ਲਖਨਊ : ਯੂ ਪੀ ਪੁਲਸ ਦੇ ਆਰਥਕ ਅਪਰਾਧ ਰੋਕੂ ਵਿੰਗ (ਈ ਓ ਡਬਲਿਊ) ਨੇ ਦੋ ਵੱਡੇ ਵਿੱਤੀ ਧੋਖਾਧੜੀ ਮਾਮਲਿਆਂ ਵਿੱਚ ਸ਼ਾਮਲ ਮੁੱਖ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ, ਜਿਨ੍ਹਾਂ ਨਿਵੇਸ਼ਕਾਂ ਨਾਲ ਸਮੂਹਕ ਤੌਰ ’ਤੇ ਹਜ਼ਾਰਾਂ ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ। ਉਸ ਨੇ ਪੰਜਾਬ ਦੇ ਰੋਪੜ ਜ਼ਿਲ੍ਹੇ ਤੋਂ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀ ਏ ਸੀ ਐੱਲ) ਦੇ ਇੱਕ ਸੰਚਾਲਕ ਗੁਰਨਾਮ ਸਿੰਘ ਨੂੰ ਗਿ੍ਰਫਤਾਰ ਕੀਤਾ ਹੈ। ਪੀ ਏ ਸੀ ਐੱਲ, ਜੋ ਪਹਿਲਾਂ ਗੁਰਵੰਤ ਐਗਰੋਟੈਕ ਲਿਮਟਿਡ ਵਜੋਂ ਜਾਣੀ ਜਾਂਦੀ ਸੀ, ਰਾਜਸਥਾਨ ਦੇ ਜੈਪੁਰ ਵਿੱਚ ਰਜਿਸਟਰਡ ਸੀ ਅਤੇ ਬਾਅਦ ਵਿੱਚ ਇਸ ਦਾ ਨਾਂਅ ਬਦਲ ਦਿੱਤਾ ਗਿਆ। ਕੰਪਨੀ ਨੇ ਕਥਿਤ ਤੌਰ ’ਤੇ ਯੂ ਪੀ ਸਮੇਤ 10 ਰਾਜਾਂ ਵਿੱਚ ਸ਼ਾਖਾਵਾਂ ਖੋਲ੍ਹੀਆਂ ਅਤੇ ਰਿਜ਼ਰਵ ਬੈਂਕ ਆਫ ਇੰਡੀਆ ਐਕਟ, 1934 ਦੇ ਤਹਿਤ ਗੈਰ-ਬੈਂਕਿੰਗ ਵਿੱਤੀ ਕੰਪਨੀ (ਐੱਨ ਬੀ ਐੱਫ ਸੀ) ਤਹਿਤ ਰਜਿਸਟਰੇਸ਼ਨ ਪ੍ਰਾਪਤ ਕੀਤੇ ਬਿਨਾਂ ਬੈਂਕਿੰਗ ਕਾਰਜ ਸ਼ੁਰੂ ਕੀਤੇ।
