਬਟੋਰੇਗੀ। ਗਰੀਬ ਕਿਸਾਨਾਂ ਨੂੰ ਜੋ ਜ਼ਮੀਨ ਇਕੁਆਇਰ ਕਰਨ ਦਾ ਪੈਸਾ ਮਿਲੇਗਾ, ਉਹ ਘਰਾਂ ਵਿੱਚ ਖਾ ਕੇ ਜ਼ਮੀਨ ਤੋਂ ਵਾਂਝੇ ਹੋ ਜਾਣਗੇ। ਸਰਕਾਰ ਇਹ ਸਕੀਮ ਬੰਦ ਕਰੇ। ਪੰਜਾਬ ਦੇ ਹਾਲਾਤ ਠੀਕ ਨਹੀਂ ਹਨ ਤੇ ਗੁੰਡਾ ਤੇ ਲੁਟੇਰੇ ਗਰੋਹਾਂ ਦੀ ਭਰਮਾਰ ਹੈ। ਦਿਨ-ਦਿਹਾੜੇ ਕਤਲ ਹੋ ਰਹੇ ਹਨ। ਪੰਜਾਬ ਸਰਕਾਰ ਗੁੰਡਾਗਰਦੀ ਨੂੰ ਨੱਥ ਪਾਵੇ। ਆਗੂਆਂ ਕਿਹਾ ਕਿ ਕਾਂਗਰਸ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ 4 ਅਗਸਤ ਨੂੰ ਗੁਰੂਆਂ ਦੀ ਧਰਤੀ ’ਤੇ ਅੰਮਿ੍ਰਤਸਰ ਵਿਖੇ ਔਰਤਾਂ ਦੀਆਂ ਸਮੱਸਿਆਵਾਂ ’ਤੇ ਸੈਮੀਨਾਰ ਹੋਵੇਗਾ, ਜਿਸ ਵਿੱਚ ਤਰਨ ਤਾਰਨ, ਅੰਮਿ੍ਰਤਸਰ, ਗੁਰਦਾਸਪੁਰ ਤੇ ਪਠਾਨਕੋਟ ਦੀਆਂ ਔਰਤਾਂ ਸ਼ਾਮਲ ਹੋਣਗੀਆਂ। ਇਸੇ ਤਰ੍ਹਾਂ 21 ਅਗਸਤ ਨੂੰ ਕਾਂਗਰਸ ਦੇ ਪ੍ਰਚਾਰ ਲਈ ਬਾਬਾ ਸੋਹਣ ਸਿੰਘ ਭਕਨਾ ਦੀ ਯਾਦਗਾਰ ਭਕਨੇ ਤੋਂ ਜਥਾ ਆਰੰਭ ਹੋਵੇਗਾ। ਇਹ ਜਥਾ ਭਕਨੇ ਤੋਂ ਝਬਾਲ, ਤਰਨ ਤਾਰਨ, ਵੇਈਂਪੂਈਂ, ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਗਰ ਖਡੂਰ ਸਾਹਿਬ, ਅੰਮਿ੍ਰਤਸਰ ਸ਼ਹਿਰ ਤੇ ਦਿਹਤੀ ਇਲਾਕਾ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਅਤੇ ਖਟਕੜ ਕਲਾਂ ਵਿਖੇ ਸ਼ਹੀਦਾਂ ਦੇ ਨਤਮਸਤਕ ਹੋ ਕੇ ਸਮਾਪਤੀ ਕਰੇਗਾ।