ਈ ਓ ਡਬਲਿਊ ਦੀ ਡਾਇਰੈਕਟਰ ਜਨਰਲ ਨੀਰਾ ਰਾਵਤ ਨੇ ਕਿਹਾ, ‘ਕੰਪਨੀ ’ਤੇ ਆਰ ਡੀ (ਆਵਰਤੀ ਜਮ੍ਹਾਂ ਰਕਮ) ਅਤੇ ਐੱਫ ਡੀ (ਮਿਆਦੀ ਜਮ੍ਹਾਂ ਰਕਮ) ਦੇ ਬਦਲੇ ਆਕਰਸ਼ਕ ਯੋਜਨਾਵਾਂ ਨੂੰ ਉਤਸ਼ਾਹਤ ਕਰਕੇ ਅਤੇ ਜ਼ਮੀਨ ਦੇ ਪਲਾਟਾਂ ਦਾ ਵਾਅਦਾ ਕਰਕੇ ਯੂ ਪੀ ਦੇ ਮਹੋਬਾ, ਸੁਲਤਾਨਪੁਰ, ਫਰੂਖਾਬਾਦ ਅਤੇ ਜਲੌਨ ਸਮੇਤ ਹੋਰਨਾਂ ਰਾਜਾਂ ਦੇ ਨਿਵੇਸ਼ਕਾਂ ਤੋਂ ਲਗਭਗ 49,000 ਕਰੋੜ ਰੁਪਏ ਇਕੱਠੇ ਕਰਨ ਦਾ ਦੋਸ਼ ਹੈ। ਹਾਲਾਂਕਿ, ਕੰਪਨੀ ਨੇ ਬਾਅਦ ਵਿੱਚ ਨਾ ਤਾਂ ਪਲਾਟ ਪ੍ਰਦਾਨ ਕੀਤੇ ਅਤੇ ਨਾ ਹੀ ਜਮ੍ਹਾਂ ਕੀਤੇ ਫੰਡ ਵਾਪਸ ਕੀਤੇ, ਇਸ ਦੇ ਸੰਚਾਲਕ ਦਫਤਰ ਬੰਦ ਕਰਨ ਤੋਂ ਬਾਅਦ ਫਰਾਰ ਹੋ ਗਏ।’ ਯੂ ਪੀ ਸਰਕਾਰ ਨੇ ਜਲੌਨ ਜ਼ਿਲ੍ਹੇ ਵਿੱਚ ਪੀ ਏ ਸੀ ਐੱਲ ਕੰਪਨੀ ਦੀ ਸ਼ਾਖਾ ਦੀ ਜਾਂਚ ਈ ਓ ਡਬਲਿਊ ਨੂੰ ਸੌਂਪੀ ਸੀ। ਗੁਰਨਾਮ ਸਿੰਘ, ਜੋ ਇਸ ਮਾਮਲੇ ਵਿੱਚ ਨਾਮਜ਼ਦ 10 ਮੁਲਜ਼ਮਾਂ ਵਿੱਚੋਂ ਇੱਕ ਸੀ, ਨੂੰ ਡੀ ਓ ਡਬਲਿਊ ਟੀਮ ਨੇ 9 ਜੁਲਾਈ ਨੂੰ ਗਿ੍ਰਫਤਾਰ ਕੀਤਾ। ਚਾਰ ਹੋਰ ਮੁਲਜ਼ਮ, ਜੋ ਸੀ ਬੀ ਆਈ ਮਾਮਲਿਆਂ ਵਿੱਚ ਵੀ ਲੋੜੀਂਦੇ ਸਨ, ਪਹਿਲਾਂ ਹੀ ਗਿ੍ਰਫਤਾਰ ਕੀਤੇ ਜਾ ਚੁੱਕੇ ਹਨ ਅਤੇ ਇਸ ਵੇਲੇ ਤਿਹਾੜ ਜੇਲ੍ਹ ਵਿੱਚ ਬੰਦ ਹਨ। ਇੱਕ ਹੋਰ ਮਹੱਤਵਪੂਰਨ ਘਟਨਾਕ੍ਰਮ ਵਿੱਚ ਈ ਓ ਡਬਲਿਊ ਨੇ ਇੱਕ ਭਗੌੜੇ ਮੁਲਜ਼ਮ ਪ੍ਰੇਮ ਪ੍ਰਕਾਸ਼ ਸਿੰਘ ਨੂੰ ਵੀ-ਕੇਅਰ ਮਲਟੀਟਰੇਡ ਪ੍ਰਾ. ਲਿਮਟਿਡ ਵੱਲੋਂ ਕੀਤੀ ਗਈ 250 ਕਰੋੜ ਰੁਪਏ ਦੀ ਧੋਖਾਧੜੀ ਦੇ ਸੰਬੰਧ ਵਿੱਚ ਗਿ੍ਰਫਤਾਰ ਕੀਤਾ ਹੈ।


